ਦੇਰ ਰਾਤ ਸਪੈਸ਼ਲ ਨਾਕੇ ’ਤੇ ਤਾਇਨਾਤ ਨਸ਼ੇ ’ਚ ਟੱਲੀ ਥਾਣੇਦਾਰ ਨੂੰ ਐੱਸ. ਐੱਸ. ਪੀ. ਨੇ ਕੀਤਾ ਸਸਪੈਂਡ

12/18/2020 2:47:48 PM

ਤਰਨਤਾਰਨ (ਰਮਨ): ਦੇਰ ਰਾਤ ਸਪੈਸ਼ਲ ਪੁਲਸ ਨਾਕੇ ’ਤੇ ਤਾਇਨਾਤ ਨਸ਼ੇ ’ਚ ਟੱਲੀ ਥਾਣੇਦਾਰ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਵਲੋਂ ਸਸਪੈਂਡ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਐਕਸ਼ਨ ਤੋਂ ਬਾਅਦ ਪੁਲਸ ਨਾਕਿਆਂ ’ਤੇ ਤਾਇਨਾਤ ਸਮੂਹ ਕਰਮਚਾਰੀ ਅਲਰਟ ਹੋ ਗਏ ਹਨ।ਜਾਣਕਾਰੀ ਅਨੁਸਾਰ ਜੰਡਿਆਲਾ ਬਾਈਪਾਸ ਚੌਕ ’ਚ ਇਕ ਵਿਸ਼ੇਸ਼ ਨਾਕਾ ਐੱਸ.ਐੱਸ.ਪੀ. ਦੇ ਹੁਕਮਾਂ ’ਤੇ ਲਗਾਇਆ ਗਿਆ ਸੀ। ਜਿਸ ਤਹਿਤ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਅਤੇ ਲੋਕਾਂ ਉੱਪਰ ਤਿੱਖੀ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਸਨ।

ਨਾਕੇ ’ਤੇ ਤਾਇਨਾਤ ਥਾਣੇਦਾਰ ਕੁਲਦੀਪ ਸਿੰਘ ਵਲੋਂ ਸ਼ਰਾਬ ਨਾਲ ਟੱਲੀ ਹੋ ਨਾਕੇ ’ਤੇ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਡਿਊਟੀ ’ਤੇ ਦੋ ਮਹਿਲਾ ਪੁਲਸ ਕਰਮਚਾਰਨਾਂ ਵੀ ਮੌਜੂਦ ਸਨ। ਥਾਣੇਦਾਰ ਦੇ ਪੈਰ ਜ਼ਮੀਨ ਹੇਠਾਂ ਨਾ ਲੱਗਦੇ ਵੇਖ ਕੁਝ ਰਾਹਗਿਰਾਂ ਵਲੋਂ ਇਸ ਦੀ ਸੂਚਨਾ ਐੱਸ.ਐੱਸ.ਪੀ. ਧਰੁਮਨ ਐੱਚ. ਨਿੰਬਾਲੇ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਜਾਂਚ ਲਈ ਦੇਰ ਰਾਤ ਕਰੀਬ 11.30 ਵਜੇ ਇੰਸਪੈਕਟਰ ਪ੍ਰਭਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਸ਼ਰਾਬ ’ਚ ਟੱਲੀ ਥਾਣੇਦਾਰ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਮੈਡੀਕਲ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਅਲਕੋਹਲ ਪੀਣ ਦੀ ਪੁਸ਼ਟੀ ਕਰਨ ਉਪਰੰਤ ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਾਲੇ ਨੇ ਥਾਣੇਦਾਰ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਅਜਿਹੇ ਹਾਲਾਤਾਂ ’ਚ ਮਹਿਲਾ ਕਰਮਚਾਰਨਾਂ ਨੂੰ ਸ਼ਰਾਬੀ ਹਾਲਤ ’ਚ ਕਈ ਕਰਮਚਾਰੀਆਂ ਨਾਲ ਦੇਰ ਰਾਤ ਡਿਊਟੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ, ਜਿਸ ਸਬੰਧੀ ਮਹਿਲਾ ਪੁਲਸ ਕਰਮਚਾਰਨਾਂ ਨੇ ਐੱਸ.ਐੱਸ.ਪੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਰਾਤ ਸਮੇਂ ਅਜਿਹੇ ਨਾਕਿਆਂ ’ਤੇ ਡਿਊਟੀ ਲਗਾਉਣ ਦੀ ਬਜਾਏ ਦਿਨ ਵੇਲੇ ਲਗਾਈ ਜਾਵੇ।ਇਸ ਸਬੰਧੀ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਡਿਊਟੀ ’ਚ ਕੁਤਾਹੀ ਕਰਨ ਤਹਿਤ ਥਾਣੇਦਾਰ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕਰਮਚਾਰਨਾਂ ਨੂੰ ਰਾਤ ਸਮੇਂ ਨਾਕਿਆਂ ’ਤੇ ਤਾਇਨਾਤ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿਊਟੀ ’ਚ ਕੁਤਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


Shyna

Content Editor

Related News