ਦਾਜ ਦੇ ਲੋਭੀਆਂ ਨੇ ਗਰਭਵਤੀ ਵਿਆਹੁਤਾ ਨੂੰ ਦਿੱਤਾ ਜ਼ਹਿਰ, ਮੌਤ

07/11/2019 11:27:34 PM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)— ਗੁਰਦਾਸਪੁਰ ਸ਼ਹਿਰ ਦੇ ਹਰਦੋਛੰਨੀ ਰੋਡ 'ਤੇ ਕਰੀਬ ਡੇਢ ਸਾਲ ਪਹਿਲਾਂ ਵਿਆਹੀ ਗਈ ਇਕ ਵਿਆਹੁਤਾ ਨੂੰ ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਦਿੱਤੀ ਗਈ ਜ਼ਹਿਰੀਲੀ ਚੀਜ਼ ਨਾਲ ਵਿਆਹੁਤਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ 'ਚ ਪੁਲਸ ਨੇ ਉਕਤ ਵਿਆਹੁਤਾ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਹਾਲ ਦੀ ਘੜੀ ਸਾਰੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਇਸ ਸਬੰਧੀ ਮ੍ਰਿਤਕ ਲੜਕੀ ਦੀ ਮਾਤਾ ਸਰਬਜੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਪਿੰਡ ਸੀਰਕੀਆਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੇ ਬਹੁਤ ਮੁਸ਼ਕਲ ਨਾਲ ਪੈਸਿਆਂ ਦਾ ਪ੍ਰਬੰਧ ਕਰ ਕੇ 18 ਜਨਵਰੀ 2018 ਨੂੰ ਆਪਣੀ ਪੁੱਤਰੀ ਸਿਮਰਨਜੀਤ ਕੌਰ ਦਾ ਵਿਆਹ ਗੁਰਦਾਸਪੁਰ ਦੇ ਹਰਦੋਛੰਨੀ ਰੋਡ ਦੇ ਵਸਨੀਕ ਰਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਨਾਲ ਕੀਤਾ ਸੀ। ਵਿਆਹ ਦੌਰਾਨ ਉਸ ਨੇ ਬਹੁਤ ਕੋਸ਼ਿਸ਼ ਕਰ ਕੇ ਧੀ ਨੂੰ ਜ਼ਰੂਰੀ ਸਾਮਾਨ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਸ ਦੀ ਲੜਕੀ ਦਾ ਸਹੁਰਾ ਪਰਿਵਾਰ ਉਸ ਕੋਲੋਂ ਹੋਰ ਦਾਜ ਦੀ ਮੰਗ ਕਰਨ ਲੱਗ ਪਿਆ ਅਤੇ ਬੁਲਟ ਮੋਟਰਸਾਈਕਲ ਦੀ ਮੰਗ ਕਰ ਕੇ ਉਸ ਨੂੰ ਬੇਹੱਦ ਪ੍ਰੇਸ਼ਾਨ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਉਸ ਦੀ ਛੋਟੀ ਪੁੱਤਰੀ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਸਿਰ 'ਤੇ ਸੀ, ਜਿਸ ਕਾਰਣ ਉਹ ਮੰਗ ਨਹੀਂ ਦੇ ਸਕੀ।

ਗਰਭ 'ਚ ਲੜਕੀ ਹੋਣ ਕਾਰਣ ਦਿੱਤਾ ਜ਼ਹਿਰ
ਸ਼ਿਕਾਇਤ ਵਿਚ ਲੜਕੀ ਦੀ ਮਾਂ ਨੇ ਦੋਸ਼ ਲਾਏ ਹਨ ਕਿ ਜਦੋਂ ਉਸ ਦੀ ਪੁੱਤਰੀ ਸਿਮਰਨਜੀਤ ਕੌਰ ਕਰੀਬ 6 ਮਹੀਨਿਆਂ ਦੀ ਗਰਭਵਤੀ ਹੋਈ ਤਾਂ ਉਸ ਦੀ ਸੱਸ ਨੇ ਉਸ ਦਾ ਟੈਸਟ ਕਰਵਾ ਕੇ ਪਤਾ ਲਗਵਾ ਲਿਆ ਕਿ ਉਸ ਦੇ ਪੇਟ ਵਿਚ ਲੜਕੀ ਪਲ ਰਹੀ ਹੈ। ਇਸ ਕਾਰਣ ਉਸ ਦਾ ਗਰਭਪਾਤ ਕਰਵਾਉਣ ਲਈ ਸੱਸ ਨੇ ਉਸ ਨੂੰ ਰੋਟੀ ਵਿਚ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ। ਇਸ ਦਵਾਈ ਕਾਰਣ ਸਿਮਰਨ ਦੀ ਹਾਲਤ ਵਿਗੜ ਗਈ, ਜਿਸ ਨੂੰ ਪਹਿਲਾਂ ਗੁਰਦਾਸਪੁਰ ਦੇ ਇਕ ਹਸਪਤਾਲ 'ਚ ਰੱਖਿਆ ਗਿਆ ਅਤੇ ਬਾਅਦ 'ਚ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਜਾ ਕੇ ਉਹ ਕਰੀਬ 12 ਦਿਨ ਇਕ ਨਿੱਜੀ ਹਸਪਤਾਲ ਦਾਖਲ ਰਹੀ ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਇਕ ਹੋਰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਜ਼ਹਿਰ ਕਾਰਣ ਉਸ ਦੀ ਲੜਕੀ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਸਨ, ਜਿਸ ਕਾਰਣ ਕਰੀਬ 4 ਮਹੀਨਿਆਂ ਤੋਂ ਉਸ ਦੀ ਹਾਲਤ ਕਾਫੀ ਵਿਗੜਦੀ ਗਈ।

19 ਜੂਨ ਨੂੰ ਖੁਦ ਵਿਆਹੁਤਾ ਨੇ ਕੀਤੀ ਸੀ ਪੁਲਸ ਨੂੰ ਸ਼ਿਕਾਇਤ
ਹਸਪਤਾਲ ਵਿਚ ਰਹਿਣ ਦੇ ਬਾਅਦ ਸਿਮਰਨ ਆਪਣੀ ਮਾਂ ਦੇ ਘਰ ਆ ਗਈ ਪਰ ਪਤੀ ਵੱਲੋਂ ਉਸ ਨੂੰ ਆਪਣੇ ਨਾਲ ਨਾ ਲਿਜਾਣ ਕਾਰਣ ਸਿਮਰਨ ਅਤੇ ਉਸ ਦੀ ਮਾਂ ਨੇ 19 ਜੂਨ ਨੂੰ ਵੂਮੈਨ ਸੈੱਲ ਗੁਰਦਾਸਪੁਰ ਕੋਲ ਸ਼ਿਕਾਇਤ ਕਰ ਕੇ ਉਪਰੋਕਤ ਸਾਰੀ ਕਹਾਣੀ ਦੱਸੀ ਅਤੇ ਸਿਮਰਨ ਨੇ ਆਪਣੇ ਪਤੀ, ਸਹੁਰੇ ਅਤੇ ਸੱਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਸ ਕਾਰਣ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਕਿ 9 ਜੁਲਾਈ ਨੂੰ ਸਿਮਰਨ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਣ ਉਸ ਦੀ ਮੌਤ ਹੋ ਗਈ। ਇਸ ਕਾਰਣ ਹੁਣ ਪੁਲਸ ਨੇ ਉਸ ਦੇ ਪਤੀ ਰਜਿੰਦਰ ਸਿੰਘ, ਸੱਸ ਹਰਜੀਤ ਕੌਰ ਅਤੇ ਸਹੁਰਾ ਦਲਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


KamalJeet Singh

Content Editor

Related News