ਨੌਸਰਬਾਜ਼ਾਂ ਨੇ ਗੁਰਦਾਸਪੁਰ ’ਚ ਫਰਜ਼ੀ ਦਫਤਰ ਖੋਲ੍ਹ ਕੇ ਔਰਤਾਂ ਨਾਲ ਮਾਰੀ ਠੱਗੀ

Saturday, Jun 29, 2024 - 06:52 PM (IST)

ਨੌਸਰਬਾਜ਼ਾਂ ਨੇ ਗੁਰਦਾਸਪੁਰ ’ਚ ਫਰਜ਼ੀ ਦਫਤਰ ਖੋਲ੍ਹ ਕੇ ਔਰਤਾਂ ਨਾਲ ਮਾਰੀ ਠੱਗੀ

ਬਹਿਰਾਮਪੁਰ/ਗੁਰਦਾਸਪੁਰ (ਗੋਰਾਇਆ , ਹਰਮਨ)-ਗੁਰਦਾਸਪੁਰ ਵਿਖੇ ਕੁਝ ਨੌਸਰਬਾਜ਼ਾਂ ਨੇ ਇਕ ਫਰਜ਼ੀ ਕੰਪਨੀ ਦਾ ਦਫ਼ਤਰ ਖੋਲ੍ਹ ਕੇ ਭੋਲੀਆਂ ਭਾਲੀਆਂ ਔਰਤਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ ਪਿੰਡ ਕੋਠੇ ਮਜੀਠੀ ਨਾਲ ਸਬੰਧਤ ਹਨ, ਜਿਨ੍ਹਾਂ ’ਚ ਕਾਂਤਾ ਦੇਵੀ ਨੇ ਦੱਸਿਆ ਕਿ ਪਿੰਡ ਵਿਚ 4-5 ਨੌਸਰਬਾਜ਼ਾਂ ਨੇ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਉਨ੍ਹਾਂ ਦੀ ਕੰਪਨੀ ਬਹੁਤ ਘੱਟ ਵਿਆਜ ਅਤੇ ਆਸਾਨ ਕਿਸ਼ਤਾਂ ’ਤੇ ਕਰਜ਼ਾ ਦੇ ਰਹੀ ਹੈ, ਜਿਸ ਕਾਰਨ ਲੋਕ ਉਨ੍ਹਾਂ ਦੇ ਝਾਂਸੇ ਵਿਚ ਆ ਗਏ ਅਤੇ ਕਈ ਲੋਕਾਂ ਨੂੰ ਗੁੰਮਰਾਹ ਕਰ ਕੇ ਨੌਸਰਬਾਜ਼ਾਂ ਨੇ ਗੁਰਦਾਸਪੁਰ ਵਿਖੇ ਖੋਲ੍ਹੇ ਫਰਜ਼ੀ ਦਫਤਰ ਵਿਚ ਬੁਲਾ ਲਿਆ।

ਉਨ੍ਹਾਂ ਕਿਹਾ ਕਿ ਨੌਸਰਬਾਜ਼ਾਂ ਨੇ ਪ੍ਰਤੀ ਫਾਈਲ 3200 ਰੁਪਏ ਵਸੂਲ ਲਏ ਅਤੇ ਦਾਅਵਾ ਕੀਤਾ ਕਿ ਹੋਰ ਵੀ ਕਈ ਪਿੰਡਾਂ ਅੰਦਰ ਉਨ੍ਹਾਂ ਨੇ ਲੋਕਾਂ ਨੂੰ ਇਕ-ਇਕ ਲੱਖ ਰੁਪਏ ਦਾ ਕਰਜ਼ਾ ਦਿੱਤਾ ਹੈ। ਉਨ੍ਹਾਂ ਦੀ ਕੰਪਨੀ ਦਾ ਟੀਚਾ ਹੈ ਕਿ ਉਹ ਪਿੰਡ ਪੱਧਰ ’ਤੇ ਹਰੇਕ ਲੋੜਵੰਦ ਪਰਿਵਾਰ ਨੂੰ ਆਸਾਨ ਕਿਸ਼ਤਾਂ ’ਤੇ ਕਰਜ਼ਾ ਮੁਹੱਈਆ ਕਰਵਾਉਣਗੇ।

ਇਹ ਵੀ ਪੜ੍ਹੋ-ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਵੱਡੇ ਡਾਕਖਾਨੇ ਦੇ ਬਾਹਰ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ

ਇਸ ਕਾਰਨ ਉਕਤ ਔਰਤਾਂ ਨੌਸਰਬਾਜ਼ਾਂ ਵੱਲੋਂ ਦੱਸੀ ਜਗ੍ਹਾ ’ਤੇ ਫਰਜ਼ੀ ਦਫਤਰ ਵਿਚ ਪਹੁੰਚ ਗਈਆਂ ਅਤੇ ਦਰਜਨ ਦੇ ਕਰੀਬ ਔਰਤਾਂ ਨੇ 3200 ਰੁਪਏ ਦੇ ਹਿਸਾਬ ਨਾਲ ਨੌਸਰਬਾਜ਼ਾਂ ਨੂੰ ਰਾਸ਼ੀ ਜਮ੍ਹਾ ਕਰਵਾ ਦਿੱਤੀ। ਨੌਸਰਬਾਜ਼ਾਂ ਨੇ ਸਾਰੀਆਂ ਔਰਤਾਂ ਤੋਂ ਪੈਸੇ ਵਸੂਲਣ ਤੋਂ ਬਾਅਦ ਉਨ੍ਹਾਂ ਨੂੰ ਕਰਜ਼ਾ ਲੈਣ ਲਈ ਦੋ ਦਿਨ ਬਾਅਦ ਆਉਣ ਲਈ ਕਿਹਾ ਅਤੇ ਜਦੋਂ ਦੋ ਦਿਨ ਬਾਅਦ ਇਹ ਔਰਤਾਂ ਕਰਜ਼ੇ ਦੇ ਇਕ-ਇਕ ਲੱਖ ਰੁਪਏ ਲੈਣ ਦੀ ਉਮੀਦ ਨਾਲ ਦੋਬਾਰਾ ਦਫ਼ਤਰ ਪੁੱਜੀਆਂ ਤਾਂ ਦਫ਼ਤਰ ਬੰਦ ਸੀ ਅਤੇ ਉਥੇ ਕੰਪਨੀ ਦੇ ਲੱਗੇ ਬੋਰਡ ਵੀ ਉਤਾਰ ਲਏ ਗਏ ਸਨ।
ਇਸ ਤੋਂ ਬਾਅਦ ਉਕਤ ਨੌਸਰਬਾਜ਼ਾਂ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋ ਚੁੱਕੀ ਹੈ। ਉਕਤ ਔਰਤਾਂ ਨੇ ਪੁਲਸ ਕੋਲੋਂ ਮੰਗ ਕੀਤੀ ਹੈ ਕਿ ਅਜਿਹੇ ਨੌਸਰਬਾਜ਼ਾਂ ਦਾ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਬਹਿਰਾਮਪੁਰ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਕੁਝ ਔਰਤਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਬਾਕੀ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News