ਮਾਮਲਾ ਘਰ ''ਚੋਂ ਹੋਈ ਚੋਰੀ ਦਾ, ਪੀੜਤ ਪਰਿਵਾਰ ਨੇ ਪੁਲਸ ਨਾਲ ਮਿਲੀਭੁਗਤ ਹੋਣ ਦੇ ਲਗਾਏ ਦੋਸ਼

07/07/2019 3:49:33 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਜੇਕਰ ਅਸਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਨਾ ਕੀਤਾ ਗਿਆ ਤਾਂ ਥਾਣਾ ਝਬਾਲ ਦਾ ਘਿਰਾਓ ਕੀਤਾ ਜਾਵੇਗਾ। ਇਹ ਚਿਤਾਵਨੀ ਦਿੰਦਿਆਂ ਪਿੰਡ ਭੁੱਜੜਾਂ ਵਾਲਾ ਦੇ ਬਲਜੀਤ ਸਿੰਘ ਪੁੱਤਰ ਰਵੇਲ ਸਿੰਘ ਨੇ ਥਾਣਾ ਝਬਾਲ ਦੀ ਪੁਲਸ 'ਤੇ ਬੀਤੇ ਦਿਨੀਂ ਉਨ੍ਹਾਂ ਦੇ ਘਰ ਦਾਖਲ ਹੋ ਕਿ 32 ਬੋਰ ਦਾ ਰਿਵਾਲਵਰ ਅਤੇ 10 ਤੋਲੇ ਸੋਨੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ ਕਥਿਤ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਐੱਸ.ਐੱਸ.ਪੀ. ਤਰਨਤਾਰਨ ਕੁਲਦੀਪ ਸਿੰਘ ਚਾਹਲ ਨੂੰ ਮਿਲ ਕੇ ਕਥਿਤ ਮੁਲਜ਼ਮਾਂ ਵਿਰੋਧ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਪਰ ਥਾਣਾ ਝਬਾਲ ਦੀ ਪੁਲਸ ਵਲੋਂ ਉਕਤ ਮੁਲਜ਼ਮਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। 

ਮੋਹਤਬਰ ਵਿਅਕਤੀ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਬੀਰ ਸਿੰਘ ਬੁਰਜ, ਰਣਜੀਤ ਸਿੰਘ, ਰਣਜੀਤ ਸਿੰਘ 'ਤੇ ਹਰਭਜਨ ਕੌਰ ਆਦਿ ਦੀ ਹਾਜ਼ਰੀ 'ਚ ਬਲਜੀਤ ਸਿੰਘ ਅਤੇ ਉਸਦੀ ਮਾਤਾ ਲਖਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 2 ਜੁਲਾਈ ਦੀ ਰਾਤ ਨੂੰ ਜਦੋਂ ਉਹ ਘਰ ਦੇ ਵਿਹੜੇ 'ਚ ਸੁੱਤੇ ਪਏ ਸਨ ਤਾਂ ਕਥਿਤ ਮੁਲਜ਼ਮ ਜਿੰਨ੍ਹਾਂ ਦੇ ਨਾਂ ਉਨ੍ਹਾਂ ਵਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਵਰਨਣ ਕੀਤੇ ਗਏ ਹਨ, ਵਲੋਂ ਘਰ ਦੇ ਪਿੱਛਲੇ ਪਾਸਿਓਂ ਦਾਖਲ ਹੋ ਕੇ ਉਨ੍ਹਾਂ 'ਤੇ ਕੋਈ ਜ਼ਹਿਰੀਲੀ ਸਪਰੇਅ ਕਰਕੇ ਘਰ ਦੇ ਅੰਦਰੋਂ ਅਲਮਾਰੀ 'ਚ ਪਿਆ 32 ਬੋਰ ਦਾ ਲਾਇਸੈਂਸੀ ਰਿਵਾਲਵਰ, 14 ਜ਼ਿੰਦਾ ਰੌਂਦ, 10 ਤੋਲੇ ਸੋਨੇ ਦੇ ਗਹਿਣੇ, ਜੋ ਉਨ੍ਹਾਂ ਵਲੋਂ ਆਪਣੀ ਲੜਕੀ ਦੇ ਵਿਆਹ ਲਈ ਬਣਾਏ ਗਏ ਸਨ, ਇਕ ਸਮਾਰਟ ਫੋਨ ਅਤੇ 6 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਭਾਵੇ ਪੁਲਸ ਵਲੋਂ ਕਥਿਤ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਗਿਆ ਸੀ ਪਰ ਕਥਿਤ ਤੌਰ 'ਤੇ ਮੋਟੀ ਰਿਸ਼ਵਤ ਲੈ ਕੇ ਉਸ ਨੂੰ ਛੱਡ ਦਿੱਤਾ ਗਿਆ ਹੈ ਤੇ ਆਣਪਛਾਤੇ ਚੋਰਾਂ ਖਿਲਾਫ ਪਰਚਾ ਦਰਜ ਕਰਕੇ ਮਾਮਲੇ ਨੂੰ ਰਫਾਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਐੱਸ.ਐੱਸ.ਪੀ. ਤਰਨਤਾਰਨ ਕੁਲਦੀਪ ਸਿੰਘ ਚਾਹਲ ਨੂੰ ਮਿਲ ਕੇ ਜਿੱਥੇ ਜ਼ਿੰਮੇਵਾਰ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਾਈ ਗਈ ਹੈ, ਉੱਥੇ ਹੀ ਥਾਣਾ ਝਬਾਲ ਦੀ ਭੂਮਿਕਾ ਸਬੰਧੀ ਵੀ ਜਾਣੂ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕੇ ਜ਼ਿਲਾ ਪੁਲਸ ਮੁੱਖੀ ਵਲੋਂ ਉਨ੍ਹਾਂ ਨੂੰ ਇਨਸਾਫ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਥਾਣਾ ਝਬਾਲ ਦੀ ਪੁਲਸ ਵਲੋਂ ਇੰਨਸਾਫ ਨਹੀਂ ਦਿੱਤਾ ਗਿਆ ਤਾਂ ਉਹ ਥਾਣੇ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ।

ਜਾਂਚ ਕਰਨਾ ਪੁਲਸ ਦਾ ਕੰਮ : ਐੱਸ.ਐੱਚ.ਓ. ਇੰਸਪੈਕਟਰ ਬਲਜੀਤ ਸਿੰਘ ਵੜੈਚ
ਥਾਣਾ ਝਬਾਲ ਮੁੱਖੀ ਇੰਸਪੈਕਟਰ ਬਲਜੀਤ ਸਿੰਘ ਵੜੈਚ ਨੇ ਪੀੜਤ ਧਿਰ ਵਲੋਂ ਪੁਲਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਗਏ ਸਵਾਲਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਕਤ ਲੋਕ ਨਿੱਜੀ ਰੰਜਿਸ਼ ਤਹਿਤ ਜਿਸ ਵਿਅਕਤੀ ਨੂੰ ਚੋਰੀ ਦੇ ਕੇਸ 'ਚ ਸ਼ਾਮਲ ਕਰਾਉਣਾ ਚਾਹੁੰਦੇ ਹਨ, ਉਸਨੂੰ ਹਿਰਾਸਤ 'ਚ ਲੈ ਕੇ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ, ਉਸ ਵਿਅਕਤੀ ਦਾ ਕੋਈ ਵੀ ਸਬੰਧ ਚੋਰੀ ਦੀ ਵਾਰਦਾਤ ਨਾਲ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਚੋਰੀ ਦੇ ਮਾਮਲੇ 'ਚ ਪੁਲਸ ਵਲੋਂ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕਰਨਾ ਪੁਲਿਸ ਦਾ ਕੰਮ ਹੈ, ਜੋ ਕੰਮ ਪੁਲਿਸ ਕਰ ਰਹੀ ਹੈ।


Baljeet Kaur

Content Editor

Related News