ਮਾਮਲਾ ਨੌਜਵਾਨ ਦੇ ਕਤਲ ਦਾ, ਪੀੜਤ ਪਰਿਵਾਰ ਨੇ ਕਿਹਾ-ਇਨਸਾਫ਼ ਨਾ ਮਿਲਿਆ ਤਾਂ ਕਰਾਂਗੇ ਆਤਮਦਾਹ
Thursday, May 11, 2023 - 03:24 PM (IST)
ਗੁਰਦਾਸਪੁਰ (ਵਿਨੋਦ)- ਬੀਤੇ ਦਿਨੀਂ ਪਿੰਡ ਪਾਹੜਾ ’ਚ ਪ੍ਰੇਮ ਸਬੰਧਾਂ ਕਾਰਨ ਇਕ ਨੌਜਵਾਨ ਦੀ ਹੱਤਿਆ ਕੀਤੇ ਜਾਣ ਸਬੰਧੀ ਤਿੱਬੜ ਪੁਲਸ ਨੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਸਮੇਤ 6 ਲੋਕਾਂ ਨੂੰ ਨਾਮਜ਼ਦ ਕਰਨ ਸਬੰਧੀ ਅੱਜ ਕੇਸ ਨੇ ਨਵਾਂ ਮੋੜ ਲਿਆ। ਮ੍ਰਿਤਕ ਦੇ ਮਾਤਾ-ਪਿਤਾ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਜਾਂ ਵਿਧਾਇਕ ਦੇ ਪਿਤਾ ਨੂੰ ਕੇਸ ’ਚੋਂ ਕੱਢਿਆ ਗਿਆ ਤਾਂ ਅਸੀਂ ਸਾਰਾ ਪਰਿਵਾਰ ਜ਼ਿਲ੍ਹਾ ਪੁਲਸ ਮੁਖੀ ਦਫ਼ਤਰ ਸਾਹਮਣੇ ਆਪਣੇ ਆਪ ਨੂੰ ਅੱਗ ਲਗਾ ਲਵਾਂਗੇ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਆਪਣੇ ਪਰਿਵਾਰ ਲਈ ਬਹੁਤ ਹੀ ਖ਼ਤਰੇ ਵਾਲਾ ਦੱਸਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇੱਕ ਹੋਰ ਗੱਭਰੂ ਦੀ ਅਮਰੀਕਾ 'ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਰਸਾਲ ਸਿੰਘ
ਸ਼ੁਭਮ ਪੁੱਤਰ ਸੁਭਾਸ਼ ਵਾਸੀ ਪਿੰਡ ਪਾਹੜਾ ਦੀ ਲਾਸ਼ ਮੰਗਲਵਾਰ ਸਵੇਰੇ ਪਿੰਡ ਦੇ ਬਾਹਰ ਇਕ ਖ਼ੇਤ ਵਿਚ ਪਈ ਮਿਲੀ ਸੀ ਅਤੇ ਮ੍ਰਿਤਕ ਦੀ ਮਾਂ ਵੀਨਾ ਅਤੇ ਪਰਿਵਾਰ ਨੇ ਇਸਜ਼ਾਮ ਲਗਾਇਆ ਸੀ ਕਿ ਪਿੰਡ ਦੀ ਹੀ ਇਕ ਵਿਆਹੁਤਾ ਕੁੜੀ ਨਾਲ ਪ੍ਰੇਮ ਸਬੰਧਾਂ ਕਾਰਨ ਉਨ੍ਹਾਂ ਦੇ ਮੁੰਡੇ ਦੀ ਹੱਤਿਆ ਕੀਤੀ ਗਈ ਹੈ। ਤਿੱਬੜ ਪੁਲਸ ਨੇ ਇਸ ਸਬੰਧੀ ਵੀਨਾ ਦੇ ਬਿਆਨ ਦੇ ਆਧਾਰ ’ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਸਮੇਤ 6 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੱਤਿਆ ਦੇ ਮਾਮਲੇ ਨੇ ਪੂਰੇ ਪੰਜਾਬ ’ਚ ਰਾਜਨੀਤਿਕ ਰੂਪ ਧਾਰਨ ਕਰ ਲਿਆ ਹੈ। ਇਸ ਸਬੰਧੀ ਮ੍ਰਿਤਕ ਦੀ ਮਾਂ ਵੀਨਾ ਅਤੇ ਪਿਤਾ ਸੁਭਾਸ਼ ਨੇ ਇਲਜ਼ਾਮ ਲਗਾਇਆ ਕਿ ਸਾਨੂੰ ਕੇਸ ਵਾਪਸ ਲੈਣ ਅਤੇ ਕੇਸ ’ਚੋਂ ਗੁਰਮੀਤ ਸਿੰਘ ਪਾਹੜਾ ਦਾ ਨਾਮ ਨਾ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਮ੍ਰਿਤਕ ਦੇ ਮਾਪੇ ਜਾਣਕਾਰੀ ਦਿੰਦੇ ਹੋਏ
ਮ੍ਰਿਤਕ ਦੀ ਮਾਂ ਵੀਨਾ ਨੇ ਦੱਸਿਆ ਕਿ ਸ਼ੁਭਮ ਦੇ ਆਪਣੇ ਹੀ ਮੁਹੱਲੇ ਦੀ ਕੁੜੀ ਨਾਲ ਪ੍ਰੇਮ ਸਬੰਧ ਬਹੁਤ ਪੁਰਾਣੇ ਸੀ। ਕੁੜੀ ਦਾ ਵਿਆਹ ਕਿਤੇ ਹੋਰ ਕਰਨ ਲਈ ਅਸੀਂ ਹੀ ਉਸਦੇ ਪਰਿਵਾਰ ਨੂੰ ਸੁਝਾਅ ਦਿੱਤਾ ਸੀ, ਕਿਉਂਕਿ ਸ਼ੁਭਮ ਅਤੇ ਕੁੜੀ ਦੇ ਪ੍ਰੇਮ ਵਿਆਹ ਕਾਰਨ ਸਾਡੇ ਦੋਵਾਂ ਪਰਿਵਾਰਾਂ ’ਚ ਤਣਾਅ ਅਤੇ ਵੈਰ ਵਿਰੋਧ ਵਧ ਗਿਆ ਸੀ। ਕੁੜੀ ਦੇ ਵਿਆਹ ਤੋਂ ਬਾਅਦ ਦੋਵਾਂ ’ਚ ਪ੍ਰੇਮ ਸਬੰਧ ਬਣੇ ਰਹੇ ਅਤੇ ਲਗਭਗ ਡੇਢ ਮਹੀਨਾ ਪਹਿਲਾ ਕੁੜੀ ਆਪਣੀ ਬੇਟੀ ਨਾਲ ਆਪਣੇ ਪੇਕੇ ਆਈ ਸੀ।
ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫ਼ੈਸਲਾ, ਹਮਦਰਦੀ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦਾ ਹੱਕ ਮ੍ਰਿਤਕ ਦੀ ਪਤਨੀ ਦਾ
ਉਦੋਂ ਵੀ ਸ਼ੁਭਮ ਅਤੇ ਕੁੜੀ ਘਰ ਤੋਂ ਭੱਜ ਗਏ ਸੀ ਅਤੇ ਲਗਭਗ 15 ਦਿਨ ਬਾਅਦ ਕੁੜੀ ਪਰਿਵਾਰ ਵਾਲੇ ਦੋਵਾਂ ਨੂੰ ਫੜ ਕੇ ਲਿਆਏ ਸੀ। ਉਦੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਦੇ ਕਹਿਣ ’ਤੇ ਪੁਲਸ ਨੇ ਸਾਡੇ ’ਤੇ ਬਹੁਤ ਤਸ਼ੱਦਤ ਕੀਤਾ ਸੀ ਅਤੇ ਅਸੀਂ ਸਾਰਾ ਪਰਿਵਾਰ ਘਰ ਬੰਦ ਕਰ ਕੇ ਲੁਕ ਗਏ ਸੀ। ਮੁਲਜ਼ਮ ਪੱਖ ਨੇ ਉਦੋਂ ਸਾਡੇ ਘਰ ਦੇ ਮੇਨ ਦਰਵਾਜ਼ੇ ’ਤੇ ਲੋਹੇ ਦੇ ਸੰਗਲ ਲਗਾ ਦਿੱਤੇ ਸੀ, ਉਦੋਂ ਵੀ ਗੁਰਮੀਤ ਸਿੰਘ ਪਾਹੜਾ ਦੇ ਕਹਿਣ ’ਤੇ ਕੁੜੀ ਦੇ ਪਰਿਵਾਰ ਵਾਲੇ ਸ਼ੁਭਮ ਨੂੰ ਪੁਲਸ ਸਟੇਸ਼ਨ ਲੈ ਗਏ ਸੀ ਪਰ ਸ਼ੁਭਮ ਦੀ ਕੁੱਟਮਾਰ ਕਾਰਨ ਉਸ ਦੀ ਹਾਲਤ ਖ਼ਰਾਬ ਹੋਣ ਕਾਰਨ ਪੁਲਸ ਨੇ ਸ਼ੁਭਮ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਗੁਰਮੀਤ ਸਿੰਘ ਪਾਹੜਾ ਦੇ ਕਹਿਣ ’ਤੇ ਸਾਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਮੁੰਡੇ ਦੇ ਕਤਲ ਲਈ ਮੁਲਜ਼ਮਾਂ ਨੂੰ ਉਕਸਾਉਣ ਵਾਲਾ ਗੁਰਮੀਤ ਸਿੰਘ ਪਾਹੜਾ ਹੀ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ
ਮੈਨੂੰ ਰਾਜਨੀਤਿਕ ਸਾਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹੈ : ਗੁਰਮੀਤ ਪਾਹੜਾ
ਇਸ ਸਬੰਧੀ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਇਕ ਤਾਂ ਘਟਨਾ ਵਾਲੇ ਦਿਨ ਉਹ ਜਲੰਧਰ ’ਚ ਚੋਣ ਪ੍ਰਚਾਰ ਕਰਨ ’ਚ ਵਿਆਸਤ ਸੀ। ਦੂਜਾ ਮ੍ਰਿਤਕ ਮੁੰਡਾ ਸ਼ੁਭਮ ਨੂੰ ਕਦੀ ਨਹੀਂ ਮਿਲਿਆ ਅਤੇ ਉਸ ਦੇ ਕਤਲ ਸਬੰਧੀ ਮੈਨੂੰ ਕਿਸੇ ਤਰ੍ਹਾਂ ਦੀ ਨਾ ਤਾਂ ਜਾਣਕਾਰੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਮੂਲੀਅਤ ਹੈ। ਇਹ ਰਾਜਨੀਤਿਕ ਸਾਜਿਸ਼ ਹੈ ਅਤੇ ਮੈਂ ਹਰ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਮੈਨੂੰ ਰਾਜਨੀਤਿਕ ਸਾਜਿਸ਼ ਅਧੀਨ ਫ਼ਸਾਇਆ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।