ਡੇਂਗੂ ਦਾ ਲਾਰਵਾ ਮਿਲਣ ’ਤੇ 5 ਦੁਕਾਨਦਾਰਾਂ ਦੇ ਕੱਟੇ ਚਲਾਨ

07/27/2019 1:32:56 AM

ਮੋਗਾ, (ਗੋਪੀ ਰਾਊਕੇ)- ‘ਫਰਾਈ ਡੇ, ਡਰਾਈ ਡੇ’ ਮੁਹਿੰਮ ਅਧੀਨ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ’ਚ ਮੇਨ ਚੌਕ ਮੋਗਾ ਤੋਂ ਲੈ ਕੇ ਕੋਟਕਪੂਰਾ ਬਾਈਪਾਸ ਤੱਕ ਪੈਂਦੀਆਂ ਟਾਇਰਾਂ ਦੀਆਂ 29 ਦੁਕਾਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਦੁਕਾਨਾਂ ਦੇ ਬਾਹਰ ਅਤੇ ਛੱਤਾਂ ’ਤੇ ਪਏ ਟਾਇਰਾਂ ਅਤੇ ਹੋਰ ਕਬਾਡ਼ ਦੇ ਸਾਮਾਨ ਦੀ ਜਾਂਚ ਦੌਰਾਨ ਟੀਮ ਨੂੰ 5 ਦੁਕਾਨਾਂ ’ਚ ਭਾਰੀ ਮਾਤਰਾ ’ਚ ਡੇਂਗੂ ਦਾ ਲਾਰਵਾ ਮਿਲਿਆ। ਇਨ੍ਹਾਂ ਦੁਕਾਨ ਮਾਲਕਾਂ ਨੂੰ ਮੌਕੇ ’ਤੇ ਹੀ ਚਲਾਨ ਨੋਟਿਸ ਦਿੱਤੇ ਗਏ ਅਤੇ ਸਫਾਈ ਕਰਵਾਉਣ ਉਪਰੰਤ 29 ਜੁਲਾਈ ਤੱਕ ਕਮਿਸ਼ਨਰ ਨਗਰ ਨਿਗਮ ਦੇ ਦਫਤਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਇਸ ਮੌਕੇ ਟੀਮ ਵੱਲੋਂ ਵੱਖ-ਵੱਖ ਮਾਰਕੀਟਾਂ ਦੇ ਲੋਕਾਂ ਨੂੰ ਇਕੱਠੇ ਕਰ ਕੇ ਸੋਮਵਾਰ ਤੱਕ ਛੱਤਾਂ ’ਤੇ ਪਏ ਸਾਮਾਨ ਦੀ ਜਾਂਚ ਕਰਨ ਲਈ ਕਿਹਾ ਗਿਆ ਅਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਇਹ ਸਫਾਈ ਨਾ ਕਰਵਾਈ ਗਈ ਤਾਂ ਮੰਗਲਵਾਰ ਨੂੰ ਦੁਬਾਰਾ ਜਾਂਚ ਕਰ ਕੇ ਲਾਰਵਾ ਮਿਲਣ ’ਤੇ ਚਲਾਨ ਕੱਟੇ ਜਾਣਗੇ। ਹੈਲਥ ਸੁਪਰਵਾਈਜ਼ਰ ਲੂੰਬਾ ਨੇ ਦੱਸਿਆ ਕਿ ਪਿਛਲੇ ਲਗਭਗ ਇਕ ਮਹੀਨੇ ਤੋਂ ਫੀਲਡ ’ਚ ਰੋਜ਼ਾਨਾ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ ਪਰ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ ਜਾ ਰਿਹਾ ਸੀ ਪਰ ਹੁਣ ਡੇਂਗੂ ਦੇ ਪਾਜ਼ੀਟਿਵ ਮਰੀਜ਼ ਮਿਲਣੇ ਸ਼ੁਰੂ ਹੋ ਚੁੱਕੇ ਹਨ, ਇਸ ਲਈ ਆਉਣ ਵਾਲੇ ਦਿਨਾਂ ਵਿਚ ਵੀ ਇਹ ਕਾਰਵਾਈ ਜਾਰੀ ਰਹੇਗੀ। ਇਸ ਮੌਕੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਰਜਣ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਬ੍ਰੀਡ ਚੈੱਕਰਾਂ ਦੀ ਪੂਰੀ ਟੀਮ ਹਾਜ਼ਰ ਸੀ।


Bharat Thapa

Content Editor

Related News