ਮਾਂ ਦੀ ਦਵਾਈ ਲੈਣ ਗਏ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ, ਟਿਊਬਵੈੱਲ ਦੇ ਕਮਰੇ ਅੰਦਰੋਂ ਮਿਲੀ ਲਾਸ਼

Sunday, Jun 25, 2023 - 08:37 AM (IST)

ਤਰਨਤਾਰਨ (ਰਮਨ ਚਾਵਲਾ)- ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਢੋਟੀਆਂ ਨਜਦੀਕ ਬੀਤੇ ਕੱਲ ਤੋਂ ਲਾਪਤਾ ਨੌਜਵਾਨ ਦੀ ਕਤਲ ਕੀਤੇ ਜਾਣ ਤੋਂ ਬਾਅਦ ਇਕ ਟਿਊਬਵੈੱਲ ਦੇ ਕਮਰੇ ਅੰਦਰੋਂ ਲਾਸ਼ ਮਿਲਣ ਦਾ ਸਮਾਚਾਰ ਹੈ। ਐੱਸ. ਪੀ. ਮਨਿੰਦਰ ਸਿੰਘ, ਡੀ. ਐੱਸ. ਪੀ. ਡੀ. ਸਤਨਾਮ ਸਿੰਘ ਸਮੇਤ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਜਾਂਚ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਦਾਦੇ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ ਗਈ, ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ।

PunjabKesari

ਜਾਣਕਾਰੀ ਅਨੁਸਾਰ ਦਵਿੰਦਰ ਸਿੰਘ (19) ਪੁੱਤਰ ਸਵਰਗੀ ਦਿਲਬਾਗ ਸਿੰਘ ਵਾਸੀ ਪਿੰਡ ਵੇਈਂਪੁਈ, ਜੋ ਬੀਤੇ ਸ਼ੁੱਕਰਵਾਰ ਦੁਪਹਿਰ 11 ਵਜੇ ਆਪਣੀ ਬੀਮਾਰ ਮਾਂ ਹਰਜਿੰਦਰ ਕੌਰ ਦੀ ਦਵਾਈ ਲੈਣ ਲਈ ਫਤਿਆਬਾਦ ਨੂੰ ਮੋਟਰਸਾਈਕਲ ਰਾਹੀਂ ਰਵਾਨਾ ਹੋਇਆ। ਜਦੋਂ ਦਵਿੰਦਰ ਸਿੰਘ ਘਰ ਵਾਪਸ ਨਾ ਪਰਤਿਆ ਤਾਂ ਮਾਂ ਹਰਜਿੰਦਰ ਕੌਰ ਅਤੇ ਦਾਦਾ ਲਖਬੀਰ ਸਿੰਘ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਦਵਿੰਦਰ ਸਿੰਘ ਸਬੰਧਤ ਡਾਕਟਰ ਤੋਂ ਦਵਾਈ ਲੈਣ ਨਹੀਂ ਪੁੱਜਾ ਤਾਂ ਉਨ੍ਹਾਂ ਵੱਲੋਂ ਦੇਰ ਰਾਤ ਥਾਣਾ ਸਰਹਾਲੀ ਵਿਖੇ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕਰਵਾ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਪੰਜਾਬੀ ਮੂਲ ਦੇ ਡਾਕਟਰ 'ਤੇ ਸਾਥੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਸ਼ਨੀਵਾਰ ਸਵੇਰੇ ਪਰਿਵਾਰ ਨੂੰ ਸੂਚਨਾ ਮਿਲਦੀ ਹੈ ਕਿ ਦਵਿੰਦਰ ਸਿੰਘ ਦੀ ਲਾਸ਼ ਪਿੰਡ ਢੋਟੀਆਂ ਨਜਦੀਕ ਨਹਿਰ ਕੰਡੇ ਇਕ ਟਿਊਬਵੈੱਲ ਵਾਲੇ ਕਮਰੇ ਅੰਦਰੋਂ ਪ੍ਰਾਪਤ ਹੋਈ ਹੈ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਮ੍ਰਿਤਕ ਦਵਿੰਦਰ ਸਿੰਘ ਦੇ ਸਰੀਰ 'ਤੇ ਕਾਫੀ ਗੁੱਝੀਆਂ ਸੱਟਾਂ ਵੱਜਣ ਦੇ ਨਿਸ਼ਾਨ ਨਜ਼ਰ ਆ ਰਹੇ ਸਨ। ਉਸ ਦਾ ਮੋਟਰਸਾਈਕਲ ਵੀ ਬਰਾਮਦ ਨਹੀਂ ਹੋਇਆ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਦਾਦਾ ਲਖਵੀਰ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸੂਚਨਾ ਤੋਂ ਬਾਅਦ ਐੱਸ. ਪੀ. ਸਥਾਨਕ ਮਨਿੰਦਰ ਸਿੰਘ, ਡੀ. ਐੱਸ. ਪੀ. ਪੱਟੀ ਸਤਨਾਮ ਸਿੰਘ ਤੋਂ ਇਲਾਵਾ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਮੌਕੇ ’ਤੇ ਪੁੱਜ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਸਬੰਧੀ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਨੂੰ ਵੇਖਿਆ ਜਾ ਰਿਹਾ ਹੈ। ਪੁਲਸ ਇਸ ਕਤਲ ਨੂੰ ਵੱਖ-ਵੱਖ ਕੇਂਦਰਾਂ ਰਾਹੀਂ ਵੇਖਦੇ ਹੋਏ ਹੱਲ ਕਰ ਲਵੇਗੀ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News