ਭਰੋਸੇ ਵਿਚ ਲੈ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ 2 ਕਾਬੂ
Saturday, Feb 22, 2020 - 10:59 PM (IST)
ਮੰਡੀ ਗੋਬਿੰਦਗਡ਼੍ਹ, (ਜ.ਬ)- ਮੰਡੀ ਗੋਬਿੰਦਗਡ਼੍ਹ ਦੀ ਪੁਲਸ ਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਦੋ ਵਿਅਕਤੀ ਅਜੇ ਫਰਾਰ ਦੱਸੇ ਜਾਂਦੇ ਹਨ। ਪੁਲਸ ਵਲੋਂ ਫਡ਼ੇ ਦੋ ਵਿਅਕਤੀਆਂ ਦਾ ਪੁਲਸ ਨੇ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਨਾਲ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਜੀਵ ਕੁਮਾਰ ਪੁੱਤਰ ਲੇਟ ਸਾਧੂ ਰਾਮ ਵਾਸੀ ਪਿੰਡ ਜੱਸਡ਼ਾਂ, ਗੋਬਿੰਦਗਡ਼੍ਹ ਜ਼ਿਲਾ ਫਤਿਹਗਡ਼੍ਹ ਸਾਹਿਬ ਨੇ ਆਪਣੀ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਐੱਸ. ਐੱਮ ਸਟੀਲ ਟਰੇਡਰਜ਼ ਦੇ ਨਾਂ ਦੀ ਫਰਮ ਚਲਾਉਂਦਾ ਹੈ ਅਤੇ ਕੇ. ਵੀ. ਐੱਸ ਇੰਪੈਕਸ, ਸ਼੍ਰੀ ਸਿਆਮ ਇੰਡਸਟਰੀਜ਼, ਆਰ. ਐੱਨ ਸਟੀਲ ਟਰੇਡਰਜ਼ ਅਤੇ ਅਲਫਾ ਸਟੀਲ ਦੇ ਮਾਲਕਾਂ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਜਿਨ੍ਹਾਂ ਨਾਲ ਉਸਦੀ ਲੋਹੇ ਦੇ ਲੈਣ ਦੇਣ ਸਬੰਧੀ ਪੇਮੈਂਟ ਟਰਾਂਜ਼ੈਕਸ਼ਨ ਰਾਹੀਂ ਹੁੰਦੀ ਰਹਿੰਦੀ ਹੈ। ਮਿਤੀ 10/12/2020 ਨੂੰ ਜਤਿੰਦਰ ਕੁਮਾਰ ਉਸਦੇ ਪਾਸ ਆਇਆ ਅਤੇ ਕਹਿਣ ਲੱਗਾ ਕਿ ਉਹ ਲੋਹੇ ਦਾ ਮਾਲ ਦਿਵਾਉਣ ਦੀ ਦਲਾਲੀ ਕਰਦਾ ਹੈ ਅਤੇ ਉਸਨੇ ਅਵਿਨੰਦਨ, ਮੋਹਿਤ ਕੁਮਾਰ, ਅਸ਼ਵਨੀ ਕੁਮਾਰ ਨੂੰ ਕਈ ਵਾਰ ਮਾਲ ਦਿਵਾਇਆ ਹੈ, ਜਿਸ ’ਤੇ ਉਹ ਜਤਿੰਦਰ ਕੁਮਾਰ ਦੀਆਂ ਗੱਲਾਂ ਅਤੇ ਵਿਸ਼ਵਾਸ ਵਿਚ ਆ ਕੇ ਕੇ. ਵੀ. ਐੱਸ ਦੇ ਅਕਾਊਂਟ ’ਚੋਂ 12 ਲੱਖ 50 ਹਜ਼ਾਰ ਰੁਪਏ, ਸ੍ਰੀ ਸ਼ਿਆਮ ਇੰਡਸਟਰੀਜ਼ ਦੇ ਅਕਾਊਂਟ ’ਚੋਂ 17 ਲੱਖ 50 ਹਜ਼ਾਰ ਰੁਪਏ, ਆਰ. ਐੱਨ ਸਟੀਲ ਦੇ ਅਕਾਊਂਟ ’ਚੋਂ 12 ਲੱਖ ਰੁਪਏ, ਐੱਸ. ਐੱਮ. ਸਟੀਲ ਟਰੇਡਰਜ਼ ਦੇ ਅਕਾਊਂਟ ’ਚੋਂ 7 ਲੱਖ ਰੁਪਏ ਅਤੇ ਅਲਫਾ ਸਟੀਲ ਦੇ ਅਕਾਊਂਟ ਵਿਚੋਂ 12 ਲੱਖ ਰੁਪਏ ਆਰ. ਟੀ. ਜੀ. ਐੱਸ. ਰਾਹੀਂ ਕੁੱਲ ਕਰੀਬ 61 ਲੱਖ ਰੁਪਏ ਅਰੋਡ਼ਾ ਐਂਟਰਪ੍ਰਾਈਜ਼ਿਜ਼ ਦੇ ਅਕਾਊਂਟ ਨੰਬਰ 502000037328411 ਵਿਚ ਟਰਾਂਜ਼ੈਕਸ਼ਨ ਕਰਵਾ ਦਿੱਤੇ ਅਤੇ ਉਹ ਲੋਹੇ ਦੇ ਮਾਲ ਦੀ ਉਡੀਕ ਕਰਦਾ ਰਿਹਾ ਅਤੇ ਮਾਲ ਨਾ ਆਉਣ ਬਾਰੇ ਉਸਨੇ ਦਲਾਲ ਜਤਿੰਦਰ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਫੋਨ ਬੰਦ ਆ ਰਿਹਾ ਸੀ, ਜਿਸ ’ਤੇ ਉਸਨੇ ਅਵਿਨੰਦਨ, ਮੋਹਿਤ ਦੇ ਘਰ ਪੁੱਜ ਕੇ ਅਵਿਨੰਦਨ ਅਤੇ ਮੋਹਿਤ ਦੇ ਪਿਤਾ ਅਸ਼ਵਨੀ ਕੁਮਾਰ ਨੂੰ ਕਿਹਾ ਕਿ ਤੁਹਾਡੇ ਲਡ਼ਕਿਆਂ ਨੇ ਜਤਿੰਦਰ ਕੁਮਾਰ ਦੇ ਨਾਲ ਸਾਜ਼ਬਾਜ਼ ਹੋ ਕੇ ਉਸਦੇ ਨਾਲ ਲੋਹਾ ਦੇਣ ਦਾ ਝਾਂਸਾ ਦੇ ਕੇ ਮਿਲੀਭੁਗਤ ਕਰਕੇ ਠੱਗੀ ਮਾਰੀ ਹੈ ਤਾਂ ਅਸ਼ਵਨੀ ਕੁਮਾਰ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਰਲ ਕੇ ਕਈ ਹੋਰ ਫਰਮਾਂ ਨਾਲ ਠੱਗੀ ਮਾਰੀ ਹੈ, ਅਸੀਂ ਤੁਹਾਡੇ ਪੈਸੇ ਵਾਪਸ ਨਹੀਂ ਕਰਨੇ ਤੁਸੀਂ ਜੋ ਕਰਨਾ ਕਰ ਲਉ ਅਤੇ ਉਸਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗੇ, ਜਿਸ ’ਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦਰਖਾਸਤ ਦੀ ਪਡ਼ਤਾਲ ਉਪਰੰਤ ਦਰਖਾਸਤ ਕਰਤਾ ਨਾਲ ਜਤਿੰਦਰ ਕੁਮਾਰ, ਅਵਿਨੰਦਨ ਕੁਮਾਰ, ਮੋਹਿਤ ਕੁਮਾਰ ਅਤੇ ਅਸ਼ਵਨੀ ਕੁਮਾਰ ਵਲੋਂ ਮਿਲੀ ਭੁਗਤ ਨਾਲ ਲੋਹੇ ਦਾ ਮਾਲ ਭੇਜਣ ਦਾ ਝਾਂਸਾ ਦੇ ਕੇ ਲੋਹੇ ਦਾ ਮਾਲ ਨਾ ਭੇਜਣ ’ਤੇ ਕੁੱਲ 61 ਲੱਖ ਰੁਪਏ ਦੀ ਠੱਗੀ ਮਾਰਨ ’ਤੇ ਮੁਕੱਦਮਾ ਦਰਜ ਕਰਕੇ ਜਤਿੰਦਰ ਕੁਮਾਰ ਅਤੇ ਅਸ਼ਵਨੀ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਅਵਿਨੰਦਨ ਅਤੇ ਮੋਹਿਤ ਅਜੇ ਫਰਾਰ ਹਨ। ਜਤਿੰਦਰ ਕੁਮਾਰ ਅਤੇ ਅਸ਼ਵਨੀ ਕੁਮਾਰ ਨੂੰ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ਵਿਖੇ ਪੇਸ਼ ਕੀਤਾ ਗਿਆ ਸੀ, ਜਿਥੇ ਮਾਣਯੋਗ ਜੱਜ ਸਾਹਿਬ ਨੇ ਦੋਨਾਂ ਦਾ 2 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ, ਜਿਨ੍ਹਾਂ ਦੀ ਪੁੱਛਗਿੱਛ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀਆਂ ਅਵਿਨੰਦਨ ਅਤੇ ਮੋਹਿਤ ਕੁਮਾਰ ਦੇ ਟਿਕਾਣਿਆਂ ’ਤੇ ਛਾਪਾਮਾਰੀ ਕਰ ਰਹੀਆਂ ਹਨ, ਜਿਨ੍ਹਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।