ਮਹਿਲ ਕਲਾਂ ਬਲਾਕ ਦੇ 25 ਜ਼ੋਨਾਂ ਲਈ 84 ਨਾਮਜ਼ਦਗੀਆਂ ਦਾਖ਼ਲ
Thursday, Dec 04, 2025 - 06:28 PM (IST)
ਮਹਿਲ ਕਲਾਂ (ਹਮੀਦੀ)-ਮਹਿਲ ਕਲਾਂ ਬਲਾਕ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਸੰਪੰਨ ਹੋਈ। ਤਹਿਸੀਲ ਦਫ਼ਤਰ ਮਹਿਲ ਕਲਾਂ ਵਿੱਚ ਆਖ਼ਰੀ ਦਿਨ ਤੱਕ ਬਲਾਕ ਸੰਮਤੀ ਦੇ 25 ਜੋਨਾਂ ਲਈ ਕੁੱਲ੍ਹ 84 ਨਾਮਜ਼ਦਗੀਆਂ ਦਾਖ਼ਲ ਹੋਈਆਂ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ 30, ਕਾਂਗਰਸ ਵੱਲੋਂ 22, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 16, ਭਾਜਪਾ ਵੱਲੋਂ 4, ਬੀ. ਐੱਸ. ਪੀ. ਵੱਲੋਂ 2 ਅਤੇ 10 ਆਜ਼ਾਦ ਉਮੀਦਵਾਰਾਂ ਦੀਆਂ ਦਾਖ਼ਲੀਆਂ ਸ਼ਾਮਲ ਹਨ।
ਮਹਿਲ ਕਲਾਂ ਖ਼ਾਸ ਸਮਿਤੀ ਜ਼ੋਨ ਤੋਂ ਸਿਰਫ਼ 'ਆਪ' ਦੇ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ, ਜਿੱਥੇ ਅਕਾਲੀ ਦਲ ਅਤੇ ਕਾਂਗਰਸ ਨੂੰ ਉਮੀਦਵਾਰ ਹੀ ਨਹੀਂ ਮਿਲਿਆ, ਜਿਸ ਕਰਕੇ ਇੱਥੇ ਆਮ ਆਦਮੀ ਪਾਰਟੀ ਬਿਨਾਂ ਮੁਕਾਬਲੇ ਜੇਤੂ ਰਹੇਗੀ। ਬਲਾਕ ਦੇ ਗਹਿਲ ਜ਼ੋਨ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜ੍ਹਾ ਨਹੀਂ ਕੀਤਾ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਆਪ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਵਿਚਕਾਰ ਪਿੰਡ ਪੱਧਰ ’ਤੇ ਸਹਿਮਤੀ ਬਣਾਈ ਗਈ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਪੰਜਾਬੀਆਂ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਖ਼ਾਸ ਅਪੀਲ
ਕਾਂਗਰਸ ਪਾਰਟੀ ਭੋਤਨਾ, ਛੀਨੀਵਾਲ ਕਲਾਂ, ਮਨਾਲ, ਮਹਿਲ ਕਲਾਂ, ਮਹਿਲ ਖੁਰਦ ਅਤੇ ਮੂੰਮ ਸਮੇਤ 6 ਜੋਨਾਂ ਵਿੱਚ ਉਮੀਦਵਾਰ ਨਹੀਂ ਖੜ੍ਹਾ ਕਰ ਸਕੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸਤੋਂ ਵੀ ਕਮਜ਼ੋਰ ਰਹੀ ਅਤੇ ਪਾਰਟੀ ਬੀਹਲਾ, ਛੀਨੀਵਾਲ ਕਲਾਂ, ਧਨੇਰ, ਮਹਿਲ ਕਲਾਂ, ਠੁੱਲੀਵਾਲ, ਠੀਕਰੀਵਾਲ, ਪੱਖੋਕੇ, ਚੀਮਾ, ਨਾਈਵਾਲਾ ਅਤੇ ਚੂੰਘਾਂ ਸਮੇਤ 10 ਜੋਨਾਂ ਵਿੱਚ ਉਮੀਦਵਾਰ ਨਹੀਂ ਲੱਭ ਸਕੀ। ਬਲਾਕ ਹੇਠ ਆਉਂਦੇ 4 ਜ਼ਿਲ੍ਹਾ ਪਰਿਸ਼ਦ ਜੋਨਾਂ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਤਿਕੋਣਾ ਮੁਕਾਬਲਾ ਬਣੇਗਾ। ਇੱਥੇ ਦੁਪਹਿਰ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਅਤੇ ਸਿਨੀਅਰ ਸਪਰਿੰਟੈਂਡੈਂਟ ਆਫ ਪੁਲੀਸ ਮੁਹੰਮਦ ਸਰਫ਼ਰਾਜ਼ ਆਲਮ ਵੱਲੋਂ ਤਹਿਸੀਲ ਦਫ਼ਤਰ ਵਿੱਚ ਸੁਰੱਖਿਆ ਅਤੇ ਨਾਮਜ਼ਦਗੀ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਅਮਨ-ਸ਼ਾਂਤੀ ਨਾਲ ਚੋਣੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ
