ਚੋਰੀ ਕੀਤੇ ਬਾਸਮਤੀ ਚਾਵਲਾਂ ਦੇ 154 ਥੈਲਿਅਾਂ ਸਮੇਤ 3 ਗ੍ਰਿਫਤਾਰ
Wednesday, Sep 12, 2018 - 06:23 AM (IST)

ਸਮਾਣਾ, (ਦਰਦ)- ਐੱਸ. ਪੀ. ਇਨਵੈਸਟੀਗੇਸ਼ਨ ਪਟਿਆਲਾ ਮਨਜੀਤ ਸਿੰਘ ਬਰਾਡ਼ ਦੀ ਰਹਿਨੁਮਾਈ ਹੇਠ ਥਾਣਾ ਪਾਤਡ਼ਾਂ ਦੇ ਐੈੱਸ. ਐੈੱਚ. ਓ. ਰਣਬੀਰ ਸਿੰਘ ਅਤੇ ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਵਿਜੇ ਕੁਮਾਰ ਨੇ ਇੱਕ ਸਾਂਝਾ ਅਾਪਰੇਸ਼ਨ ਕਰਦਿਆਂ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ 3 ਸਾਥੀਆਂ ਕੋਲੋਂ ਪਾਤਡ਼ਾਂ ਦੇ ਇਕ ਸ਼ੈਲਰ ਵਿਚੋਂ ਚੋਰੀ ਕੀਤੇ 236 ਬਾਸਮਤੀ ਚਾਵਲ ਦੇ ਥੈਲਿਆਂ ’ਚੋਂ 154 ਥੈਲੇ ਬਾਸਮਤੀ ਚਾਵਲ ਤੇ ਇਕ ਟ੍ਰੈਕਟਰ-ਟਰਾਲੀ ਬਰਾਮਦ ਕੀਤੀ ਹੈ। ਇਨ੍ਹਾਂ ਦੇ 8 ਦੇ ਕਰੀਬ ਸਾਥੀ ਜਿਨ੍ਹਾਂ ਕੋਲ 82 ਥੈਲੇ ਚੋਰੀ ਕੀਤੇ ਬਾਸਮਤੀ ਚਾਵਲ ਹਨ, ਉਹ ਅਜੇ ਫਰਾਰ ਹਨ।
®ਥਾਣਾ ਪਾਤਡ਼ਾਂ ਦੇ ਐੈੱਸ. ਐੈੱਚ. ਓ. ਰਣਬੀਰ ਸਿੰਘ ਅਤੇ ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਲਛਮਣ ਦਾਸ ਪੁੱਤਰ ਅਮਰ ਨਾਥ ਅਗਰਵਾਲ ਵਾਰਡ ਨੰਬਰ 10 ਸੰਤ ਨਗਰ ਨੇਡ਼ੇ ਇਲਾਹਾਬਾਦ ਬੈਂਕ ਪਾਤਡ਼ਾਂ ਨੇ ਬਾਸਮਤੀ ਚਾਵਲ ਰੱਖਣ ਲਈ ਗੋਦਾਮ ਕਿਰਾਏ ’ਤੇ ਲੈ ਕੇ 450 ਥੈਲੇ ਬਾਸਮਤੀ ਸਟੋਰ ਕੀਤੀ ਹੋਈ ਸੀ। ਇਥੇ 8-10 ਵਿਅਕਤੀਅਾਂ ਨੇ ਇਕ ਗੈਂਗ ਬਣਾਇਆ ਹੋਇਆ ਹੈ। ਬੀਤੀ 24-25 ਅਗਸਤ ਦੀ ਰਾਤ ਨੂੰ ਉਹ ਮੋਟਰਸਾਈਕਲ ਰੇਹਡ਼ੀ ਅਤੇ ਟ੍ਰੈਕਟਰ-ਟਰਾਲੀ ਰਾਹੀਂ ਗੋਦਾਮ ਵਿਚੋਂ 236 ਥੈਲੇ ਬਾਸਮਤੀ ਚਾਵਲ ਚੋਰੀ ਕਰ ਕੇ ਲੈ ਗਏ ਸਨ। ਉਨ੍ਹਾਂ ਨੂੰ ਥੈਲੇ ਚੋਰੀ ਹੋਣ ਦਾ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਵਪਾਰੀ ਨੂੰ ਚਾਵਲ ਵੇਚ ਦਿੱਤੇ।
ਇਸ ਸਬੰਧੀ ਪਾਤਡ਼ਾਂ ਥਾਣੇ ਵਿਚ 25-8-2018 ਨੂੰ ਮੁਕੱਦਮਾ ਨੰਬਰ 221 ਧਾਰਾ 379/411 ਆਈ. ਪੀ. ਸੀ. ਤਹਿਤ ਦਰਜ ਕੀਤਾ ਗਿਆ। ਐੈੱਸ. ਐੈੱਸ. ਪੀ. ਨੇ ਇਸ ਦੀ ਤਫਤੀਸ਼ ਸੀ. ਆਈ. ਏ. ਸਟਾਫ ਸਮਾਣਾ ਇੰਸ. ਵਿਜੇ ਕੁਮਾਰ ਨੂੰ ਦਿੱਤੀ। ਇਸ ’ਤੇ ਉਨ੍ਹਾਂ ਨੇ ਪਹਿਲੇ ਹੀ ਦਿਨ 89 ਥੈਲੇ ਚਾਵਲ, ਇਕ ਟ੍ਰੈਕਟਰ-ਟਰਾਲੀ ਸੋਨਾਲੀਕਾ ਪਾਲੀ ਪੁੱਤਰ ਲੱਖੀ ਰਾਮ ਵਾਸੀ ਪਿੰਡ ਹਰਿਆਊ ਖੁਰਦ ਕੋਲੋਂ ਬਰਾਮਦ ਕੀਤੇ। ਉਸ ਕੋਲੋਂ ਹੋਰ ਪੁੱਛਗਿੱਛ ਕਰਨ ’ਤੇ ਮਿੱਠੂ ਸਿੰਘ ਪੁੱਤਰ ਪੂਰਨ ਸਿੰਘ, ਰਾਜਵੀਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਹਰਿਆਊ ਖੁਰਦ ਕੋਲੋਂ 65 ਥੈਲੇ ਪਿੰਡ ਹਾਮਝੇਡ਼੍ਹੀ ਦੇ ਰੈਸਟ ਹਾਊਸ ਵਿਚੋਂ ਬਰਾਮਦ ਕੀਤੇ ਗਏ ਹਨ।
ਇਨ੍ਹਾਂ ਦੇ 8 ਦੇ ਕਰੀਬ ਹੋਰ ਸਾਥੀ ਜਿਨ੍ਹਾਂ ਕੋਲ 82 ਥੈਲੇ ਚੋਰੀ ਕੀਤੇ ਚਾਵਲ ਹਨ, ਉਹ ਅਜੇ ਫਰਾਰ ਹਨ। ਐੱਸ. ਪੀ. ਮਨਜੀਤ ਸਿੰਘ ਬਰਾਡ਼ ਨੇ ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸ. ਬਰਾਡ਼ ਨੇ ਦੱਸਿਆ ਕਿ ਪਾਲੀ ਪੁੱਤਰ ਲੱਖੀ ਰਾਮ ਵਿਰੁੱਧ ਪਹਿਲਾਂ ਵੀ ਸੰਗਰੂਰ ਜ਼ਿਲੇ ਵਿਚ 3 ਮੁਕੱਦਮੇ ਦਰਜ ਹਨ।