ਮਾਮਲਾ ਅਕਾਲੀ ਤੇ ਕਾਂਗਰਸੀ ਵਰਕਰਾਂ ''ਚ ਹੋਈ ਝਗੜੇ ਦਾ, 14 ਖਿਲਾਫ ਮਾਮਲਾ ਦਰਜ

09/12/2018 1:42:58 PM

ਗੁਰਦਾਸਪੁਰ (ਵਿਨੋਦ, ਹਰਮਨ) : ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਬੀਤੇ ਦਿਨੀਂ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਹੋਈ ਹੱਥੋਪਾਈ, ਕੁਰਸੀਆਂ ਚੱਲਣ, ਤਲਵਾਰਾਂ ਲਹਿਰਾਉਣ ਅਤੇ ਪੱਗੜੀਆਂ ਉਤਰਨ ਸੰਬੰਧੀ ਸਿਟੀ ਪੁਲਸ ਗੁਰਦਾਸਪੁਰ ਨੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਲੜਕੇ ਅਮਰਜੋਤ ਸਮੇਤ 14 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਇਸ ਹੱਥੋਪਾਈ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।  ਬੀਤੇ ਦਿਨੀਂ ਜੋ ਪ੍ਰਸ਼ਾਸਨਿਕ ਕੰਪਲੈਕਸ 'ਚ ਹੱਥੋਪਾਈ, ਗਾਲੀ-ਗਲੋਚ ਹੋਈ ਸੀ, ਉਸ 'ਚ ਅਕਾਲੀ ਵਰਕਰ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਕਾਂਗਰਸੀ ਵਰਕਰਾਂ ਦੀ ਅਗਵਾਈ ਸਥਾਨਕ ਵਿਧਾਇਕ ਦੇ ਪਿਤਾ ਤੇ ਭਰਾ ਕਰ ਰਹੇ ਸਨ। ਇਹ ਮਾਮਲਾ ਉਦੋਂ ਗਰਮਾਇਆ,  ਜਦ ਜੀਵਨਵਾਲ ਬੱਬਰੀ ਵਾਸੀ ਸੁਰਜੀਤ ਕੁਮਾਰ ਜੋ ਅਕਾਲੀ ਸਮਰੱਥਕ ਹੈ, ਉਸ ਨੂੰ ਕਾਂਗਰਸੀ ਵਰਕਰ ਨੇ ਚਪੇੜ ਮਾਰੀ ਸੀ। ਇਸ ਸਬੰਧੀ ਸੂਚਨਾ ਮਿਲਣ 'ਤੇ ਗੁਰਬਚਨ ਸਿੰਘ ਬੱਬੇਹਾਲੀ ਆਪਣੇ ਸਮਰੱਥਕਾਂ ਸਮੇਤ ਪ੍ਰਸ਼ਾਸਨਿਕ ਕੰਪਲੈਕਸ 'ਚ ਮੌਕੇ 'ਤੇ ਪਹੁੰਚੇ ਅਤੇ ਸੁਰਜੀਤ ਕੁਮਾਰ ਨੂੰ ਚਪੇੜ ਮਾਰਨ ਵਾਲੇ ਨੂੰ ਬਾਂਹ ਤੋਂ ਫੜ ਕੇ ਘਸੀਟਿਆ। ਇਸ ਸਬੰਧੀ ਸੂਚਨਾ ਮਿਲਦੇ ਹੀ ਕਾਂਗਰਸੀ ਨੇਤਾ ਗੁਰਮੀਤ ਸਿੰਘ ਪਾਹੜਾ, ਬਲਜੀਤ ਸਿੰਘ ਪਾਹੜਾ ਵੀ ਉਥੇ ਪਹੁੰਚ ਗਏ ਅਤੇ ਤਲਵਾਰਾਂ ਲਹਿਰਾਉਣ ਅਤੇ ਪੱਥਰ ਚੱਲਣ ਦੀ ਸੂਚਨਾ ਮਿਲਣ 'ਤੇ ਜ਼ਿਲਾ ਪੁਲਸ ਮੁਖੀ ਹੈੱਡ ਕੁਆਰਟਰ ਵਰਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਲੋਕਾਂ 'ਤੇ ਲਾਠੀਚਾਰਜ ਕਰ ਕੇ ਭਜਾ ਦਿੱਤਾ।

ਇਸ ਸਬੰਧੀ ਜਿਨ੍ਹਾਂ ਅਕਾਲੀ ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ, ਉਨ੍ਹਾਂ 'ਚ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਲੜਕੇ ਅਮਰਜੋਤ ਸਮੇਤ  ਦਿਲਪ੍ਰੀਤ ਸਿੰਘ ਪਿੰਡ ਦਾਖਲਾ, ਕਿੰਦਾ ਬੱਬੇਹਾਲੀ, ਕਸ਼ਮੀਰ ਸਿੰਘ, ਕ੍ਰਿਪਾਲ ਸਿੰਘ, ਅਵਤਾਰ ਸਿੰਘ ਸਰਪੰਚ ਕਾਲਾ ਨੰਗਲ, ਜਾਗੀਰ ਸਿੰਘ ਭੁੰਬਲੀ, ਹਰਬਰਿੰਦਰ ਸਿੰਘ ਪਿੰਡ ਪਾਹੜਾ, ਬੱਬੂ ਨਿਵਾਸੀ ਜੀਵਨਵਾਲ, ਸਤੀਸ਼ ਕੁਮਾਰ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਹਰਪ੍ਰੀਤ ਸਿੰਘ ਬੱਬਰੀ, ਸੁੱਚਾ ਸਿੰਘ ਹੇਮਰਾਜਪੁਰ, ਮਹਿੰਦਰ ਸਿੰਘ ਸਿੱਧਵਾ ਅਤੇ ਲਾਲੀ ਲਿਵਾਸੀ ਮੁਸਤਫਾਪੁਰ ਸ਼ਾਮਲ ਹਨ। ਇਸ ਸਬੰਧੀ ਸਿਟੀ ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ।


Related News