ਡੇਂਗੂ ਦੇ ਲਾਰਵੇ ਦੀ ਘਰ-ਘਰ ਜਾ ਕੇ ਕੀਤੀ ਜਾਂਚ
Saturday, Nov 09, 2024 - 01:14 PM (IST)
ਅਬੋਹਰ (ਸੁਨੀਲ) : ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਅਤੇ ਐਪੀਡੇਮਿਕ ਅਫ਼ਸਰ ਡਾ. ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੇਂਗੂ ਦੇ ਹਮਲੇ ਸਬੰਧੀ ਹਸਪਤਾਲ ਇੰਚਾਰਜ ਡਾ. ਨੀਰਜਾ ਗੁਪਤਾ ਦੀ ਅਗਵਾਈ ’ਚ ਗਤੀਵਿਧੀਆਂ ਚਲਾਈਆਂ ਗਈਆਂ। ਟਹਿਲ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਹਾਟ ਸਪਾਟ ਖੇਤਰਾਂ ਨਾਨਕ ਨਗਰੀ, ਗੋਬਿੰਦ ਨਗਰੀ, ਗੁਰਦਿਆਲ ਨਗਰੀ, ਅਜ਼ੀਮਗੜ੍ਹ, ਪੁਰਾਣੀ ਸੂਰਜ ਨਗਰੀ ਅਤੇ ਆਨੰਦ ਨਗਰੀ ਖੇਤਰਾਂ ’ਚ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ।
ਹਸਪਤਾਲ ਇੰਚਾਰਜ ਡਾ. ਨੀਰਜਾ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਸ਼ਹਿਰ ’ਚ ਡੇਂਗੂ ਦੇ ਕਰੀਬ 122 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ ਪਿਛਲੇ ਹਫ਼ਤੇ ਦੌਰਾਨ ਡੇਂਗੂ ਦੇ 39 ਦੇ ਕਰੀਬ ਮਰੀਜ਼ ਸਾਹਮਣੇ ਆਏ ਹਨ। ਉਹ ਸਾਰੇ ਠੀਕ ਹਨ ਅਤੇ ਸਰਕਾਰੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਹੇ ਹਨ।
ਡੇਂਗੂ ਨੋਡਲ ਅਫ਼ਸਰ ਡਾ. ਧਰਮਵੀਰ ਅਰੋੜਾ ਨੇ ਦੱਸਿਆ ਕਿ ਨਵੰਬਰ ’ਚ ਡੇਂਗੂ ਦਾ ਸਿਖ਼ਰ ਪੱਧਰ ਹੁੰਦਾ ਹੈ ਅਤੇ ਇਸ ਲਈ ਇਨ੍ਹਾਂ 15-20 ਦਿਨਾਂ ਤੱਕ ਆਪਣੀ ਸਿਹਤ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਫਰਿੱਜ ਦੀ ਟਰੇਅ, ਕੂਲਰ ਪਾਣੀ ਦੀ ਟੈਂਕੀ, ਮਨੀ ਪਲਾਂਟ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਅਤੇ ਹਰੇਕ ਹਫ਼ਤੇ ਸਫ਼ਾਈ ਕੀਤੀ ਜਾਵੇ ਤਾਂ ਜੋ ਮੱਛਰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਪਰਮਜੀਤ ਸਿੰਘ, ਭਾਰਤ ਭੂਸ਼ਣ ਅਤੇ ਜਗਦੀਸ਼ ਕੁਮਾਰ ਆਦਿ ਹਾਜ਼ਰ ਸਨ।