ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ 11 ਗੱਡੀਆਂ ਦੇ ਤੋਡ਼ੇ ਸ਼ੀਸ਼ੇ
Monday, Oct 22, 2018 - 07:12 AM (IST)

ਚੰਡੀਗਡ਼੍ਹ, (ਲਲਨ)- ਚੰਡੀਗਡ਼੍ਹ ਰੇਲਵੇ ਸਟੇਸ਼ਨ ਨੂੰ ਜਿਥੇ ਅਧਿਕਾਰੀਆਂ ਵਲੋਂ ਸੰਵੇਦਨਸ਼ੀਲ ਸਟੇਸ਼ਨਾਂ ’ਚ ਨਹੀਂ ਗਿਣਿਆ ਜਾਂਦਾ ਹੈ, ਉਥੇ ਹੀ ਦੂਜੇ ਪਾਸੇ ਇਸ ਸਬੰਧੀ ਰੇਲਵੇ ’ਚ ਸੁਰੱਖਿਆ ਦੇ ਇੰਤਜ਼ਾਮ ਨਾਂਹ ਦੇ ਬਰਾਬਰ ਹਨ। ਗੱਲ ਰੇਲਵੇ ਸਟੇਸ਼ਨ ਦੇ ਅੰਦਰ ਦੀ ਹੋਵੇ ਜਾਂ ਰੇਲਵੇ ਸਟੇਸ਼ਨ ਦੇ ਬਾਹਰ ਦੀ, ਸੁਰੱਖਿਆ ਦੇ ਨਾਂ ’ਤੇ ਰੇਲਵੇ ਸਟੇਸ਼ਨ ’ਤੇ ਸਿਰਫ਼ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਇੰਝ ਹੀ ਇਕ ਮੰਜਰ ਨੇ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਸੁਰੱਖਿਆ ਅਧਿਕਾਰੀਆਂ ਦੇ ਵੀ ਹੋਸ਼ ਉਡਾ ਦਿੱਤੇ ਹਨ। ਰੇਲਵੇ ਸਟੇਸ਼ਨ ਦੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ’ਚ ਖਡ਼੍ਹੀਆਂ ਕਾਰਾਂ ਦੇ ਸ਼ੀਸ਼ੇ ਤੋਡ਼ਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਾਰਕਿੰਗ ’ਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਤੋਂ ਬਾਅਦ ਸਵਾਲ ਉੱਠਣ ਲੱਗੇ ਹਨ ਕਿ ਅਾਖਿਰ ਸਟੇਸ਼ਨ ਦੀ ਪਾਰਕਿੰਗ ’ਚ ਖੜ੍ਹੇ ਵਾਹਨਾਂ ਦਾ ਰਖਵਾਲਾ ਕੌਣ ਹੈ। ਉਥੇ ਹੀ ਪਾਰਕਿੰਗ ਦਾ ਠੇਕੇਦਾਰ ਇਹ ਕਹਿ ਕੇ ਪੱਲਾ ਝਾਡ਼ ਰਿਹਾ ਹੈ ਕਿ ਪਾਰਕਿੰਗ ’ਚ ਖਡ਼੍ਹੇ ਵਾਹਨਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ। ਪਾਰਕਿੰਗ ਪਰਚੀ ’ਚ ਲਿਖਿਆ ਗਿਆ ਹੈ ਕਿ ਵਾਹਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ।
ਸ਼ਨੀਵਾਰ ਰਾਤ 8 :30 ਵਜੇ ਰੇਲਵੇ ਸਟੇਸ਼ਨ ਦੀ ਚਾਰ ਪਹੀਆ ਪਾਰਕਿੰਗ ’ਚ ਇਕ-ਦੋ ਨਹੀਂ, ਸਗੋਂ 11 ਕਾਰਾਂ ਦੇ ਸ਼ੀਸ਼ੇ ਤੋਡ਼ੇ ਗਏ ਹਨ। ਰੇਲਵੇ ਸਟੇਸ਼ਨ ’ਤੇ ਇਕੱਠੇ 11 ਕਾਰਾਂ ਦੇ ਸ਼ੀਸ਼ੇ ਤੋਡ਼ੇ ਜਾਣ ਦੀ ਘਟਨਾ ਪਹਿਲੀ ਵਾਰ ਹੋਈ ਹੈ। ਇਸ ਘਟਨਾ ਤੋਂ ਬਾਅਦ ਸਟੇਸ਼ਨ ’ਤੇ ਆਉਣ ਵਾਲੇ ਮੁਸਾਫ਼ਿਰ ਆਪਣੇ ਵਾਹਨਾਂ ਨੂੰ ਪਾਰਕਿੰਗ ’ਚ ਖਡ਼੍ਹੇ ਕਰਨ ਤੋਂ ਕਤਰਾਉਣ ਲੱਗੇ ਹਨ।
3 ਵਿਅਕਤੀਅਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਇਕ ਕਾਬੂ, ਦੋ ਫਰਾਰ
ਚੰਡੀਗਡ਼੍ਹ ਰੇਲਵੇ ਸਟੇਸ਼ਨ ਜੀ. ਆਰ. ਪੀ. ਥਾਣਾ ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ ਇਸ ਘਟਨਾ ਨੂੰ ਤਿੰਨ ਵਿਅਕਤੀਅਾਂ ਨੇ ਅੰਜਾਮ ਦਿੱਤਾ ਸੀ, ਜਿਨ੍ਹਾਂ ’ਚੋਂ ਇਕ ਨੂੰ ਫਡ਼ ਲਿਆ ਹੈ ਤੇ ਬਾਕੀ ਦੋ ਅਜੇ ਫਰਾਰ ਹਨ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਛੇਤੀ ਹੀ ਉਹ ਵੀ ਪਕੜ ’ਚ ਹੋਣਗੇ।
ਪਾਰਕਿੰਗ ’ਚ ਨਹੀਂ ਲੱਗੇ ਕੈਮਰੇ
ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਤਾਂ ਬਣਾਇਆ ਜਾ ਰਿਹਾ ਹੈ ਪਰ ਉਥੇ ਇਸ ਪੱਧਰ ਦੀ ਸਹੂਲਤ ਨਹੀਂ ਹੈ। ਸਟੇਸ਼ਨ ਦੀ ਪਾਰਕਿੰਗ ’ਚ ਇਕ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਹੈ, ਜਿਸ ਨਾਲ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਸ਼ਨਾਖਤ ਹੋ ਸਕੇ। ਉਸ ਤੋਂ ਇਲਾਵਾ ਕੈਮਰਾ ਨਾ ਹੋਣ ਕਾਰਨ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਸਟੇਸ਼ਨ ਦੀ ਨਾ ਸਿਰਫ ਚਾਰ ਪਹੀਆ ਵਾਹਨ, ਸਗੋਂ ਦੋ ਪਹੀਆ ਵਾਹਨ ਪਾਰਕਿੰਗ ’ਚ ਵੀ ਕੋਈ ਕੈਮਰਾ ਨਹੀਂ ਲੱਗਾ ਹੋਇਆ ਹੈ।
ਪਾਰਕਿੰਗ ’ਚ ਖਡ਼੍ਹੇ ਵਾਹਨਾਂ ਦੀ ਜ਼ਿੰਮੇਵਾਰੀ ਕਿਸਦੀ?
ਸਟੇਸ਼ਨ ’ਚ ਚੰਡੀਗਡ਼੍ਹ ਤੇ ਪੰਚਕੂਲਾ ਵੱਲ ਪਾਰਕਿੰਗ ਬਣੀ ਹੋਈ ਹੈ ਪਰ ਪਾਰਕਿੰਗ ’ਚ ਖਡ਼੍ਹੇ ਵਾਹਨਾਂ ਦੀ ਜ਼ਿੰਮੇਵਾਰੀ ਨਾ ਤਾਂ ਠੇਕੇਦਾਰ ਲੈਂਦਾ ਹੈ ਤੇ ਨਾ ਕੋਈ ਰੇਲਵੇ ਅਧਿਕਾਰੀ। ਰੇਲਵੇ ਸਟੇਸ਼ਨ ’ਤੇ ਦੋ ਪਹੀਆ ਵਾਹਨ ਪਾਰਕਿੰਗ ਦੇ 10 ਰੁਪਏ ਤੇ ਚਾਰ ਪਹੀਆ ਵਾਹਨ ਪਾਰਕ ਦੇ 20 ਰੁਪਏ ਵਸੂਲੇ ਜਾਂਦੇ ਹਨ। ਉਸਦੇ ਬਾਵਜੂਦ ਪਾਰਕਿੰਗ ’ਚ ਜੇਕਰ ਵਾਹਨ ਨੂੰ ਕੁਝ ਹੋ ਜਾਂਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਲੈਣ ਦੇ ਨਾਂ ’ਤੇ ਹਰ ਕੋਈ ਆਪਣਾ ਪੱਲਾ ਝਾਡ਼ ਲੈਂਦਾ ਹੈ।