ਪਿੰਡ ਚੰਡੇ ''ਚ ਠੱਗੀਆਂ ਮਾਰਨ ਵਾਲੇ ਪਾਖੰਡੀ ਸਾਧ ਨੇ ਕੀਤੀ ਤੌਬਾ

04/05/2018 2:01:37 PM

ਮਜੀਠਾ (ਪ੍ਰਿਥੀਪਾਲ) : ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਚੰਡੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਇਕ ਪਾਖੰਡੀ ਸਾਧ ਪਾਸੋਂ ਅੱਗੇ ਤੋਂ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਪਾ ਕੇ ਠੱਗੀਆਂ ਨਾ ਮਾਰਨ ਦੀ ਤੌਬਾ ਕਰਵਾਈ ਗਈ। ਬਬਲੂ ਪੁੱਤਰ ਵਿਦਿਆ ਸ਼੍ਰੀ ਹਾਲ ਵਾਸੀ ਪਿੰਡ ਚੰਡੇ ਜਿਹੜਾ ਕਿ ਪਿਛਲੇ ਕਰੀਬ 6 ਮਹੀਨਿਆਂ ਤੋਂ ਇਸ ਪਿੰਡ ਰਹਿ ਰਿਹਾ ਹੈ ਅਤੇ ਆਪਣੇ ਘਰ ਵਿਚ ਹੀ ਜਗ੍ਹਾ ਬਣਾ ਕੇ ਭੋਲੇ-ਭਾਲੇ ਲੋਕਾਂ ਨੂੰ ਧਾਗੇ, ਤਵੀਤ, ਜਲ, ਸੁਆਹ ਦੀਆਂ ਪੁੜੀਆਂ ਦੇ ਕੇ ਵਹਿਮਾਂ-ਭਰਮਾਂ ਵਿਚ ਪਾ ਕੇ ਆਰਥਿਕ ਲੁੱਟ ਕਰਦਾ ਸੀ।  ਇਸ ਦੀ ਸ਼ਿਕਾਇਤ ਕੁਝ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਦਿੱਤੀ ਤਾਂ ਕਮੇਟੀ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਮੁੱਛਲ ਨੇ ਸਾਥੀਆਂ ਨਾਲ ਸਥਾਨਕ ਪੁਲਸ ਪ੍ਰਸ਼ਾਸਨ ਤੇ ਪਿੰਡ ਦੇ ਆਮ ਲੋਕਾਂ ਅਤੇ ਮੋਹਤਬਰਾਂ ਦੀ ਹਾਜ਼ਰੀ ਵਿਚ ਉਸ ਦਾ ਪਰਦਾਫਾਸ਼ ਕੀਤਾ, ਜਿਸ 'ਤੇ ਸਤਿਕਾਰ ਕਮੇਟੀ, ਪੁਲਸ ਪ੍ਰਸ਼ਾਸਨ ਤੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਦੋਵਾਂ ਨੇ ਅੱਗੇ ਤੋਂ ਆਪਣੇ ਘਰ ਵਿਚ ਕੋਈ ਜਗ੍ਹਾ ਬਣਾ ਕੇ ਪਾਖੰਡ ਨਾ ਕਰਨ, ਗੁਰਮਤਿ ਵਿਰੋਧੀ ਕੰਮ ਨਾ ਕਰਨ, ਲੋਕਾਂ ਨੂੰ ਆਪਣੇ ਘਰ ਅਜਿਹੇ ਕੰਮ ਲਈ ਨਾ ਸੱਦਣ ਦੀ ਲਿਖਤੀ ਮੁਆਫੀ ਮੰਗ ਕੇ ਅਜਿਹਾ ਕਰਨ 'ਤੇ ਤੌਬਾ ਕੀਤੀ।  ਇਸ ਮੌਕੇ ਥਾਣਾ ਮਜੀਠਾ ਦੇ ਅਡੀਸ਼ਨਲ ਐੱਸ. ਐੱਚ. ਓ. ਮੇਹਰ ਸਿੰਘ, ਭਾਈ ਨਿਸ਼ਾਨ ਸਿੰਘ, ਸਰਪੰਚ ਸੂਬਾ ਸਿੰਘ, ਸੁਰਜੀਤ ਸਿੰਘ, ਮਲਕੀਤ ਸਿੰਘ, ਧੀਰ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਪ੍ਰਣਾਮ ਸਿੰਘ, ਸੇਵਾ ਸਿੰਘ ਆਦਿ ਹਾਜ਼ਰ ਸਨ।


Related News