ਅੱਧੀ ਰਾਤ ਨੂੰ ਲੁੱਟ ਖੋਹ ਕਰਨ ਆਏ ਲੁਟੇਰੇ ਚੜ੍ਹੇ ਹੱਥੇ, ਕੀਤਾ ਪੁਲਸ ਹਵਾਲੇ

03/30/2024 5:24:58 PM

ਮੁੱਲਾਂਪੁਰ ਦਾਖਾ (ਕਾਲੀਆ) : ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਤਿੰਨ ਲੁਟੇਰਿਆਂ ਨੂੰ ਰਾਹਗੀਰਾਂ ਨੇ ਉਦੋਂ ਧਰ ਬੋਚ ਲਿਆ ਜਦੋਂ ਉਹ ਦਾਹ ਨਾਲ ਵਾਰ ਕਰਕੇ ਮੋਬਾਈਲ ਅਤੇ ਗਦੀ ਖੋਹ ਕੇ ਭੱਜਣ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਹੋ ਗਿਆ ਅਤੇ ਉਹ ਡਿੱਗ ਪਏ ਅਤੇ ਮੋਟਰਸਾਈਕਲ ਛੱਡ ਕੇ ਖੇਤਾਂ ਵੱਲ ਭੱਜ ਲਏ ਤਾਂ ਰਾਹਗੀਰਾਂ ਨੇ ਉਨ੍ਹਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਰਜਕ ਆਲਮ ਪੁੱਤਰ ਮੁਹੰਮਦ ਅਨਾਰੂ ਵਾਸੀ ਬਿਹਾਰ ਹਾਲ ਵਾਸੀ ਪਿੰਡ ਦਾਖਾ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ 28 ਮਾਰਚ ਨੂੰ ਆਪਣੇ ਭਰਾ ਅਫਸਰ ਨਾਲ ਰੋਜ਼ਾਨਾ ਦੀ ਤਰ੍ਹਾਂ ਫਾਸਟ ਫੂਡ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਵਾਪਸ ਆ ਰਹੇ ਸੀ ਤਾਂ ਕਰੀਬ ਰਾਤੀ 10:20 ਵਜੇ ਉਨ੍ਹਾਂ ਦੀ ਐਕਟਿਵਾ ਮਗਰ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਆਏ ਅਤੇ ਅੱਗੇ ਮੋਟਰਸਾਈਕਲ ਲਗਾ ਕੇ ਸਾਨੂੰ ਰੋਕ ਲਿਆ। ਸਭ ਤੋਂ ਪਿੱਛੇ ਬੈਠੇ ਮੋਨੇ ਨੌਜਵਾਨ ਨੇ ਦਾਹ ਨਾਲ ਸਾਡੇ 'ਤੇ ਵਾਰ ਕੀਤਾ ਜੋ ਕਿ ਸਕੂਟਰੀ ਦੀ ਲਾਈਟ ਵਿੱਚ ਜਾ ਵੱਜਾ। ਅਸੀਂ ਦੋਵੇਂ ਜਣੇ ਥੱਲੇ ਡਿੱਗ ਪਏ। ਤਿੰਨੇ ਨੌਜਵਾਨਾਂ ਨੇ ਮੇਰੀ ਜੇਬ ਵਿੱਚੋਂ 10,000 ਰੁਪਏ ਦੀ ਨਗਦੀ ਅਤੇ ਮੋਬਾਇਲ ਖੋਹ ਲਿਆ ਅਤੇ ਜਲਦੀ ਵਿੱਚ ਮੋਟਰਸਾਈਕਲ ਭਜਾਉਣ ਲੱਗਿਆ ਤਾਂ ਮੋਟਰਸਾਈਕਲ ਸਲਿਪ ਹੋ ਕੇ ਡਿੱਗ ਪਿਆ ਅਤੇ ਪਿੱਛੋਂ ਗੱਡੀ ਆਉਂਦੀ ਵੇਖ ਤਿੰਨੇ ਲੁਟੇਰੇ ਮੋਟਰਸਾਈਕਲ ਛੱਡ ਖੇਤਾਂ ਵੱਲ ਨੂੰ ਭੱਜ ਗਏ। ਇਸ ਦੌਰਾਨ ਅਸੀਂ ਰਾਹਗੀਰਾਂ ਦੀ ਮਦਦ ਨਾਲ ਲੁਟੇਰਿਆਂ ਨੂੰ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।

ਲੁਟੇਰਿਆਂ ਦੀ ਪਹਿਚਾਣ ਸੰਦੀਪ ਸਿੰਘ ਉਰਫ ਸਨੀ ਪੁੱਤਰ ਅਵਤਾਰ ਸਿੰਘ, ਚਰਨਜੀਤ ਸਿੰਘ ਉਰਫ ਵਿੱਕੀ ਪੁੱਤਰ ਕੁਲਵੀਰ ਸਿੰਘ ਅਤੇ ਹਰਦੀਪ ਸਿੰਘ ਉਰਫ ਬਸੰਤ ਪੁੱਤਰ ਅਵਤਾਰ ਸਿੰਘ ਵਾਸੀਆਨ ਪਿੰਡ ਖੰਡੂਰ ਵਜੋਂ ਹੋਈ ਹੈ। ਥਾਣਾ ਦਾਖਾ ਦੇ ਏ. ਐੱਸ. ਆਈ. ਕੁਲਦੀਪ ਸਿੰਘ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਨ, ਨੇ ਦੱਸਿਆ ਕਿ ਕਾਬੂ ਲੁਟੇਰਿਆਂ ਤੋਂ ਇੱਕ ਲੋਹੇ ਦਾ ਦਾਅ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ ਅਤੇ ਇਨ੍ਹਾਂ ਤੋਂ ਪੁੱਛਗਿਛ ਜਾਰੀ ਹੈ।


Gurminder Singh

Content Editor

Related News