ਮਜੀਠਾ ’ਚ ਗੁੱਜਰ ਡਬਲ ਮਰਡਰ, ਹੋਮਗਾਰਡ ਦਾ ਕਤਲ ਅਤੇ ਆੜਤੀਏ ਦੀ ਲੁੱਟ ਦਾ ਮਾਮਲਾ ਪੁਲਸ ਲਈ ਬਣਿਆ ਬੁਝਾਰਤ

03/26/2022 11:08:51 AM

ਮਜੀਠਾ/ਕੱਥੂਨੰਗਲ (ਸਰਬਜੀਤ) : ਪੰਜਾਬ ’ਚ ਚਾਹੇ ਲੋਕਾਂ ਨੇ ਇਸ ਵਾਰ ਇਕਤਰਫਾ ਹੁੰਦਿਆਂ ਸਿਰਫ ਤੇ ਸਿਰਫ ਤੀਜੀ ਧਿਰ ‘ਆਮ ਆਦਮੀ ਪਾਰਟੀ’ ਨੂੰ ਸੱਤਾ ਵਿਚ ਲਿਆ ਕੇ ਉਸ ਦੀ ਸਰਕਾਰ ਬਣਾਉਂਦਿਆਂ ਬਾਕੀ ਸਾਰੀਆਂ ਸਿਆਸੀ ਰਾਸ਼ਟਰੀ ਪਾਰਟੀਆਂ ਨੂੰ ਧੋਬੀ ਪਟਕਾ ਮਾਰਦਿਆਂ ਨਾਮੋਸ਼ੀਜਨਕ ਹਾਰ ਦੇ ਕੇ ਬਾਹਰ ਦਾ ਰਸਤਾ ਦਿਖਾਈ ਸੀ। ਪੰਜਾਬ ’ਚ ‘ਆਪ’ ਦੀ ਸਰਕਾਰ ਲਿਆਉਣ ਦਾ ਮਕਦਸ ਇਹ ਸੀ ਤਾਂ ਜੋ ਪੰਜਾਬ ਵਿਚ ਅਮਨ ਸ਼ਾਂਤੀ ਬਰਕਰਾਰ ਰਹਿਣ ਦੇ ਨਾਲ-ਨਾਲ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰਹਿ ਸਕੇ, ਪਰ ਭਗਵੰਤ ਮਾਨ ਜੀ! ਤੁਸੀਂ ਮੁਖ ਮੰਤਰੀ ਬਣ ਕੇ ਗ੍ਰਹਿ ਵਿਭਾਗ ਤਾਂ ਆਪਣੇ ਕੋਲ ਰੱਖ ਲਿਆ, ਪਰ ਅਮਨ-ਕਾਨੂੰਨ ਦੀ ਪਹਿਲਾਂ ਤੋਂ ਚਰਮਰਾਈ ਵਿਵਸਥਾ ਵਿਚ ਅਜੇ ਤੱਕ ਤੁਹਾਡੇ ਵਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ, ਜਿਸ ਕਰ ਕੇ ਹੁਣ ਇਹ ਗੱਲ ਲੋਕ ਆਪ ਹੀ ਕਹਿੰਦੇ ਅਕਸਰ ਸੁਣੇ ਜਾ ਰਹੇ ਹਨ ਕਿ ਮਾਨ ਸਾਹਿਬ! ਗ੍ਰਹਿ ਵਿਭਾਗ ਆਪਣੇ ਕੋਲ ਰੱਖਣ ਦਾ ਕੀ ਫਾਇਦਾ?, ਜੇਕਰ ਤੁਹਾਡੇ ਹੁੰਦਿਆਂ ਵੀ ਗੋਲੀਕਾਂਡ, ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਭਿਆਨਕ ਵਾਰਦਾਤਾਂ ਨਹੀਂ ਰੁਕਣੀਆਂ।

ਇਹ ਵੀ ਪੜ੍ਹੋ : ਲੋਕ ਸਭਾ 'ਚ ਗੂੰਜਿਆ ਬੀ.ਬੀ.ਐੱਮ.ਬੀ. ਦਾ ਮੁੱਦਾ, ਡਾ. ਅਮਰ ਸਿੰਘ ਨੇ ਖੋਲ੍ਹੀਆਂ ਪੁਰਾਣੀਆਂ ਪਰਤਾਂ

ਜੀ ਹਾਂ! ਅੱਜ ਅਸੀਂ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਵਿਚ ਪੈਂਦੇ ਵਿਧਾਨ ਸਭਾ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਅਨਾਇਤਪੁਰਾ ਵਿਖੇ ਹੋਏ ਗੁੱਜਰ ਡਬਲ ਮਰਡਰ ਦੇ ਨਾਲ-ਨਾਲ ਮਜੀਠਾ ਵਿਚ ਕਤਲ ਕੀਤੇ ਗਏ ਪੰਜਾਬ ਹੋਮਗਾਰਡ ਦੇ ਜਵਾਨ ਕਰਮਜੀਤ ਸਿੰਘ ਲਾਡੀ ਦੇ ਕਤਲਕਾਂਡ ਅਤੇ ਸਿਰ ਵਿਚ ਰਾਡ ਮਾਰ ਕੇ ਆੜ੍ਹਤੀਏ ਨੂੰ ਲੁੱਟਣ ਦੇ ਮਾਮਲੇ ਸਬੰਧੀ ਤਾਂ ਇਸ ਸਰਕਾਰ ਦੇ ਕੰਨ ਖੋਲ੍ਹੇ ਜਾ ਸਕਣ ਅਤੇ ਇਸ ਨੂੰ ਗਹਿਰੀ ਨੀਂਦ ਤੋਂ ਜਗਾਇਆ ਜਾ ਸਕੇ। ਇਥੇ ਇਹ ਜ਼ਿਕਰ ਬਣਦਾ ਹੈ ਕਿ ਦਿਨ-ਦਿਹਾੜੇ ਹੋਈਆਂ ਇਨ੍ਹਾਂ ਤਿੰਨਾਂ ਵੱਡੀਆਂ ਵਾਰਦਾਤਾਂ ਨੂੰ ਲੈ ਕੇ ਮਜੀਠਾ ਥਾਣੇ ਦੀ ਪੁਲਸ ਕੋਈ ਖਾਸ ਕਦਮ ਚੁੱਕਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਗੁੱਜਰ ਡਬਲ ਮਰਡਰ ਹੋਣ ਤੋਂ ਬਾਅਦ ਅਜੇ 24 ਘੰਟੇ ਵੀ ਨਹੀਂ ਸਨ ਬੀਤੇ ਕਿ ਹੋਮਗਾਰਡ ਜਵਾਨ ਦਾ ਕਤਲ ਹੋ ਗਿਆ ਤੇ ਇਸ ਨੂੰ ਵੀ 24 ਘੰਟੇ ਦਾ ਸਮਾਂ ਨਹੀਂ ਹੋਇਆ ਕਿ ਆੜ੍ਹਤੀਏ ਕੋਲੋਂ 70 ਹਜ਼ਾਰ ਰੁਪਏ ਲੁੱਟ ਲਏ ਗਏ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਇਸ ਸਭ ਦੇ ਮੱਦੇਨਜ਼ਰ ਇੰਝ ਲੱਗਦਾ ਹੈ ਕਿ ਪੁਲਸ ਪ੍ਰਸ਼ਾਸਨ ਜਿਥੇ ਘੂਕ ਸੁੱਤਾ ਸਿਰਫ ਤੇ ਸਿਰਫ ਵਾਰਦਾਤਾਂ ਹੋਣ ਦੀ ਹੀ ਉਡੀਕ ਵਿਚ ਰਹਿੰਦਾ ਹੈ, ਉਥੇ ਨਾਲ ਹੀ ਪੰਜਾਬ ਵਿਚ ਅਮਨ-ਸ਼ਾਂਤੀ ਬਰਕਰਾਰ ਰੱਖਣ ਦੇ ਦਾਅਵੇ ਕਰਕੇ ਸੱਤਾ ਵਿਚ ਆਈ ‘ਆਪ’ ਸਰਕਾਰ ਦੇ ਮੁਖ ਮੰਤਰੀ ਭਗਵੰਤ ਮਾਨ ਵੀ ਉਕਤ ਤਿੰਨਾਂ ਵੱਡੀਆਂ ਵਾਰਦਾਤਾਂ ਪ੍ਰਤੀ ਅਜੈ ਸੰਜੀਦਾ ਨਹੀਂ ਲੱਗਦੇ, ਜਿਸ ਕਰ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਦੂਰ ਹੀ ਨਜ਼ਰ ਆ ਰਹੇ ਹਨ ਕਿਉਂਕਿ ਇਨ੍ਹਾਂ ਵਾਰਦਾਤਾਂ ਨੂੰ ਦੇਖ ਕੇ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ਾਸਨਕਾਲ ਸ਼ੁਰੂ ਹੁੰਦਿਆਂ ਹੀ ਪੰਜਬ ਵਿਚ ਅਮਨ ਕਾਨੂੰਨ ਦੀ ਸਥਿਤੀ ਬੱਦ ਤੋਂ ਬੱਦਤਰ ਹੁੰਦੀ ਜਾ ਰਹੀ ਹੈ ਅਤੇ ਉਕਤ ਵਾਰਦਾਤਾਂ ਕਰਨ ਵਾਲਿਆਂ ਨੂੰ ਕਾਨੂੰਨ ਨਾਮ ਦੀ ਚੀਜ਼ ਦਾ ਕੋਈ ਡਰ ਨਹੀਂ ਰਿਹਾ, ਜਿਸ ਕਰ ਕੇ ਹੁਣ ਆਉਣ ਵਾਲੇ ਦਿਨਾਂ ਵਿਚ ਇਹ ਦੇਖਣਾ ਹੋਵੇਗਾ ਕਿ ਆਖਿਰ ਕਦੋਂ ਤੱਕ ਥਾਣਾ ਮਜੀਠਾ ਦੀ ਪੁਲਸ ਉਕਤ ਤਿੰਨਾ ਵੱਡੀਆਂ ਵਾਰਦਾਤਾਂ ਤੋਂ ਪਰਦਾ ਚੁੱਕ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦੀ ਹੋਈ ਗੁੱਥੀ ਸੁਲਝਾਉਂਦੀ ਹੈ? ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿਉਂਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਸ਼ਾਸਨਕਾਲਾਂ ਵਿਚ ਮਾਮਲਿਆਂ ਨੂੰ ਠੰਡੇ ਬਸਤੇ ਵਿਚ ਪਾਉਣ ਵਾਲੀ ਇਹ ਪੰਜਾਬ ਪੁਲਸ ਹੁਣ ਇਸ ਨਵੀਂ ‘ਆਪ’ ਸਰਕਾਰ ਦੇ ਰਾਜ ਵਿਚ ਆਪਣੀ ਡਿਊਟੀ ਸਖਤੀ ਨਾਲ ਕਰਦੀ ਹੋਈ ਦੋਸ਼ੀਆਂ ਨੂੰ ਫਡ਼ਦੀ ਹੈ ਜਾਂ ਫਿਰ ਪਹਿਲਾਂ ਵਾਂਗ ਹੀ ਲੂਣ ’ਚ ਆਟਾ ਗੁੰਨਣ ਨੂੰ ਹੀ ਤਰਜ਼ੀਹ ਦਿੰਦੀ ਹੈ।

ਨੋਟ - ਇਸ ਤਰ੍ਹਾਂ ਦੀਆਂ ਹੋ ਰਹੀਆਂ ਵਾਰਦਾਤਾਂ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News