ਚੇੱਨਈ ਦੀ ਬੱਚੀ ''ਚ ਧੜਕੇਗਾ UP ਦੀ ਸਯੋਗਤਾ ਦਾ ਦਿਲ, PGI ਤੋਂ ਹਵਾਈ ਅੱਡੇ ਤੱਕ ਬਣਿਆ ਗ੍ਰੀਨ ਕੋਰੀਡੋਰ

Sunday, May 19, 2024 - 03:00 PM (IST)

ਚੇੱਨਈ ਦੀ ਬੱਚੀ ''ਚ ਧੜਕੇਗਾ UP ਦੀ ਸਯੋਗਤਾ ਦਾ ਦਿਲ, PGI ਤੋਂ ਹਵਾਈ ਅੱਡੇ ਤੱਕ ਬਣਿਆ ਗ੍ਰੀਨ ਕੋਰੀਡੋਰ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ’ਚ 12 ਸਾਲ ਦੀ ਬੱਚੀ ਦਾ ਬ੍ਰੇਨ ਡੈੱਡ ਹੋਣ ਤੋਂ ਬਾਅਦ ਉਸ ਦਾ ਦਿਲ ਚੇਨਈ ਦੇ ਐੱਮ. ਜੀ. ਐੱਮ. ਹੈਲਥ ਕੇਅਰ ਹਸਪਤਾਲ ਨਾਲ ਸਾਂਝਾ ਕੀਤਾ ਗਿਆ। 12 ਸਾਲਾ ਸਯੋਗਤਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਪੀ. ਜੀ. ਆਈ. ’ਚ ਦਿਲ ਦਾ ਕੋਈ ਮੈਚਿੰਗ ਰਿਸੀਪਿਅੰਟ ਨਹੀਂ ਮਿਲਿਆ ਤਾਂ ਚੇੱਨਈ ’ਚ ਮੈਚਿੰਗ ਰਿਸੀਪਿਅੰਟ ਮਿਲਿਆ। ਪੀ. ਜੀ. ਆਈ. ਤੋਂ ਮੋਹਾਲੀ ਹਵਾਈ ਅੱਡੇ ਤੱਕ ਗ੍ਰੀਨ ਕੋਰੀਡੋਰ ਬਣਾਉਣ ਤੋਂ ਬਾਅਦ ਦਿਲ ਨੂੰ ਸ਼ੁੱਕਰਵਾਰ ਦੁਪਹਿਰ 3.25 ਵਜੇ ਵਿਸ਼ੇਸ਼ ਉਡਾਣ ਰਾਹੀਂ ਰਵਾਨਾ ਕੀਤਾ ਗਿਆ, ਜੋ 2500 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਰਾਤ 8.30 ਵਜੇ ਚੇੱਨਈ ਪਹੁੰਚਿਆ, ਜਿੱਥੇ ਗੰਭੀਰ ਬਿਮਾਰ 6 ਸਾਲਾ ਬੱਚੀ ਨੂੰ ਸਯੋਗਤਾ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ।
6 ਜਣਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ
ਪੀ. ਜੀ. ਆਈ. ’ਚ ਸਾਲ 2013 ’ਚ ਹਾਰਟ ਟਰਾਂਸਪਲਾਂਟ ਸ਼ੁਰੂ ਹੋਇਆ ਸੀ। ਜੇ ਪਿਛਲੇ 13 ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪੀ. ਜੀ. ਆਈ. ’ਚ ਹੁਣ ਤੱਕ 9 ਦਿਲ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ, ਜਦਕਿ ਪੀ. ਜੀ. ਆਈ. ਹੋਰ ਹਸਪਤਾਲਾਂ ਨਾਲ 31 ਦਿਲ ਸਾਂਝੇ ਕਰ ਚੁੱਕਾ ਹੈ। ਸਯੋਗਤਾ ਦਾ ਦਿਲ ਚੇੱਨਈ ’ਚ ਟਰਾਂਸਪਲਾਂਟ ਕੀਤਾ ਗਿਆ, ਉਸ ਦਾ ਜਿਗਰ ਪੀ. ਜੀ. ਆਈ. ’ਚ 36 ਸਾਲਾ ਔਰਤ ਨੂੰ, ਗੁਰਦੇ 25 ਤੇ 42 ਸਾਲ ਦੇ ਵਿਅਕਤੀ ਨੂੰ ਤੇ ਦੋਵੇਂ ਕੋਰਨੀਆ ਵੀ ਪੀ. ਜੀ. ਆਈ. ’ਚ ਟਰਾਂਸਪਲਾਂਟ ਕੀਤੇ ਗਏ। ਸਯੋਗਤਾ ਦੇ ਪਰਿਵਾਰ ਦੀ ਸਹਿਮਤੀ ਕਾਰਨ ਪੀ. ਜੀ. ਆਈ. ’ਚ 5 ਤੇ ਚੇੱਨਈ ’ਚ ਇੱਕ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ ਹੈ।
ਸੜਕ ਹਾਦਸੇ ’ਚ ਹੋ ਗਈ ਸੀ ਜ਼ਖ਼ਮੀ
ਸਯੋਗਤਾ 12 ਮਈ ਨੂੰ ਸੜਕ ਹਾਦਸੇ ’ਚ ਜ਼ਖ਼ਮੀ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਬੱਦੀ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਉਸੇ ਦਿਨ ਪੀ. ਜੀ. ਆਈ. ਰੈਫ਼ਰ ਕੀਤਾ ਗਿਆ। 17 ਮਈ ਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਜਦੋਂ ਸਯੋਗਤਾ ਦੇ ਪਿਤਾ ਹਰੀ ਓਮ ਨੂੰ ਉਨ੍ਹਾਂ ਦੀ ਬੇਟੀ ਦੇ ਅੰਗਦਾਨ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਲਈ ਸਹਿਮਤ ਹੋ ਗਏ। ਡਾਇਰੈਕਟਰ ਪੀ. ਜੀ. ਆਈ. ਨੇ ਵੀ ਪਰਿਵਾਰ ਦੇ ਇਸ ਨੇਕ ਫ਼ੈਸਲੇ ਲਈ ਧੰਨਵਾਦ ਕੀਤਾ ਹੈ।
ਜ਼ਿੰਦਗੀ ਭਰ ਦੁੱਖ ਰਹੇਗਾ ਪਰ ਤਸੱਲੀ ਵੀ : ਪਿਤਾ
ਪਿਤਾ ਹਰੀ ਓਮ ਦਾ ਕਹਿਣਾ ਹੈ ਕਿ ਧੀ ਨੂੰ ਗੁਆਉਣ ਦਾ ਦੁੱਖ ਜ਼ਿੰਦਗੀ ਭਰ ਰਹੇਗਾ ਪਰ ਉਸ ਦੀ ਬਦੌਲਤ ਕਈ ਲੋਕ ਨਵੀਂ ਜ਼ਿੰਦਗੀ ਹਾਸਲ ਕਰ ਸਕੇ ਹਨ, ਇਸ ਦੀ ਤਸੱਲੀ ਹਮੇਸ਼ਾ ਬਣੀ ਰਹੇਗੀ।

                         
 


author

Babita

Content Editor

Related News