''ਪੰਜਾਬ ''ਚ ਰੇਤ ਮਾਫ਼ੀਆ ਖ਼ਤਮ, 5.50 ਰੁਪਏ ''ਚ ਮਿਲ ਰਹੀ ਰੇਤ''; ਮਾਈਨਿੰਗ ਮੰਤਰੀ ਨੇ ਕੀਤਾ ਦਾਅਵਾ
Friday, Nov 22, 2024 - 11:43 AM (IST)
![''ਪੰਜਾਬ ''ਚ ਰੇਤ ਮਾਫ਼ੀਆ ਖ਼ਤਮ, 5.50 ਰੁਪਏ ''ਚ ਮਿਲ ਰਹੀ ਰੇਤ''; ਮਾਈਨਿੰਗ ਮੰਤਰੀ ਨੇ ਕੀਤਾ ਦਾਅਵਾ](https://static.jagbani.com/multimedia/2024_11image_11_37_033364305untitled431copy.jpg)
ਚੰਡੀਗੜ੍ਹ (ਅੰਕੁਰ)- ਸੂਬੇ ਦੇ ਲੋਕਾਂ ਨੂੰ ਸਸਤੇ ਭਾਅ ’ਤੇ ਰੇਤਾ-ਬਜਰੀ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਦੇ ਮਾਈਨਿੰਗ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵੀਰਵਾਰ ਨੂੰ ਕਮਰਸ਼ੀਅਲ ਮਾਈਨਿੰਗ ਸਾਈਟਾਂ (ਸੀ. ਐੱਮ. ਐੱਸ.) ਦੇ ਠੇਕੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ, ਜਿਸ ’ਚ ਉਨ੍ਹਾਂ ਨੇ ਠੇਕੇਦਾਰਾਂ ਨੂੰ ਲੋਕਾਂ ਲਈ ਵਾਜਿਬ ਦਰਾਂ ’ਤੇ ਰੇਤਾ ਅਤੇ ਬਜਰੀ ਉਪਲਬਧ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਠੇਕੇਦਾਰਾਂ ਨਾਲ ਮੀਟਿੰਗ ਦੌਰਾਨ ਗੋਇਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਰੇਤ ਮਾਫੀਆ ਦਾ ਖ਼ਾਤਮਾ ਕਰ ਦਿੱਤਾ ਹੈ। ਹੁਣ ਜਨਤਕ ਤੇ ਵਪਾਰਕ ਮਾਈਨਿੰਗ ਸਾਈਟਾਂ ’ਤੇ ਰੇਤ ਸਿਰਫ਼ 5.50 ਰੁਪਏ ’ਚ ਉਪਲਬਧ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੂਬੇ ’ਚ ਹੁਣ ਤਕ 73 ਜਨਤਕ ਮਾਈਨਿੰਗ ਸਾਈਟਾਂ ਤੇ 40 ਕਮਰਸ਼ੀਅਲ ਮਾਈਨਿੰਗ ਸਾਈਟਾਂ ਦੇ ਕਲੱਸਟਰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਦੀ ਕੀਮਤ ਨੂੰ ਯਕੀਨੀ ਬਣਾਉਣ ਲਈ ਕਾਰਜਸ਼ੀਲ ਹਨ। ਹੁਣ ਤਕ 73 ਜਨਤਕ ਮਾਈਨਿੰਗ ਸਾਈਟਾਂ ਤੋਂ ਕੁੱਲ 47.19 ਲੱਖ ਮੀਟ੍ਰਿਕ ਟਨ ’ਚੋਂ ਕੁੱਲ 18.38 ਲੱਖ ਮੀਟ੍ਰਿਕ ਰੇਤ ਕੱਢੀ ਗਈ ਹੈ, ਜਦਕਿ 40 ਵਪਾਰਕ ਮਾਈਨਿੰਗ ਸਾਈਟਾਂ ਦੇ ਕਲੱਸਟਰਾਂ, ਜਿਥੇ 138.68 ਲੱਖ ਮੀਟ੍ਰਿਕ ਟਨ ਦੀ ਯੋਜਨਾਬੱਧ ਨਿਕਾਸੀ ਦੀ ਸਮਰੱਥਾ ਹੈ, ’ਚੋਂ 34.50 ਲੱਖ ਮੀਟ੍ਰਿਕ ਰੇਤ ਤੇ ਬਜਰੀ ਕੱਢੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ 132.99 ਲੱਖ ਮੀਟ੍ਰਿਕ ਟਨ ਤੋਂ ਵੱਧ ਰੇਤ ਤੇ ਬਜਰੀ ਜਨਤਕ ਅਤੇ ਵਪਾਰਕ ਦੋਵਾਂ ਸਾਈਟਾਂ ’ਤੇ ਹਾਲੇ ਵੀ ਉਪਲਬਧ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ’ਚ ਕੁੱਲ 150 ਜਨਤਕ ਮਾਈਨਿੰਗ ਸਾਈਟਾਂ ਅਤੇ 100 ਵਪਾਰਕ ਮਾਈਨਿੰਗ ਸਾਈਟਾਂ ਖੋਲ੍ਹਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਨਤਕ ਮਾਈਨਿੰਗ ਸਾਈਟਾਂ ਲੋਕਾਂ ਨੂੰ ਆਪਣੇ ਤੌਰ ’ਤੇ ਰੇਤ ਦੀ ਖੋਦਾਈ ਕਰਨ ਤੇ ਵੇਚਣ ਦੀ ਖੁੱਲ੍ਹ ਦਿੰਦੀਆਂ ਹਨ, ਜਿਸ ਨਾਲ ਉਪਲਬਧਤਾ ਵਧਦੀ ਹੈ ਅਤੇ ਬਾਅਦ ’ਚ ਮਾਰਕੀਟ ਰੇਟਾਂ ’ਚ ਕਮੀ ਆਉਂਦੀ ਹੈ।
ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਅਸੀਂ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਾਂ ਅਤੇ ਸੂਬੇ ’ਚ ਮਾਈਨਿੰਗ ਐਕਟ ਅਤੇ ਨਿਯਮਾਂ ਤਹਿਤ ਅਪ੍ਰੈਲ 2022 ਤੋਂ ਅਕਤੂਬਰ 2024 ਤਕ 1360 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਮੰਤਰੀ ਨੇ ਠੇਕੇਦਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਸੂਬੇ ਵਿਚ ਰੇਤ ਮਾਫੀਆ ਨੂੰ ਪੈਦਾ ਕਰਨ ਅਤੇ ਇਸ ਦੀ ਸਰਪ੍ਰਸਤੀ ਕਰਨ ਲਈ ਪਿਛਲੀਆਂ ਸਰਕਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਗੋਇਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪਿਛਲੇ ਹੁਕਮਰਾਨ ਰੇਤ ਮਾਫੀਆ ਨਾਲ ਘਿਉ-ਖਿਚੜੀ ਸਨ ਅਤੇ ਉਨ੍ਹਾਂ ਨੇ ਆਪਣੇ ਲੰਬੇ ਕੁਸ਼ਾਸਨ ਦੌਰਾਨ ਸੂਬੇ ਦੀ ਬੜੀ ਬੇ-ਕਿਰਕੀ ਨਾਲ ਲੁੱਟ ਕੀਤੀ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਖਣਿਜ ਪਦਾਰਥਾਂ ਦੀ ਢੋਆ-ਢੁਆਈ ਕਰਨ ਵਾਲੇ ਓਵਰਲੋਡ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਵਿਭਾਗ ਨੂੰ ਓਵਰਲੋਡ ਵਾਹਨਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਇਸ ਮੌਕੇ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਮਾਈਨਿੰਗ ਵਿਭਾਗ ਦੇ ਡਾਇਰੈਕਟਰ ਅਭਿਜੀਤ ਕਪਲਿਸ਼ ਅਤੇ ਚੀਫ਼ ਇੰਜੀਨੀਅਰ ਡਾ. ਹਰਿੰਦਰਪਾਲ ਸਿੰਘ ਬੇਦੀ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8