ਜਾਨਲੇਵਾ ਚਾਈਨਾ ਡੋਰ ਦੀ ਹੋ ਰਹੀ ਧੜੱਲੇ ਨਾਲ ਵਿਕਰੀ, ਕੋਡ ਵਰਡ ਰਾਹੀਂ ਘਰਾਂ ’ਚ ਕੀਤੀ ਜਾ ਰਹੀ ਡਲਿਵਰੀ

12/17/2023 2:15:40 PM

ਤਰਨਤਾਰਨ (ਰਮਨ)- ਸੂਬੇ ਭਰ ’ਚ ਇਨਸਾਨਾਂ ਅਤੇ ਪੰਛੀਆਂ ਲਈ ਜਾਨਲੇਵਾ ਸਾਬਤ ਹੋਣ ਵਾਲੀ ਖੂਨੀ ਚਾਈਨਾ ਡੋਰ ਦੀ ਵਿਕਰੀ ਉੱਪਰ ਪਾਬੰਦੀ ਲਗਾਈ ਗਈ ਹੈ ਪਰ ਇਸ ਦੀ ਵਿਕਰੀ ਨੂੰ ਰੋਕਣ ਵਿਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਅਸਫ਼ਲ ਸਾਬਤ ਹੋ ਰਿਹਾ ਹੈ। ਸਰਦੀ ਦੀ ਰੁੱਤ ਸ਼ੁਰੂ ਹੋਣ ਅਤੇ ਲੋਹੜੀ ਦਾ ਤਿਉਹਾਰ ਨਜ਼ਦੀਕ ਆਉਣ ਦੌਰਾਨ ਕਈ ਵਪਾਰੀਆਂ ਵਲੋਂ ਚਾਈਨਾ ਡੋਰ ਨੂੰ ਵੱਡੀ ਮਾਤਰਾ ਵਿਚ ਸਟਾਕ ਕਰਕੇ ਰੱਖਿਆ ਗਿਆ ਹੈ, ਜਿਸ ਨੂੰ ਉਨ੍ਹਾਂ ਵਲੋਂ ਬਲੈਕ ਕਰਦੇ ਹੋਏ ਮੋਟੀ ਰਕਮ ਵਸੂਲ ਕੀਤੀ ਜਾ ਰਹੀ ਹੈ। ਇਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਕ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਦੇ ਗਲੇ ਦੀਆਂ ਨਸਾਂ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਰਕੇ ਕੱਟੀਆਂ ਗਈਆਂ।

ਇਹ ਵੀ ਪੜ੍ਹੋ- ਸ਼ਹੀਦੀ ਪੰਦਰਵਾੜੇ ਦੌਰਾਨ 16 ਤੋਂ 31 ਦਸੰਬਰ ਤੱਕ ਗੁਰੂ ਘਰਾਂ ’ਚ ਬਣਨਗੇ ਸਾਦੇ ਲੰਗਰ

ਜ਼ਿਲ੍ਹੇ ਭਰ ’ਚ ਪਾਬੰਦੀ ਸ਼ੁਦਾ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਹੋ ਰਹੀ ਹੈ। ਇਸ ਚਾਈਨਾ ਡੋਰ ਨੂੰ ਵਪਾਰੀਆਂ ਵਲੋਂ ਕੋਡ ਵਰਡ ਰਾਹੀਂ ਵੇਚਿਆ ਜਾ ਰਿਹਾ ਹੈ ਅਤੇ ਇਸਦੀ ਘਰ-ਘਰ ’ਚ ਹੋਮ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਸ਼ਹਿਰ ਦੇ ਪ੍ਰਮੁੱਖ ਪਤੰਗ ਵਪਾਰੀਆਂ ਤੋਂ ਇਲਾਵਾ ਹੋਰ ਕਾਰੋਬਾਰੀਆਂ ਵਲੋਂ ਵੀ ਇਸ ਚਾਈਨਾ ਡੋਰ ਦੀ ਵਿਕਰੀ ਵੀ ਘਰਾਂ ’ਚ ਬੈਠ ਆਸਾਨੀ ਨਾਲ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ’ਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਕੋਈ ਇਕ ਠੋਸ ਕਦਮ ਨਹੀਂ ਚੁੱਕ ਰਿਹਾ ਹੈ। ਇਸ ਜਾਨਲੇਵਾ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਰਕੇ ਜਿੱਥੇ ਲੋਕਾਂ ਨੂੰ ਜਾਣ ਦਾ ਖਤਰਾ ਪੈਦਾ ਹੋ ਰਿਹਾ ਹੈ ਉੱਥੇ ਹੀ ਪੰਛੀ ਵੀ ਇਸ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਰਕੇ ਆਪਣੀ ਜਾਨ ਗਵਾ ਰਹੇ ਹਨ।

ਜ਼ਿਲ੍ਹੇ ਵਿਚ ਕਈ ਅਜਿਹੇ ਚਾਈਨਾ ਡੋਰ ਦੇ ਵਪਾਰੀ ਮੌਜੂਦ ਹਨ, ਜਿਨ੍ਹਾਂ ਵਲੋਂ ਬੀਤੇ ਗਰਮੀ ਦੇ ਮੌਸਮ ਵਿਚ ਵੱਡੀ ਮਾਤਰਾ ਦੌਰਾਨ ਡੋਰ ਨੂੰ ਸਟਾਕ ਕੀਤਾ ਜਾ ਚੁੱਕਾ ਹੈ ਅਤੇ ਇਸ ਦੀ ਵਰਤੋਂ ਹੁਣ ਬਲੈਕ ਕਰਦੇ ਹੋਏ ਕੀਤੀ ਜਾ ਰਹੀ ਹੈ। ਵਪਾਰੀਆਂ ਵਲੋਂ ਚਾਈਨਾ ਦੇ ਗੱਟੂ ਨੂੰ ਤੋਲ ਕੇ ਵੇਚਣ ਦੀ ਬਜਾਏ ਪ੍ਰਤੀ ਪੀਸ 500 ਤੋਂ 1000 ਹਜ਼ਾਰ ਰੁਪਏ ’ਚ ਵੇਚਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਪੀ ਸਥਾਨਕ ਮਨਿੰਦਰ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਦੀ ਵਿਕਰੀ ਉੱਪਰ ਪੂਰਨ ਰੂਪ ਵਿਚ ਪਾਬੰਦੀ ਲਗਾਈ ਗਈ ਹੈ, ਜਿਸ ਦੀ ਵਿਕਰੀ ਕਰਨ ਵਾਲੇ ਅਤੇ ਖਰੀਦਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਦਾ ਦਿੱਲੀ ਪੰਥਕ ਰੋਸ ਮਾਰਚ ਕੀਤਾ ਮੁਲਤਵੀ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਲੋਕਾਂ ਅਤੇ ਪੰਛੀਆਂ ਲਈ ਜਾਨਲੇਵਾ ਸਾਬਤ ਹੋਣ ਵਾਲੀ ਚਾਈਨਾ ਡੋਰ ਦੀ ਵਿਕਰੀ ਉੱਪਰ ਸਖ਼ਤੀ ਵਰਤਣ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਵਿਕਰੀ ਨੂੰ ਰੋਕਣ ਲਈ ਉਹ ਐੱਸ.ਐੱਸ.ਪੀ ਨੂੰ ਦੁਬਾਰਾ ਤੋਂ ਸਖ਼ਤ ਕਾਰਵਾਈ ਸਬੰਧੀ ਹੁਕਮ ਜਾਰੀ ਕਰਨਗੇ।

ਸਥਾਨਕ ਨੂਰਦੀ ਅੱਡਾ ਦੇ ਰਹਿਣ ਵਾਲੇ ਆਜ਼ਾਦੀ ਘੁਲਾਟੀਏ ਭਾਣ ਸਿੰਘ ਦੇ ਬੇਟੇ ਗੁਰਦਿਆਲ ਸਿੰਘ ਜੋ ਪੰਜਾਬੀ ਅਖ਼ਬਾਰ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਇੰਚਾਰਜ ਹਨ, ਸ਼ਨੀਵਾਰ ਕਿਸੇ ਕੰਮ ਲਈ ਘਰੋਂ ਬਾਹਰ ਨਿਕਲੇ ਤਾਂ ਬੋਹੜੀ ਚੌਂਕ ਨੇੜੇ ਅਚਾਨਕ ਚਾਈਨਾ ਡੋਰ ਉਨ੍ਹਾਂ ਦੇ ਗਲੇ ਉਪਰੋਂ ਦੀ ਨਿਕਲ ਗਈ, ਵੇਖਦੇ ਹੀ ਵੇਖਦੇ ਡੋਰ ਨੇ ਉਨ੍ਹਾਂ ਦੇ ਗਲੇ ਦੀਆਂ ਨਸਾਂ ਕੱਟ ਦਿੱਤੀਆਂ, ਜਿਸ ਕਰਕੇ ਉਨ੍ਹਾਂ ਦੇ ਸਾਰੇ ਕੱਪੜੇ ਖੂਨ ਨਾਲ ਲੱਥ ਪੱਥ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਤਰਨਤਾਰਨ ਦੀ ਐਮਰਜੈਂਸੀ ਵਾਰਡ ਵਿਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਮੌਜੂਦ ਸਟਾਫ ਨੇ ਇਹ ਕਹਿ ਕੇ ਇਲਾਜ ਕਰਨ ਤੋਂ ਪੱਲਾ ਝਾੜ ਲਿਆ ਕਿ ਉਨ੍ਹਾਂ ਪਾਸ ਕੋਈ ਵੀ ਸਰਜਨ ਡਾਕਟਰ ਮੌਜੂਦ ਨਹੀਂ ਹੈ, ਜਿਸ ਤੋਂ ਬਾਅਦ ਗੁਰਦਿਆਲ ਸਿੰਘ ਨੂੰ ਗੁਪਤਾ ਨਰਸਿੰਗ ਹੋਮ ਤਰਨਤਰਨ ਦੇ ਮਾਹਿਰ ਸਰਜਨ ਅਤੇ ਮਾਲਕ ਡਾਕਟਰ ਦਿਨੇਸ਼ ਗੁਪਤਾ ਕੋਲ ਜਾਣਾ ਪਿਆ, ਜਿੱਥੇ ਮਰੀਜ਼ ਦੀ ਦੋ ਘੰਟੇ ਤੱਕ ਚੱਲੇ ਅਪ੍ਰੇਸ਼ਨ ਤੋਂ ਬਾਅਦ ਜਾਨ ਬਚਾ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਡਾਕਟਰ ਦਿਨੇਸ਼ ਗੁਪਤਾ ਨੇ ਦੱਸਿਆ ਕਿ ਗੁਰਦਿਆਲ ਸਿੰਘ ਦੀ ਸਾਹ ਵਾਲੀ ਨਲੀ ਦੇ ਨਾਲ ਦੋ ਨਸਾਂ ਕੱਟੀਆਂ ਜਾਣ ਕਰਕੇ ਖੂਨ ਕਾਫੀ ਜ਼ਿਆਦਾ ਵਗ ਚੁੱਕਾ ਸੀ, ਜਿਸ ਨੂੰ ਕਾਫੀ ਮਿਹਨਤ ਤੋਂ ਬਾਅਦ ਠੀਕ ਕਰ ਲਿਆ ਗਿਆ ਹੈ ਅਤੇ ਹੁਣ ਜਾਣ ਨੂੰ ਕੋਈ ਵੀ ਖ਼ਤਰਾ ਨਹੀਂ ਹੈ।

ਇਹ ਵੀ ਪੜ੍ਹੋ- ਘਰ ’ਚ ਚੱਲ ਰਹੀਆਂ ਅਨੈਤਿਕ ਗਤੀਵਿਧੀਆਂ ’ਤੇ ਪੁਲਸ ਦਾ ਸ਼ਿਕੰਜਾ, ਦਰਜਨਾਂ ਮੁੰਡੇ-ਕੁੜੀਆਂ ਨੂੰ ਲਿਆ ਹਿਰਾਸਤ ’ਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News