''AC ਵਾਲੇ ਕਮਰੇ ਛੱਡ ਜਨਤਾ ''ਚ ਜਾਓ'', ਪੰਜਾਬ ਭਾਜਪਾ ਦੇ ਲੀਡਰਾਂ ਨੂੰ ਨਿਤਿਨ ਨਬੀਨ ਨੇ ਦਿੱਤਾ ਜਿੱਤ ਦਾ ਮੰਤਰ
Monday, Jun 22, 2026 - 01:54 PM (IST)
ਲੁਧਿਆਣਾ (ਗੁਪਤਾ): ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਦੌਰੇ ਦੇ ਤੀਜੇ ਦਿਨ ਜਥੇਬੰਦਕ ਬੈਠਕਾਂ 'ਤੇ ਜ਼ੋਰ ਦਿੰਦਿਆਂ ਲੁਧਿਆਣਾ ਵਿਚ ਭਾਜਪਾ ਦੇ ਸੀਨੀਅਰ ਲੀਡਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ, ਸੂਬਾਈ ਕਮੇਟੀ ਦੇ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਬੈਠਕ ਵਿਚ ਆਮ ਆਦਮੀ ਪਾਰਟੀ ਤੋਂ ਰਿਸ਼ਤਾ ਤੋੜ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਰਜਿੰਦਰ ਗੁਪਤਾ ਵੀ ਸ਼ਾਮਲ ਹੋਏ।

ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਸਰਕਾਰ ਬਣਾ ਸਕਦੀ ਹੈ, ਪਰ ਇਸ ਲਈ ਸਾਰੇ ਲੀਡਰਾਂ ਨੂੰ ਵਿਧਾਨ ਸਭਾ ਪੱਧਰ 'ਤੇ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਪੈਣਗੀਆਂ ਤੇ ਬੂਥ ਕਮੇਟੀਆਂ ਦਾ ਗਠਨ ਕਰ ਕੇ ਹਰ ਇਕ ਵੋਟਰ ਤਕ ਪਹੁੰਚ ਬਣਾਉਣੀ ਪਵੇਗੀ। ਨਿਤਿਨ ਨਬੀਨ ਨੇ ਸਾਫ਼ ਤੌਰ 'ਤੇ ਕਿਹਾ ਕਿ ਸੰਗਠਨ ਦੇ ਕੰਮ ਕੀਤੇ ਬਿਨਾਂ ਪੰਜਾਬ ਵਿਚ ਸਰਕਾਰ ਬਣਾਉਣਾ ਦਿਨ ਵਿਚ ਸੁਪਨਾ ਵੇਖਣ ਵਾਂਗ ਹੈ।
ਸੂਤਰਾਂ ਮੁਤਾਬਕ, ਨਿਤਿਨ ਨਬੀਨ ਨੇ ਸਾਰੇ ਲੀਡਰਾਂ ਨੂੰ ਕਿਹਾ ਕਿ ਉਹ AC ਵਾਲੇ ਕਮਰੇ ਛੱਡ ਕੇ ਜਨਤਾ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ, ਕਿਉਂਕਿ ਲੋਕਤੰਤਰ ਵਿਚ ਜਨਤਾ ਹੀ ਮਾਲਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਲੀਡਰ ਪੰਜਾਬ ਦੀ ਜਨਤਾ ਨਾਲ ਗੱਲ ਕਰ ਕੇ ਸੂਬੇ ਵਿਚ ਇਕ ਵਾਰ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੇਖ ਚੁੱਕੀ ਹੈ ਤੇ ਉਹ ਭਾਰਤੀ ਜਨਤਾ ਪਾਰੀਟ ਨੂੰ ਮੌਕਾ ਜ਼ਰੂਰ ਦੇਵੇਗੀ। ਮੀਟਿੰਗ ਵਿਚ ਕੇਵਲ ਸਿੰਘ ਢਿੱਲੋਂ, ਇਕਬਾਲ ਸਿੰਘ ਲਾਲਪੁਰਾ, ਸੁਨੀਲ ਜਾਖੜ, ਤਰੁਣ ਚੁੱਘ, ਸੌਦਾਨ ਸਿੰਘ, ਨਰਿੰਦਰ ਰੈਨਾ, ਅਸ਼ਵਨੀ ਸ਼ਰਮਾ, ਫ਼ਤਿਹਜੰਗ ਬਾਜਵਾ, ਸ਼ਵੇਤ ਮਲਿਕ, ਅਵਿਨਾਸ਼ ਰਾਏ ਖੰਨਾ, ਕੇ. ਡੀ. ਭੰਡਾਰੀ, ਸੋਮਪ੍ਰਕਾਸ਼, ਗੁਰਦੇਵ ਸ਼ਰਮਾ ਦੇਬੀ, ਮਨਪ੍ਰੀਤ ਸਿੰਘ ਬਾਦਲ, ਮੰਜੀਤ ਸਿੰਘ, ਅਨਿਲ ਸਰੀਨ, ਸੁਸ਼ੀਲ ਰਿੰਕੂ, ਸੂਰਜ ਭਾਰਦਵਾਜ, ਜੈਇੰਦਰ ਕੌਰ, ਰਜਨੀਸ਼ ਧੀਮਾਨ ਵੀ ਹਾਜ਼ਰ ਸਨ।
