ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ
Saturday, Jan 28, 2023 - 05:49 PM (IST)
ਬਟਾਲਾ/ਅੱਚਲ ਸਾਹਿਬ (ਗੁਰਪ੍ਰੀਤ,ਬੇਰੀ, ਸਾਹਿਲ, ਗੋਰਾ ਚਾਹਲ)- ਪਿੰਡ ਚੌਧਰੀਵਾਲ ਵਿਖੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸਦੇ ਚਲਦਿਆਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਪੰਜਾਬ ਪੁਲਸ ਮੁਲਾਜ਼ਮ ਦਾ ਕਾਰਾ, ਟਰੈਕਟਰ ਸਵਾਰ ਨੌਜਵਾਨ ਨੂੰ ਜ਼ਖ਼ਮੀ ਕਰਕੇ ਕੀਤਾ ਹਾਈ ਵੋਲਟੇਜ਼ ਡਰਾਮਾ
ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਸ਼ਰਨਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਰੰਗੜ ਨੰਗਲ ਨੇ ਦੱਸਿਆ ਕਿ ਅੱਜ ਦੁਪਹਿਰ 2 ਵਜੇ ਉਹ ਆਪਣੀ ਮਾਤਾ ਅਤੇ ਭੈਣ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਚੌਧਰੀਵਾਲ ਵਿਖੇ ਦਵਾਈ ਲੈਣ ਆਇਆ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਅਤੇ ਭੈਣ ਦਵਾਈ ਲੈਣ ਲਈ ਮੈਡੀਕਲ ਸਟੋਰ ’ਤੇ ਗਏ ਹੋਏ ਸਨ, ਜਦਕਿ ਉਹ ਆਪਣੇ ਮੋਟਰਸਾਈਕਲ ਨਾਲ ਸੜਕ ਕਿਨਾਰੇ ਖੜ੍ਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 3 ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਚਾਲਕ ਨੇ ਪਤੀ-ਪਤਨੀ ਨੂੰ ਦਰੜਿਆ
ਇਸ ਦੌਰਾਨ 2 ਗੋਲੀਆਂ ਉਸ ਦੇ ਪੱਟ ’ਤੇ ਜਾ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਦਕਿ ਉਕਤ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- ਪਤਨੀ ਕਰਦੀ ਸੀ ਰੋਜ਼ ਕਲੇਸ਼, ਪ੍ਰੇਸ਼ਾਨ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰੰਗੜ ਨੰਗਲ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ। ਐੱਸ. ਐੱਸ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਨੌਜਵਾਨ ਵਲੋਂ ਜੋ ਵੀ ਬਿਆਨ ਪੁਲਸ ਨੂੰ ਦਰਜ ਕਰਵਾਏ ਜਾਣਗੇ ਉਸਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।