ਜਨਤਕ ਥਾਵਾਂ 'ਤੇ ਮੋਬਾਇਲ ਚਾਰਜਿੰਗ ਕਰਨ ਵਾਲੇ ਸਾਵਧਾਨ! ਸਰਕਾਰ ਨੇ ਜਾਰੀ ਕੀਤੀ ਚਿਤਾਵਨੀ
Saturday, Mar 30, 2024 - 08:11 PM (IST)
ਗੈਜੇਟ ਡੈਸਕ- ਕੇਂਦਰ ਸਰਕਾਰ ਨੇ ਲੋਕਾਂ ਨੂੰ ਹਵਾਈ ਅੱਡਿਆਂ, ਕੈਫੇ, ਹੋਟਲ ਅਤੇ ਬੱਸ ਅੱਡਿਆਂ ਵਰਗੀਆਂ ਜਨਤਕ ਥਾਵਾਂ 'ਤੇ ਫੋਨ ਚਾਰਜਿੰਗ ਪੋਰਟਲ ਦਾ ਇਸਤੇਮਾਲ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਦਰਅਸਲ, ਅਜਿਹਾ ਕਰਨ ਦਾ ਮਕਸਦ ਲੋਕਾਂ ਨੂੰ 'ਯੂ.ਐੱਸ.ਬੀ. ਚਾਰਜਰ ਸਕੈਮ' ਤੋਂ ਬਚਾਉਣਾ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-IN) ਨੇ ਇਕ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਇਸ ਸਰਕਾਰੀ ਏਜੰਸੀ ਨੇ ਐਕਸ 'ਤੇ ਇਕ ਪੋਸਟ ਕਰਦੇ ਹੋਏ ਜਨਤਕ ਥਾਵਾਂ 'ਤੇ ਮੋਬਾਇਲ, ਲੈਪਟਾਪ ਅਤੇ ਹੋਰ ਗੈਜੇਟ ਨੂੰ ਚਾਰਜ ਕਰਨ ਤੋਂ ਮਨ੍ਹਾ ਕੀਤਾ ਹੈ।
CERT-IN ਵੱਲੋਂ ਕਿਹਾ ਗਿਆ ਹੈ ਕਿ ਏਅਰਪੋਰਟ, ਬੱਸ ਸਟੈਂਡ, ਵਰਗੀਆਂ ਜਨਤਕ ਥਾਵਾਂ 'ਤੇ ਲੱਗੇ ਯੂ.ਐੱਸ.ਬੀ. ਪੋਰਟ ਰਾਹੀਂ ਗੈਜੇਟ ਨੂੰ ਚਾਰਜ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। CERT-IN ਮੁਤਾਬਕ, ਅਜਿਹੀਆਂ ਥਾਵਾਂ 'ਤੇ ਲੱਗੇ ਚਾਰਜਿੰਗ ਪੋਰਟ ਦੀ ਮਦਦ ਨਾਲ ਹੈਕਰ ਤੁਹਾਡੇ ਸਿਸਟਮ ਜਾਂ ਮੋਬਾਇਲ 'ਚ ਮਾਲਵੇਅਰ ਇੰਸਟਾਲ ਕਰ ਸਕਦੇ ਹਨ ਅਤੇ ਡਾਟਾ ਵੀ ਚੋਰੀ ਕੀਤਾ ਜਾ ਸਕਦਾ ਹੈ।
Safety tip of the day: Beware of USB charger scam.#indiancert #cyberswachhtakendra #staysafeonline #cybersecurity #besafe #staysafe #mygov #Meity #onlinefraud #cybercrime #scam #cyberalert #CSK #cybersecurityawareness pic.twitter.com/FBIgqGiEnU
— CERT-In (@IndianCERT) March 27, 2024
CERT-IN ਮੁਤਾਬਕ, ਜੂਸ ਜੈਕਿੰਗ ਲਈ ਇਸ ਤਰ੍ਹਾਂ ਦੇ ਚਾਰਜਿੰਗ ਹਬ ਸਭ ਤੋਂ ਸਹੀ ਥਾਂ ਹੁੰਦੇ ਹਨ। ਕਿਸੇ ਵੀ ਜਨਤਕ ਥਾਂ 'ਤੇ ਲੱਗੇ ਚਾਰਜਿੰਗ ਪੋਰਟ 'ਚ ਆਪਣੇ ਫੋਨ ਨੂੰ ਚਾਰਜ ਕਰਨ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚੋ। ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਆਪਣੇ ਗੈਜੇਟ ਨੂੰ ਸਵਿੱਚ ਆਫ ਕਰਨ ਤੋਂ ਬਾਅਦ ਹੀ ਜਨਤਕ ਥਾਵਾਂ 'ਤੇ ਚਾਰਜ ਕਰੋ।