ਮੋਬਾਇਲ ਵਿੰਗ ਦੀ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ, 13 ਵਾਹਨ ਘੇਰ ਕੇ ਵਸੂਲਿਆ 24.83 ਲੱਖ ਜੁਰਮਾਨਾ
Monday, Feb 12, 2024 - 05:20 PM (IST)
ਅੰਮ੍ਰਿਤਸਰ (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਟੈਕਸ ਚੋਰੀ ’ਤੇ ਵੱਡੀ ਕਾਰਵਾਈ ਕਰਦੇ ਹੋਏ 13 ਵਾਹਨਾਂ ਨੂੰ ਕਬਜ਼ੇ ’ਚ ਲਿਆ ਹੈ। ਵਿਭਾਗ ਨੇ ਆਪਣੀ ਕਾਰਵਾਈ ਦੌਰਾਨ ਉਪਰੋਕਤ ਕਬਜ਼ੇ ’ਚ ਲਏ ਵਾਹਨਾਂ ਦੇ ਮਾਲ ਦੀ ਤਲਾਸ਼ੀ ਦੇ ਉਪਰੰਤ ਉਨ੍ਹਾਂ ’ਤੇ 24.83 ਲੱਖ ਰੁਪਏ ਜੁਰਮਾਨਾ ਕੀਤਾ ਹੈ। ਟੈਕਸੇਸ਼ਨ ਵਿਭਾਗ ਦੀ ਇਸ ਸਖ਼ਤ ਕਾਰਵਾਈ ਕਾਰਨ ਟੈਕਸ ਮਾਫੀਆ ’ਚ ਫਿਰ ਘਬਰਾਹਟ ਦੀ ਸਥਿਤੀ ਆਉਣ ਲੱਗੀ ਹੈ। ਇਹ ਕਾਰਵਾਈ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ ’ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਾਨਸਾ: ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ
ਜਾਣਕਾਰੀ ਅਨੁਸਾਰ ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਆਪਣੀ ਰੂਟੀਨ ਦੇ ਮੁਤਾਬਿਕ ਚੈਕਿੰਗ ’ਚ ਇਕ ਤੇਜ਼ ਅਭਿਆਨ ਚਲਾਇਆ ਸੀ, ਜਿਸ ਵਿਚ ਟੈਕਸ ਚੋਰੀ ’ਤੇ ਦਬਿਸ਼ ਦਿੱਤੀ ਗਈ। ਇਸ ਦੇ ਲਈ ਵਿਭਾਗ ਵੱਲੋਂ ਈ.ਟੀ.ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਇੰਸਪੈਕਟਰ ਦਿਨੇਸ਼ ਕੁਮਾਰ, ਸੁਰੱਖਿਆ ਇੰਚਾਰਜ ਰਾਕੇਸ਼ ਕੁਮਾਰ, ਬਲਵੰਤ ਸਿੰਘ ਤੇ ਅਮਰੀਕ ਸਿੰਘ ਸ਼ਾਮਲ ਸਨ। ਇਸ ਵਿਚ ਇਕ ਕਾਰਵਾਈ ਤੋਂ ਪਹਿਲਾਂ ਸੂਚਨਾ ਮਿਲੀ ਕਿ ਲੋਹੇ ਦੇ ਸਕ੍ਰੈਪ ਦੇ ਭਰੇ ਹੋਏ 3 ਟਰੱਕ ਮੰਡੀ ਗੋਬਿੰਦਗੜ੍ਹ ਵੱਲ ਜਾ ਰਹੇ ਹਨ। ਸੂਚਨਾ ਇਹ ਸੀ ਕਿ ਉਨ੍ਹਾਂ ਕੋਲ ਮਾਲ ਦੇ ਪੂਰੇ ਬਿੱਲ ਨਹੀਂ ਹਨ। ਇਸ ’ਤੇ ਮੋਬਾਇਲ ਵਿੰਗ ਟੀਮਾਂ ਨੇ ਕਾਰਵਾਈ ਕਰਦੇ ਹੋਏ ਪੰਡਿਤ ਰਮਨ ਦੀ ਕਮਾਨ ’ਚ ਦੋ ਟਰੱਕਾਂ ਨੂੰ ਮੋਗਾ ਦੇ ਨੇੜੇ ਘੇਰਾ ਪਾ ਦਿੱਤਾ। ਇਸੇ ਤਰ੍ਹਾਂ ਇਕ ਟਰੱਕ ਨੂੰ ਅੰਮ੍ਰਿਤਸਰ ਰੇਂਜ ’ਚ ਹੀ ਫੜ ਲਿਆ ਗਿਆ। ਚੈਕਿੰਗ ਦਰਮਿਆਨ ਇਸ ਵਿਚ ਟੈਕਸ ਚੌਰੀ ਦਾ ਮਾਮਲਾ ਮਿਲਿਆ। ਵਿਭਾਗ ਦੁਆਰਾ ਵੈਲਿਊਏਸ਼ਨ ਉਪਰੰਤ ਇਨ੍ਹਾਂ ਤਿੰਨਾਂ ਟਰੱਕਾਂ ’ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਅਗਲੇ ਪੜਾਅ ’ਚ ਇਸੇ ਅਧਿਕਾਰੀ ਦੀ ਅਗਵਾਈ ’ਚ ਟੀਮ ਨੇ ਪ੍ਰਚੂਨ ਮਾਲ ਦੇ 2 ਵਾਹਨਾਂ ਨੂੰ ਰੋਕ ਲਿਆ ਤਾਂ ਇਹ ਵੀ ਟੈਕਸ ਚੋਰੀ ਦਾ ਮਾਮਲਾ ਨਿਕਲਿਆ। ਮੋਬਾਇਲ ਟੀਮ ਨੇ ਇਸ ’ਤੇ 2.20 ਲੱਖ ਰੁਪਏ ਜੁਰਮਾਨਾ ਕੀਤਾ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਪੱਖਿਆਂ ਦੀ ਸਟੰਪਿੰਗ ਦੇ ਵਾਹਨ ਨੂੰ ਸੂਚਨਾ ਦੇ ਆਧਾਰ ’ਤੇ ਰੋਕਿਆ ਤਾਂ ਵੈਲਿਊਏਸ਼ਨ ਤੋਂ ਬਾਅਦ ਲੋਡ ਕੀਤੇ ਹੋਏ ਮਾਲ ’ਤੇ 1.70 ਲੱਖ ਰੁਪਏ ਜੁਰਮਾਨਾ ਹੋਇਆ।
ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੇ ਸਬਮਰਸੀਬਲ ਪੰਪ ਫੜੇ
ਈ. ਟੀ. ਓ. ਪੰਡਿਤ ਸ਼ਰਮਾ ਦੀ ਅਗਵਾਈ ਹੇਠ ਟੀਮ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਸਰ ਤੋਂ ਸਬਮਰਸੀਬਲ ਪੰਪ ਲੁਧਿਆਣਾ ਵੱਲ ਜਾ ਰਹੇ ਹਨ। ਟੀਮ ਦੁਆਰਾ ਪਿੱਛਾ ਕਰਨ ’ਤੇ ਬਿਆਸ ਨੇੜੇ ਟਾਂਗਰਾ ਖੇਤਰ ’ਚ ਵਾਹਨ ਨੂੰ ਰੋਕ ਲਿਆ ਗਿਆ। ਮੋਬਾਇਲ ਟੀਮ ਨੇ ਇਸ ’ਤੇ 1.63 ਲੱਖ ਰੁਪਏ ਜੁਰਮਾਨਾ ਲਗਾਇਆ। ਰਾਈਸ ਬ੍ਰਾਨ ਦੇ ਦੋ ਟਰੱਕ ਫੜੇ, ਜੁਰਮਾਨਾ 2.68 ਲੱਖ-ਇਸੇ ਟੀਮ ਦੁਆਰਾ ਰਾਜਸਥਾਨ ਵੱਲੋਂ ਆ ਰਹੇ ਰਾਈਸ-ਬ੍ਰਾਨ ਦੇ ਦੋ ਟਰੱਕਾਂ ਨੂੰ ਰੋਕ ਲਿਆ। ਟੈਕਸੇਸ਼ਨ ਵਿਭਾਗ ਦੀ ਟੀਮ ਦੁਆਰਾ ਦਸਤਾਵੇਜ਼ ਮੰਗੇ ਜਾਣ ’ਤੇ ਵਾਹਨ ਚਾਲਕ ਸਹੀ ਬਿੱਲ ਪੇਸ਼ ਨਾ ਕਰ ਸਕਿਆ। ਇਸ ’ਤੇ ਮੋਬਾਇਲ ਵਿੰਗ ਨੇ ਵੈਲਿਊਏਸ਼ਨ ਤੋਂ ਬਾਅਦ 2.68 ਲੱਖ ਜੁਰਮਾਨਾ ਤੈਅ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ
ਬੈਟਰੀ ਅਤੇ ਐਲੂਮੀਨੀਅਮ ਸਕ੍ਰੈਪ ਦੇ ਦੋ ਟਰੱਕ ਰੋਕੇ, 3.86 ਲੱਖ ਜੁਰਮਾਨਾ ਵਸੂਲਿਆ
ਮੋਬਾਇਲ ਵਿੰਗ ਟੀਮ ਨੇ ਅੰਮ੍ਰਿਤਸਰ ਦੇ ਫੋਕਲ ਪੁਆਇੰਟ ’ਚ ਬੈਟਰੀ ਦੇ ਸਕ੍ਰੈਪ ਨਾਲ ਭਰੇ ਇਕ ਵਾਹਨ ਨੂੰ ਫੜ ਲਿਆ, ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਉਣ ’ਤੇ 1.31 ਲੱਖ ਜੁਰਮਾਨਾ ਵਸੂਲ ਕੀਤਾ। ਇਸੇ ਤਰ੍ਹਾਂ ਐਲੂਮੀਨੀਅਮ ਸਕ੍ਰੈਪ ਦੇ ਇਕ ਟਰੱਕ ਨੂੰ ਹਰੀਕੇ ਪਤਨ ਦੇ ਨੇੜੇ ਰੋਕ ਲਿਆ ਜੋ ਲੁਧਿਆਣਾ ਜਾ ਰਿਹਾ ਸੀ। ਇਸ ਵਿਚ ਲੱਗੇ ਹੋਏ ਮਾਲ ’ਤੇ 2.55 ਲੱਖ ਰੁਪਏ ਜੁਰਮਾਨਾ ਹੋਇਆ।
ਮਿਕਸ-ਗੁਡਸ ’ਤੇ 5.56 ਲੱਖ ਰੁਪਏ ਜੁਰਮਾਨਾ
ਮੋਬਾਇਲ ਵਿੰਗ ਟੀਮ ਨੇ ਪੰਡਿਤ ਰਮਨ ਦੀ ਅਗਵਾਈ ’ਚ ਦਿੱਲੀ ਤੋਂ ਆ ਰਹੇ ਮਾਲ ਦੇ ਇਕ ਵਾਹਨ ਨੂੰ ਅੰਮ੍ਰਿਤਸਰ ਦੀ ਮਾਲ ਮੰਡੀ ’ਚ ਫੜ ਲਿਆ। ਇਸ ਵਿਚ ਲੱਗਿਆ ਹੋਇਆ ਰੱਲਿਆ-ਮਿਲਿਆ ਕਈ ਕੈਟਾਗਿਰੀ ਦਾ ਸਾਮਾਨ ਦਿੱਲੀ ਤੋਂ ਆ ਰਿਹਾ ਸੀ। ਵਾਹਨ ਚਾਲਕ ਇਸ ਮਾਲ ਦੇ ਸਹੀ ਦਸਤਾਵੇਜ਼ ਨਾ ਪੇਸ਼ ਕਰਨ ’ਤੇ ਇਸ ’ਤੇ 5.56 ਲੱਖ ਰੁਪਏ ਜੁਰਮਾਨਾ ਸਰਕਾਰ ਦੇ ਗੱਲੇ ’ਚ ਪਹੁੰਚਿਆ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ
ਜਾਂਦੀ ਬਹਾਰ ਦੀ ਮੂੰਗਫਲੀ ਵੀ ਆ ਗਈ ‘ਦਾੜ੍ਹ’ ਹੇਠਾਂ
ਉਂਝ ਤਾਂ ਸਰਦੀ ਦਾ ਮੂੰਗਫਲੀ ਦਾ ਇਹ ਸੀਜ਼ਨ ਜਾਣ ਵਾਲਾ ਹੈ, ਪਰ ਫਿਰ ਵੀ ਮੋਬਾਇਲ ਵਿੰਗ ਟੀਮ ਦੇ ‘ਜਬੜੇ’ ਵਿਚ ਮੂੰਗਫਲੀ ਵੀ ਆ ਗਈ। ਦੱਸਿਆ ਜਾਂਦਾ ਹੈ ਕਿ ਰਾਜਸਥਾਨ ਤੋਂ ਆਉਣ ਵਾਲਾ ਮੂੰਗਫਲੀ ਦਾ ਟਰੱਕ ਲੁਧਿਆਣਾ ਜਾ ਰਿਹਾ ਸੀ। ਅੱਗੇ ਤੋਂ ਮੋਬਾਇਲ ਵਿੰਗ ਅਧਿਕਾਰੀ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਇਸ ਨੂੰ ਜੀਰਾ ਦੇ ਨੇੜੇ ਫੜ ਲਿਆ। ਟੀਮ ਨੇ ਇਸ ’ਤੇ 2.20 ਲੱਖ ਰੁਪਏ ਜੁਰਮਾਨਾ ਕੀਤਾ।
ਟੈਕਸ ਚੋਰੀ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ
ਮੋਬਾਇਲ ਵਿੰਗ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੇ ਕਿਹਾ ਹੈ ਕਿ ਟੈਕਸੇਸ਼ਨ ਵਿਭਾਗ ਦਾ ਟੈਕਸ ਚੋਰੀ ਖਿਲਾਫ ਅਭਿਆਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀ ਟੀਮ ਦਿਨ-ਰਾਤ ਫੀਲਡ ’ਚ ਕੰਮ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8