ਪੁਲਸ ਨੇ ਟੀਨੂੰ ਸਣੇ ਪੰਜ ਖ਼ਿਲਾਫ਼ ਪਰਚਾ ਕੀਤਾ ਦਰਜ, ਗੰਭੀਰ ਦੋ ਗੈਂਗਸਟਰਾਂ ਨੂੰ ਕੀਤਾ ਗਿਆ ਅੰਮ੍ਰਿਤਸਰ ਰੈਫ਼ਰ

01/10/2023 1:11:17 PM

ਤਰਨਤਾਰਨ (ਰਮਨ)- ਬੀਤੇ ਸ਼ਨੀਵਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਧੜੇ ਅਤੇ ਦੂਸਰੇ ਗੈਂਗਸਟਰ ਧੜੇ ਦਰਮਿਆਨ ਹੋਈ ਲੜਾਈ ਦੌਰਾਨ ਸੁਰੱਖਿਆ ਮੁਲਾਜ਼ਮ ਸਮੇਤ ਕੁਲ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਸਹਾਇਕ ਸੁਪਰਡੈਂਟ ਜੇਲ੍ਹ ਦੇ ਬਿਆਨਾਂ ਹੇਠ ਜਿੱਥੇ ਪੁਲਸ ਨੇ 5 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਸਿਵਲ ਹਸਪਤਾਲ ਤਰਨ ਤਾਰਨ ਦੇ ਡਾਕਟਰਾਂ ਵਲੋਂ ਗੰਭੀਰ ਰੂਪ ਵਿਚ ਜ਼ਖ਼ਮੀ ਦੋ ਗੈਂਗਸਟਰਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ। ਜਦਕਿ ਇਕ ਨੂੰ ਛੁੱਟੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਜੇਰੇ ਇਲਾਜ ਇਕ ਗੈਂਗਸਟਰ ਵਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਖ਼ਿਲਾਫ ਰਿਸ਼ਵਤ ਲੈਣ ਅਤੇ ਦੂਸਰੇ ਧੜੇ ਦੀ ਮਦਦ ਕਰਨ ਸਬੰਧੀ ਗੰਭੀਰ ਆਰੋਪ ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ- ਸਹੁਰੇ ਗਏ ਵਿਅਕਤੀ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, 14 ਤੋਲਾ ਸੋਨਾ ਤੇ ਲੈਪਟਾਪ ਚੋਰੀ ਕਰਕੇ ਹੋਏ ਫਰਾਰ

ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਜੇਲ੍ਹ ਸੁਪਰਡੈਂਟ ਕਰਨੈਲ ਸਿੰਘ ਵਲੋਂ ਦਿੱਤੇ ਗਏ ਬਿਆਨਾਂ ਵਿਚ ਦੱਸਿਆ ਗਿਆ ਹੈ ਕਿ ਜੇਲ੍ਹ ਦੀ ਵਾਰਡ ਨੰਬਰ-1 ਵਿਚ ਬੰਦੀ ਮਨਦੀਪ ਸਿੰਘ ਜ਼ਿਲ੍ਹਾ ਤਰਨਤਾਰਨ ਜੋ ਵੱਖ-ਵੱਖ ਮਾਮਲਿਆਂ ਤਹਿਤ ਜੇਲ੍ਹ ਵਿਚ ਬੰਦ ਹੈ ਤੇ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਵੀ ਉੱਥੇ ਹੀ ਬੰਦ ਹੈ। ਦੀਪਕ ਟੀਨੂੰ ਦਵਾਈ ਲੈਣ ਸਬੰਧੀ ਡਿਊਟੀ ’ਤੇ ਤਾਇਨਾਤ ਜੇਲ੍ਹ ਵਾਰਡਰ ਸੁਖਜਿੰਦਰ ਸਿੰਘ ਅਤੇ ਪੋਸਕੋ ਕਰਮਚਾਰੀ ਸਰਬਜੀਤ ਸਿੰਘ ਨੂੰ ਬਹਾਨੇ ਲਗਾਉਣ ਲੱਗ ਪਏ। ਜਦੋਂ ਗੈਂਗਸਟਰ ਟੀਨੂੰ ਅਤੇ ਕੈਦੀ ਮਨਦੀਪ ਸਿੰਘ ਨੂੰ ਦਵਾਈ ਲੈਣ ਲਈ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਇਨ੍ਹਾਂ ਦੋਹਾਂ ਨੇ ਵਾਰਡ ਨੰਬਰ-4 ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ- ਸਿਹਤ ਵਿਭਾਗ ਨੇ ਛਾਪੇਮਾਰੀ ਦੌਰਾਨ 9 ਦੁਕਾਨਦਾਰਾਂ ਦੇ ਕੱਟੇ ਚਲਾਨ, ਜ਼ਬਤ ਕੀਤੇ ਪਲਾਸਟਿਕ ਦੇ ਲਿਫਾਫੇ ਤੇ ਡੱਬੇ

 ਇਸ ਦੌਰਾਨ ਦੋਵੇਂ ਮੁਲਜ਼ਮ ਜੇਲ੍ਹ ਕਰਮਚਾਰੀ ਸੁਖਵਿੰਦਰ ਸਿੰਘ ਨੂੰ ਜ਼ਖ਼ਮੀ ਕਰਦੇ ਹੋਏ ਵਾਰਡ ਨੰਬਰ-4 ਦਾ ਤਾਲਾ ਤੋੜ ਅੰਦਰ ਦਾਖਲ ਹੋ ਗਏ। ਜਿਨ੍ਹਾਂ ਵਲੋਂ ਚੱਕੀ ਵਿਚ ਬੰਦ ਕੈਦੀ ਕਰਨਪ੍ਰੀਤ ਸਿੰਘ ਵਾਸੀ ਫੇਸ-2, ਜਲੰਧਰ, ਅਮਨ ਵਾਸੀ ਜਲੰਧਰ ਅਤੇ ਮਨੀਸ਼  ਵਾਸੀ ਬਸਤੀ ਸ਼ੇਖ ਜਲੰਧਰ ਨਾਲ ਲੜਾਈ-ਝਗੜਾ ਕਰਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟੀਨੂੰ ਅਤੇ ਮਨਦੀਪ ਸਿੰਘ ਵਲੋਂ ਇਨ੍ਹਾਂ ਮੁਲਜ਼ਮਾਂ ਖਿਲਾਫ ਕੀਤੇ ਹਮਲੇ ਦੌਰਾਨ ਉਹ ਜ਼ਖਮੀ ਹੋ ਗਏ। ਜੇਲ੍ਹ ਅੰਦਰ ਇਸ ਹਮਲੇ ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਇਕੱਤਰ ਹੋ ਝਗੜੇ ਨੂੰ ਸ਼ਾਂਤ ਕਰਵਾਇਆ ਗਿਆ। ਹਮਲਾਵਰਾਂ ਵਲੋਂ ਜੇਲ੍ਹ ਅੰਦਰ ਲੋਹੇ ਦੀਆਂ ਪੱਤੀਆਂ ਨਾਲ ਹਮਲਾ ਕੀਤਾ ਗਿਆ ਸੀ। ਜੇਲ੍ਹ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਵਲੋਂ ਸਾਰੀ ਸਥਿਤੀ ਨੂੰ ਕਾਬੂ ਕਰਦੇ ਹੋਏ ਜ਼ਖ਼ਮੀ ਕਰਨਪ੍ਰੀਤ ਸਿੰਘ, ਅਮਨ ਅਤੇ ਮਨੀਸ਼ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਚ ਬੀਤੀ ਰਾਤ 12 ਵਜੇ ਭੇਜ ਦਿੱਤਾ ਗਿਆ।

ਇਲਾਜ ਲਈ ਤਰਨਤਾਰਨ ਦੇ ਹਸਪਤਾਲ ਵਿਚ ਦਾਖ਼ਲ ਮਨੀਸ਼ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਲ੍ਹ ਵਿਚ ਮੌਜੂਦ ਸਹਾਇਕ ਸੁਪਰਡੈਂਟ ਬਲਬੀਰ ਸਿੰਘ ਵਲੋਂ ਦੀਪਕ ਟੀਨੂੰ, ਮਨਦੀਪ ਸਿੰਘ ਅਤੇ ਇਸ ਦੇ ਸਾਥੀ ਪਾਸੋਂ ਰਿਸ਼ਵਤ ਵਸੂਲਣ ਤੋਂ ਬਾਅਦ ਉਨ੍ਹਾਂ ਉੱਪਰ ਹਮਲਾ ਕਰਵਾਇਆ ਗਿਆ। ਮਨੀਸ਼ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਦੀ ਗਿਣਤੀ ਕਰੀਬ 25-30 ਸੀ।

ਇਹ ਵੀ ਪੜ੍ਹੋ- ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਇਲ ਦੀਆਂ ਸਿਮਾਂ ਬੰਦ ਹੋਣ ਕਰਕੇ ਸਿਹਤ ਵਿਭਾਗ ਦਾ ਕੰਮ ਠੱਪ

ਉੱਧਰ ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਸਹਾਇਕ ਸੁਪਰਡੈਂਟ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਉੱਪਰ ਲਗਾਏ ਗਏ ਸਾਰੇ ਦੋਸ਼ ਬੇ-ਬੁਨਿਆਦ ਅਤੇ ਝੂਠੇ ਹਨ। ਸਿਵਲ ਹਸਪਤਾਲ ਤਰਨ ਤਾਰਨ ਦੇ ਸਹਾਇਕ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਕਾਲੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੰਭੀਰ ਰੂਪ ਵਿਚ ਜ਼ਖਮੀ ਕਰਨਪ੍ਰੀਤ ਸਿੰਘ ਅਤੇ ਅਮਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ ਜਦ ਕਿ ਮਨੀਸ਼ ਨੂੰ ਮਾਮੂਲੀ ਸੱਟਾਂ ਹੋਣ ਕਾਰਨ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ। ਡੀ.ਐੱਸ.ਪੀ ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਸੁਪਰਡੈਂਟ ਦੇ ਬਿਆਨਾਂ ਹੇਠ 5 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਇਹ ਪਤਾ ਲਗਾਇਆ ਜਾਵੇਗਾ ਕਿ ਹਮਲਾ ਕਰਨ ਵਾਲਿਆਂ ਵਿਚ ਹੋਰ ਕੌਣ-ਕੌਣ ਸ਼ਾਮਲ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News