ਝਾੜੀਆਂ ''ਚੋਂ ਲਾਵਾਰਸ ਹਾਲਤ ''ਚ ਮਿਲੀ ਨਵਜੰਮੀ ਬੱਚੀ

10/01/2019 8:53:56 PM

ਬਟਾਲਾ, (ਬੇਰੀ)— ਮੰਗਲਵਾਰ ਰਾਤ ਸਮੇਂ ਬੀਕੋ ਕੰਪਲੈਕਸ ਸਥਿਤ ਝਾੜੀਆਂ 'ਚੋਂ ਨਵਜੰਮੀ ਬੱਚੀ ਲਾਵਾਰਿਸ ਹਾਲਤ 'ਚ ਮਿਲੀ ਹੈ।
ਇਸ ਸਬੰਧੀ ਪੁਲਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਨਵਜੰਮੀ ਬੱਚੀ ਨੂੰ ਕੋਈ ਬੀਕੋ ਕੰਪਲੈਕਸ ਦੀਆਂ ਝਾੜੀਆਂ 'ਚ ਸੁੱਟ ਕੇ ਚਲਾ ਗਿਆ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ ਤੇ ਬਟਾਲਾ ਗੈਸ ਏਜੰਸੀ 'ਚ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਬੱਚੀ ਨੂੰ ਝਾੜੀਆਂ 'ਚੋਂ ਕੱਢ ਕੇ ਤੁਰੰਤ ਉਸਦੀ ਸਹਾਇਤਾ ਕਰਦਿਆਂ ਉਸ ਨੂੰ ਕੱਪੜੇ 'ਚ ਲਪੇਟਿਆ ਤੇ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ, ਜਿਥੇ ਬੱਚੀ ਨੂੰ ਇਲਾਜ ਵਾਸਤੇ ਦਾਖਲ ਕਰਵਾ ਦਿੱਤਾ ਗਿਆ ਹੈ।

ਚੌਂਕੀ ਇੰਚਾਰਜ ਨੇ ਦੱਸਿਆ ਕਿ ਇਸ ਸਬੰਧੀ ਗੁਰਦਾਸਪੁਰ ਚਾਈਲਡ ਵਿਭਾਗ ਨਾਲ ਗੱਲਬਾਤ ਕਰ ਕੇ ਬੱਚੀ ਦੀ ਦੇਖ ਰੇਖ ਲਈ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ. ਐੱਸ. ਆਈ. ਬਲਵੀਰ ਸਿੰਘ, ਨੌਜਵਾਨ ਰਿੰਕੂ ਤੇ ਰਾਣੀ ਪਤਨੀ ਵਿਜੈ ਕੁਮਾਰ ਵਾਸੀ ਕਾਦਰਾਂਬਾਦ ਵੀ ਮੌਜੂਦ ਸੀ। ਇਸ ਦੌਰਾਨ ਰਾਣੀ ਨੇ ਦੱਸਿਆ ਕਿ ਇਹ ਬੱਚੀ ਮੇਰੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਹੈ ਅਤੇ ਜੇਕਰ ਪ੍ਰਸ਼ਾਸਨ ਇਸ ਬੱਚੀ ਨੂੰ ਮੈਨੂੰ ਦੇਖ-ਰੇਖ ਲਈ ਸੌਂਪਣਾ ਚਾਹੇ ਤਾਂ ਮੈਂ ਆਪਣੇ ਕੋਲ ਰੱਖਣ ਲਈ ਤਿਆਰ ਹਾਂ।


KamalJeet Singh

Content Editor

Related News