ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਲਾਇਆ ਧਰਨਾ ਦੂਜੇ ਦਿਨ ’ਚ ਸ਼ਾਮਿਲ

09/18/2019 1:37:19 AM

ਭਿੱਖੀਵਿੰਡ/ਖਾਲਡ਼ਾ, (ਭਾਟੀਆ)- ਮਿਤੀ 17 ਸਤੰਬਰ ਨੂੰ ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਬਲਾਕ ਭਿੱਖੀਵਿੰਡ ਵਿਖੇ ਲਾਇਆ ਰੋਸ ਧਰਨਾ ਦੂਜੇ ਦਿਨ ’ਚ ਸ਼ਾਮਿਲ ਹੋ ਗਿਆ ਹੈ। ਦਸ ਸਾਲਾਂ ਤੋਂ ਵਿਭਾਗ ’ਚ ਮਗਨਰੇਗਾ ਅਧੀਨ ਨੌਕਰੀ ਕਰ ਰਹੇ ਪੰਜਾਬ ਦੇ 1539 ਮੁਲਾਜ਼ਮ ਇੰਨ੍ਹੀ ਦਿਨੀਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਪੰਜਾਬ ਭਰ ’ਚ ਬਲਾਕ ਪੱਧਰ ’ਤੇ ਧਰਨੇ ’ਤੇ ਬੈਠੇ ਹੋਏ ਹਨ। ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਭਿੱਖੀਵਿੰਡ ’ਚ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਅਤੇ ਬਲਾਕ ਪ੍ਰਧਾਨ ਭਾਗ ਸਿੰਘ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਸਮੇਂ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ। ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ’ਚ, ਆਪਣੇ ਟਵਿੱਟਰ ਅਕਾਊਂਟ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ। ਪਰੰਤੂ ਸਰਕਾਰ ਦੇ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਮਗਨਰੇਗਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ ਅਤੇ ਨਾ ਹੀ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਜੇਕਰ ਸਰਕਾਰ ਨੇ ਸਾਡੀ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ’ਚ ਸਟੇਟ ਯੂਨੀਅਨ ਦੇ ਹੁਕਮਾਂ ਮੁਤਾਬਕ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਲਈ ਮਗਨਰੇਗਾ ਅਧੀਨ ਹੋ ਰਹੇ ਵਿਕਾਸ ਦੇ ਕੰਮ ਪੂਰੀ ਤਰ੍ਹਾਂ ਅੱਜ ਦੂਜੇ ਦਿਨ ਵੀ ਠੱਪ ਕਰਕੇ ਬਲਾਕ ਪੱਧਰ ’ਤੇ ਧਰਨਾ ਜਾਰੀ ਹੈ। ਇਸ ਮੌਕੇ ਹਰਪਾਲ ਸਿੰਘ ਬੈਂਕਾ, ਸਤਨਾਮ ਸਿੰਘ ਸਹਿਬਾਜਪੁਰਾ, ਇੰਦਰਜੀਤ ਸਿੰਘ ਅਲਗੋਂ ਖੁਰਦ, ਅੰਮ੍ਰਿਤਪਾਲ ਸਿੰਘ ਮਨਿਹਾਲਾ, ਗੁਰਸੇਵਕ ਸਿੰਘ ਮਾਡ਼ੀ ਸਮਰਾ, ਗੁਰਪ੍ਰੀਤ ਸਿੰਘ ਮਰਗਿੰਦਪੁਰਾ, ਮਨਪ੍ਰੀਤ ਸਿੰਘ ਠੱਠਾ, ਅਨਮੋਲ ਸਰੀਨ ਜੇ. ਈ. ਅੰਮ੍ਰਿਤਸਰ, ਦਲਜੀਤ ਸਿੰਘ ਅੰਮ੍ਰਿਤਸਰ ਆਦਿ ਹਾਜ਼ਰ ਸਨ।


Bharat Thapa

Content Editor

Related News