ਤਰਨਤਾਰਨ ''ਚ ਚੋਰਾਂ ਨੇ ਦਰਜਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਪੁਲਸ ਨਾਕਾ ਲਗਾਉਣ ਦੀ ਮੰਗ

02/09/2023 12:21:59 PM

ਤਰਨਤਾਰਨ (ਰਮਨ)- ਇਕ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਆਪ੍ਰੇਸ਼ਨ ਦੀ ਗੱਲ ਚਲਾਉਂਦੇ ਹੋਏ ਵੱਖ-ਵੱਖ ਥਾਵਾਂ ਉੱਪਰ ਨਾਕਾਬੰਦੀ ਕਰਨ ਅਤੇ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਦਾਅਵੇ ਕਰਦੀ ਨਹੀਂ ਥੱਕ ਰਹੀ, ਉੱਧਰ ਦੂਜੇ ਪਾਸੇ ਚੋਰਾਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦੁਕਾਨਾਂ ਨੂੰ ਨਿਸ਼ਾਨਾ ਬਣਾਉਣਾ ਲਗਾਤਾਰ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬੀਤੀ ਰਾਤ ਚੋਰਾਂ ਵਲੋਂ ਕੁੱਲ 12 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਚੋਰਾਂ ਵਲੋਂ ਇਸ ਦੌਰਾਨ ਗੁਰੂ ਕੇ ਲੰਗਰ ਲਈ ਮੰਗਵਾਏ ਗਏ ਅੱਧੀ ਦਰਜਨ ਘਰੇਲੂ ਗੈਸ ਸਿਲੰਡਰ ਵੀ ਚੋਰੀ ਕਰ ਲਏ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਅਧੀਨ ਆਉਂਦੇ ਪਿੰਡ ਹੀ ਡੋਗਰਾਂ ਵਿਖੇ ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਵਲੋਂ ਕਰੀਬ 11 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੇ ਤਾਲੇ ਤੋੜ ਦੁਕਾਨ ਅੰਦਰ ਮੌਜੂਦ ਵੱਖ-ਵੱਖ ਕਿਸਮ ਦੇ ਸਾਮਾਨ ਨੂੰ ਚੋਰੀ ਕਰ ਲਿਆ ਗਿਆ ਹੈ, ਏਨਾ ਹੀ ਨਹੀਂ ਚੋਰਾਂ ਵਲੋਂ ਅੱਡੇ ਉੱਪਰ ਇਕ ਧਾਰਮਿਕ ਜਗ੍ਹਾ ਵਿਚ ਹੋਲੇ-ਮੁਹੱਲੇ ਦੌਰਾਨ ਲਗਾਏ ਜਾਂਦੇ ਸਾਲਾਨਾ ਲੰਗਰ ਲਈ ਮੰਗਵਾਏ ਗਏ ਐੱਲ.ਪੀ.ਜੀ ਗੈਸ ਸਿਲੰਡਰਾਂ ਨੂੰ ਵੀ ਚੋਰੀ ਕਰ ਲਿਆ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਸਰਪੰਚ ਪਿੰਡ ਖੱਬੇ ਡੋਗਰਾਂ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਅੱਡੇ ਉੱਪਰ ਮੌਜੂਦ ਇਕ ਦਰਜਨ ਦੁਕਾਨਾਂ, ਜਿਨ੍ਹਾਂ ਵਿਚ ਮੈਡੀਕਲ ਸਟੋਰ, ਸਾਇਕਲ ਸਟੋਰ, ਮਕੈਨਿਕ, ਟੈਂਟ ਹਾਊਸ, ਰੈਡੀਮੇਡ ਗਾਰਮੈਂਟ, ਮੋਟਰਸਾਈਕਲ ਰਿਪੇਅਰ ਸਟੋਰ ਆਦਿ ਸ਼ਾਮਲ ਹੈ ਦੇ ਤਾਲੇ ਤੋਡ਼ ਦੇ ਹੋਏ ਉਨ੍ਹਾਂ ਵਿਚੋਂ ਵੱਖ-ਵੱਖ ਕਿਸਮਾਂ ਦੇ ਸਾਮਾਨ ਨੂੰ ਚੋਰੀ ਕਰ ਲਿਆ ਗਿਆ ਹੈ, ਜਿਸ ਦੀ ਕੀਮਤ ਲੱਖਾਂ ’ਚ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ

ਸਰਪੰਚ ਨੇ ਦੱਸਿਆ ਕਿ ਚੋਰੀ ਵਲੋਂ ਲੰਗਰ ਹਾਲ ਵਿਚ ਮੌਜੂਦ 6 ਭਰੇ ਹੋਏ ਗੈਸ ਸਿਲੰਡਰਾਂ ਨੂੰ ਵੀ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹੋਈ ਚੋਰੀ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

PunjabKesari

ਉਨ੍ਹਾਂ ਦੱਸਿਆ ਬੀਤੀ ਰਾਤ ਉਨ੍ਹਾਂ ਦੀ ਦੁਕਾਨ ਦੇ ਪਿੱਛੇ ਲਾਟਰੀ ਬਾਜ਼ਾਰ ਵਿਚ ਲੱਗਦੇ ਲੋਹੇ ਵਾਲੇ ਦਰਵਾਜ਼ੇ ਨੂੰ ਤੋੜਦੇ ਹੋਏ ਚੋਰਾਂ ਵਲੋਂ ਦੁਕਾਨ ਅੰਦਰ ਮੌਜੂਦ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਦੇਸੀ ਘਿਓ, ਖੰਡ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਹੈ, ਜਿਸ ਦੀ ਕੀਮਤ 50 ਹਜ਼ਾਰ ਰੁਪਏ ਬਣਦੀ ਹੈ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਮੁਲਜ਼ਮ ਦੀ ਭਾਲ ਕਰਨ ਸਬੰਧੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡ ਖੱਬੇ ਡੋਗਰਾਂ ਵਿਖੇ ਥਾਣਾ ਸਦਰ ਪੁਲਸ ਵਲੋਂ ਨਾਕਾ ਚੁੱਕ ਲੈਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਵਲੋਂ ਇਸ ਪੁਲਸ ਨਾਕੇ ਨੂੰ ਮੁੜ ਤੋਂ ਸ਼ੁਰੂ ਕਰਨ ਸਬੰਧੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਸ ਵਲੋਂ ਇਨ੍ਹਾਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਦੇ ਹੋਏ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਗਸ਼ਤ ਨੂੰ ਹੋਰ ਤੇਜ਼ ਕਰਦੇ ਹੋਏ ਰਾਤ ਸਮੇਂ ਕਰਮਚਾਰੀਆਂ ਦੀ ਚੈਕਿੰਗ ਕਰਨ ਸਬੰਧੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News