ਫਿਰੌਤੀ ਲਈ ਅਗਵਾ ਕੀਤੇ 11ਵੀਂ ਜਮਾਤ ਦੇ ਬੱਚੇ ਨੂੰ ਫਿਰੋਜ਼ਪੁਰ ਪੁਲਸ ਨੇ ਕੁਝ ਘੰਟਿਆਂ ’ਚ ਕੀਤਾ ਬਰਾਮਦ
Wednesday, Jan 12, 2022 - 04:16 PM (IST)

ਫ਼ਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ਤੋਂ ਬੀਤੀ ਸ਼ਾਮ ਕਰੀਬ 5:30 ਵਜੇ ਅਗਵਾ ਕੀਤੇ ਗਏ 16 ਸਾਲ ਦੇ +1 ਦੇ ਵਿਦਿਆਰਥੀ ਨੂੰ ਫ਼ਿਰੋਜ਼ਪੁਰ ਪੁਲਸ ਨੇ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਹੈ। ਫਿਰੌਤੀ ਦੀ ਮੰਗ ਕਰਨ ਵਾਲੇ ਅਤੇ ਦੇਵ ਵੀਰਮ ਅਗਵਾ ਕਰਨ ਵਾਲੇ 3 ਅਗਵਾਹਕਾਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਤੋਂ 32 ਬੋਰ ਦਾ ਪਿਸਤੌਲ, ਇੱਕ 315 ਬੋਰ ਦਾ ਦੇਸੀ ਪਿਸਤੌਲ, ਇੱਕ ਡੀਲਕਸ ਮੋਟਰਸਾਈਕਲ, 3 ਮੋਬਾਈਲ ਫ਼ੋਨ ਅਤੇ ਇੱਕ ਬੱਚੇ ਦਾ ਐਕਟਿਵਾ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕਿਊ. ਆਰ. ਕੋਡ ਰਾਹੀਂ ਆਟਾ-ਦਾਲ ਸਕੀਮ ’ਚ ਹੋਏ ਘਪਲੇ ਦੀ ਹੋਵੇ ਉੱਚ ਪੱਧਰੀ ਜਾਂਚ : ਬੁਜਰਕ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਫਿਰੋਜ਼ਪੁਰ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਬੱਚੇ ਦੀ ਮਾਤਾ ਐਡਵੋਕੇਟ ਸੰਜੂ ਸ਼ਰਮਾ ਪਤਨੀ ਕੁਲਦੀਪ ਕੌਸ਼ਿਕ ਵਾਸੀ ਬੇਦੀ ਕਾਲੋਨੀ ਫੇਜ਼-1 ਨੇ ਥਾਣਾ ਸਿਟੀ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦਾ 16 ਸਾਲਾ ਬੇਟਾ ਦੇਵ ਵੀਰਮ ਕੈਂਟ ਵਿੱਚ ਟਿਊਸ਼ਨ ਪੜ੍ਹਨ ਗਿਆ ਸੀ, ਜੋ ਅਜੇ ਤੱਕ ਘਰ ਨਹੀਂ ਪਰਤਿਆ। ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਪੁਲਸ ਵੱਲੋਂ ਐੱਸ.ਪੀ. ਅਪਰੇਸ਼ਨ ਸਰਦਾਰ ਮਨਵਿੰਦਰ ਸਿੰਘ, ਡੀ.ਐੱਸ.ਪੀ ਇਨਵੈਸਟੀਗੇਸ਼ਨ ਜਗਦੀਸ਼ ਕੁਮਾਰ, ਡੀ.ਐੱਸ.ਪੀ ਸਿਟੀ ਸਤਵਿੰਦਰ ਸਿੰਘ ਵਿਰਕ, ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਅਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜੇਲ੍ਹ ਦੀਆਂ ਦੀਵਾਰਾਂ ’ਤੇ ਇਲੈਕਟ੍ਰੋਨਿਕ ਵਾਇਰਲ ਲਗਾਉਣ ਦੇ ਬਾਵਜੂਦ ਫਿਰੋਜ਼ਪੁਰ ਜੇਲ੍ਹ ’ਚ ਥਰੋ ਕਰਨ ਦਾ ਸਿਲਸਿਲਾ ਜਾਰੀ
ਤਕਨੀਕੀ ਤਰੀਕਿਆਂ ਨਾਲ ਕੇਸ ਦੀ ਜਾਂਚ ਕਰਦਿਆਂ ਅਗਵਾਕਾਰਾਂ ਨੂੰ ਕੁਝ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਗਿਆ। ਐੱਸ.ਐੱਸ.ਪੀ. ਨਰਿੰਦਰ ਭਾਰਗਵ ਅਤੇ ਐੱਸ.ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਬੱਚੇ ਦੀ ਮਾਂ ਦੇ ਫੋਨ ’ਤੇ ਵਟਸਐਪ ਕਾਲ ਕੀਤੀ, ਜਿਸ ਵਿੱਚ ਪਹਿਲਾਂ 20 ਲੱਖ ਰੁਪਏ ਦੀ ਮੰਗ ਕੀਤੀ ਅਤੇ ਫਿਰ ਕਿਹਾ ਕਿ ਜੇਕਰ ਬੱਚੇ ਜਿੰਦਾ ਚਾਹੀਦਾ ਹੈ ਤਾਂ 5 ਲੱਖ ਰੁਪਏ ਦਿੱਤੇ ਜਾਣ, ਨਹੀਂ ਤਾਂ ਬੱਚੇ ਨੂੰ ਮਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਟੈਕਨੀਕਲ ਤਰੀਕੇ ਅਤੇ ਗੁਪਤ ਸੂਤਰ ਰਾਹੀਂ ਜ਼ੀਰਾ ਰੋਡ ਤੋਂ ਅਗਵਾਹਕਰਤਾ ਕਰਨ ਪੁੱਤਰ ਸੁਮਿਤ ਵਾਸੀ ਬਸਤੀ ਸ਼ੇਖਾਂਵਾਲੀ (ਹੁਣ ਦਾਣਾ ਮੰਡੀ) ਫ਼ਿਰੋਜ਼ਪੁਰ ਸ਼ਹਿਰ, ਰਾਜ ਸਿੰਘ ਉਰਫ਼ ਰੋਹਿਤ ਪੁੱਤਰ ਸੁਖਦੇਵ ਸਿੰਘ ਵਾਸੀ ਬਸਤੀ ਬਾਗ, ਫ਼ਿਰੋਜ਼ਪੁਰ ਨੂੰ ਮੋਟਰਸਾਈਕਲ ’ਤੇ ਜਾਂਦੇ ਕਾਬੂ ਕਰ ਲਿਆ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪਿੰਡ ਡੂੰਮਨੀਵਾਲਾ ਵਿਚ ਬਣੇ ਇਕ ਕੱਚੇ ਕਮਰੇ ਵਿਚੋਂ ਅਮਰਜੀਤ ਸਿੰਘ ਪੁੱਤਰ ਭਿਖਾਰੀ ਲਾਲ ਵਾਸੀ ਡੁਮਣੀ ਵਾਲਾ ਦੇ ਕਬਜ਼ੇ ’ਚੋਂ ਅਗਵਾਹ ਕੀਤਾ ਗਿਆ ਦੇਵ ਵੀਰਮ ਬਰਾਮਦ ਕਰ ਲਿਆ ਗਿਆ, ਜਦੋਂ ਕਿ ਮੌਕੇ ਤੋਂ ਚੌਥਾ ਅਗਵਾਕਾਰ ਆਕਾਸ਼ ਉਰਫ ਜੋਨੀ ਪੁੱਤਰ ਭਿਖਾਰੀ ਲਾਲ ਵਾਸੀ ਪਿੰਡ ਆਂਸਲ ਹਾਲ ਬਸਤੀ ਗੋਲਬਾਗ ਫਿਰੋਜ਼ਪੁਰ ਸ਼ਹਿਰ ਭੱਜਣ ’ਚ ਕਾਮਯਾਬ ਹੋ ਗਿਆ। ਉਸ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?