3 ਮਹੀਨਿਆਂ ’ਚ ਇਕ ਪਰਿਵਾਰ ਦੇ ਦੋ ਜੀਆਂ ’ਤੇ ਹੋਇਆ ਕਾਤਲਾਨਾ ਹਮਲਾ, ਪੁਲਸ ਨੂੰ 3 ਅਪ੍ਰੈਲ ਤੱਕ ਦਾ ਅਲਟੀਮੇਟਮ
Wednesday, Apr 03, 2024 - 12:24 PM (IST)
ਨੰਗਲ (ਗੁਰਭਾਗ ਸਿੰਘ)-ਮੇਨ ਮਾਰਕੀਟ ’ਚ ਇਕ ਪਰਿਵਾਰ ਦੇ ਦੋ ਜੀਆਂ ’ਤੇ ਕਾਤਲਾਨਾ ਹਮਲਾ ਹੋਣ ਦੀ ਖ਼ਬਰ ਹੈ, ਜਿਸ ਨੂੰ ਲੈ ਕੇ ਅੱਜ ਸਵੇਰੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਸਾਰੇ ਦੁਕਾਨਦਾਰ ਮੇਨ ਬਾਜ਼ਾਰ ’ਚ ਦਰੀ ਵਿਛਾ ਕੇ ਬੈਠ ਗਏ। ਦੁਕਾਨਦਾਰਾਂ ਨੇ ਪੁਲਸ ਨੂੰ 3 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸਾਰੇ ਬਾਜ਼ਾਰਾਂ ਨੂੰ ਬੰਦ ਰੱਖਣ ਦੀ ਕਾਲ ਦੇਣਗੇ। ਪੀੜਤ ਪਰਿਵਾਰਕ ਮੈਂਬਰ ਨਵੀਨ ਛਾਬੜਾ ਪੁੱਤਰ ਕੇਵਲ ਕ੍ਰਿਸ਼ਣ ਨੇ ਕਿਹਾ ਕਿ ਬੀਤੀ ਰਾਤ ਸਾਡੇ 9 ਵਜੇ ਦੇ ਕਰੀਬ ਜਦੋਂ ਮੇਰਾ ਛੋਟਾ ਭਰਾ ਅੰਕੁਰ ਛਾਬੜਾ ਆਪਣੇ ਨੌਕਰ ਨੂੰ ਛੱਡਣ ਜਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ਨੇ ਉਸ ਦੇ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੂਹਾਨ ਕਰ ਦਿੱਤਾ। ਜ਼ਖ਼ਮੀ ਅੰਕਰੁ ਨੂੰ ਅਸੀਂ ਨੰਗਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਅਤੇ ਘਟਨਾ ਦੀ ਸਾਰੀ ਜਾਣਕਾਰੀ ਸਰਕਾਰੀ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰਕੇ ਦਿੱਤੀ। ਨਵੀਨ ਨੇ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਮੇਨ ਮਾਰਕੀਟ ਦੇ ਇਕ ਵਪਾਰੀ ਵੱਲੋਂ ਇਹ ਹਮਲਾ ਕਰਵਾਇਆ ਗਿਆ ਕਿਉਂਕਿ 2 ਮਹੀਨੇ ਪਹਿਲਾਂ ਜਨਵਰੀ 2024 ’ਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ’ਤੇ ਹਮਲਾ ਕਰ ਕੇ ਮੈਨੂੰ ਵੀ ਲਹੂ ਲੂਹਾਨ ਕੀਤਾ ਸੀ। ਜਿਸ ਤਹਿਤ ਨੰਗਲ ਪੁਲਿਸ ਨੇ ਉਸ ’ਤੇ ਵੱਖ-ਵੱਖ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਸੀ। ਉਸ ਤੋਂ ਬਾਅਦ ਉਹ ਸਾਡੇ ਨਾਲ ਹੋਰ ਜ਼ਿਆਦਾ ਰੰਜਿਸ਼ ਰੱਖਣ ਲੱਗ ਪਿਆ ਅਤੇ ਬਹੁਤ ਵਾਰ ਉਸ ਨੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਮੰਨਿਆ ਜਾ ਰਿਹੈ ਬਨਾਰਸ ਕੁਨੈਕਸ਼ਨ!
ਸਿਵਲ ਹਸਪਤਾਲ ਨੰਗਲ ’ਚ ਦਾਖ਼ਲ ਜ਼ਖ਼ਮੀ ਅੰਕੁਰ ਛਾਬੜਾ ਨੇ ਕਿਹਾ ਕਿ ਮੇਰੇ ’ਤੇ ਜਿਨ੍ਹਾਂ ਨੌਜਵਾਨਾਂ ਨੇ ਹਮਲਾ ਕੀਤਾ, ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੈਨੂੰ ਕਿਉਂ ਮਾਰ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਤੁਸੀਂ ਪਰਚਾ ਦਰਜ ਕਰਵਾਇਆ ਸੀ, ਇਹ ਉਸ ਦਾ ਹੀ ਨਤੀਜਾ ਹੈ। ਪਹਿਲਾਂ ਤੇਰੇ ਭਰਾ ਨੂੰ ਸਬਕ ਸਿਖਾਇਆ ਅਤੇ ਹੁਣ ਤੈਨੂੰ ਸਿਖਾਉਣਾ ਹੈ। ਜ਼ਖ਼ਮੀ ਨੇ ਕਿਹਾ ਕਿ ਹਮਲੇ ’ਚ ਮੇਰੇ ਸਿਰ, ਪਿੱਠ ਤੇ ਲੱਤਾਂ ਤੇ ਸੱਟਾਂ ਲੱਗੀਆਂ ਹਨ। ਮੇਰੇ ਸਿਰ ’ਤੇ 6 ਟਾਂਕੇ ਵੀ ਲੱਗੇ ਹਨ। ਪੀੜਤ ਪਰਿਵਾਰ ਨੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਸਾਨੂੰ ਇਸ ਵਪਾਰੀ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਦੇ ਖੌਫ ਤੋਂ ਬਾਹਰ ਕੱਢਿਆ ਜਾਵੇ ਤੇ ਇਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕੌਂਸਲਰ ਸੋਨੀਆ ਸੈਣੀ ਨੇ ਕਿਹਾ ਕਿ ਜਿਸ ਪਰਿਵਾਰ ’ਤੇ 3 ਮਹੀਨਿਆਂ ’ਚ 2 ਹਮਲੇ ਹੋ ਚੁੱਕੇ ਹਨ, ਉਹ ਬਹੁਤ ਹੀ ਕਰਮਯੋਗੀ ਪਰਿਵਾਰ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਅਸੀਂ ਆਪਣੀ ਮਾਰਕੀਟ ’ਚ ਸਭ ਨਾਲ ਮਿਲਕੇ ਰਹਿੰਦੇ ਹਾਂ ਅਤੇ ਅਜਿਹੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ।
ਮੇਨ ਮਾਰਕੀਟ ਵਪਾਰ ਮੰਡਲ ਪ੍ਰਧਾਨ ਮਤਰੰਜੇ ਪ੍ਰਸ਼ਾਦ ਨੇ ਕਿਹਾ ਕਿ ਉਕਤ ਵਪਾਰੀ ਵੱਲੋਂ ਦੁਕਾਨਦਾਰਾਂ ਤੇ ਲਗਾਤਾਰ ਖ਼ੌਫ਼ ਮਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਪੁਲਸ ਨੂੰ 3 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੰਦੇ ਹਾਂ, ਜੇਕਰ ਪੁਲਸ ਨੇ ਸਾਡੀ ਸੁਣਵਾਈ ਨਾ ਕੀਤੀ ਤਾਂ ਅਸੀਂ ਸਾਰੇ ਵਪਾਰ ਮੰਡਲਾਂ ਦੇ ਪ੍ਰਧਾਨਾਂ ਨੂੰ ਆਪੋ ਆਪਣੇ ਬਾਜ਼ਾਰ ਬੰਦ ਕਰਕੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਉਲੀਕਣ ਨੂੰ ਮਜਬੂਰ ਹੋਵਾਂਗੇ ਜਿਸਦੀ ਜ਼ਿੰਮੇਦਾਰੀ ਪ੍ਰਸ਼ਾਸਨ ਦੀ ਹੋਵੇਗੀ। ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਜਿਸ ਵਪਾਰੀ ’ਤੇ ਗੰਭੀਰ ਦੋਸ਼ ਲੱਗੇ ਹਨ, ਉਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਖ਼ੁਦ ਰਾਤ ਜਦੋਂ ਵਪਾਰ ਮੰਡਲ ਦੇ ਗਰੁੱਪ ’ਚ ਮੀਟਿੰਗ ਦਾ ਮੈਸਜ਼ ਆਇਆ ਤਾਂ ਪਤਾ ਲੱਗਿਆ ਕਿ ਅੰਕੁਰ ’ਤੇ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ’ਤੇ ਪਹਿਲਾਂ ਵੀ ਸਰਕਾਰ ਦਾ ਦਬਾਅ ਬਣਾਕੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਅਤੇ ਹੁਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਥਾਣਾ ਨੰਗਲ ਦੇ ਮੁਖੀ ਨਾਲ ਰਜਨੀਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਾਕਟਰੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਦੇ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੇਕ ਖਾਣ ਨਾਲ ਜਾਨ ਗੁਆਉਣ ਵਾਲੀ 10 ਸਾਲਾ ਬੱਚੀ ਦੇ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8