ਪੌਣੇ 2 ਲੱਖ ''ਚ ਵੇਚ ''ਤਾ ਸਰਕਾਰੀ ਬਾਥਰੂਮ, ਕਬਜ਼ਾ ਛੁਡਾਉਣ ਪਹੁੰਚੀ ਟੀਮ ਨਾਲ ਉਲਝੇ ਲੋਕ

Saturday, Nov 24, 2018 - 08:19 PM (IST)

ਅੰਮ੍ਰਿਤਸਰ,(ਰਮਨ)— ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੀਆਂ ਹਦਾਇਤਾਂ ਅਨੁਸਾਰ ਅਸਟੇਟ ਵਿਭਾਗ ਨੇ ਥਾਣਾ ਸੀ-ਡਵੀਜ਼ਨ ਦੇ ਸਾਹਮਣੇ ਸਰਕਾਰੀ ਜ਼ਮੀਨ 500 ਗਜ਼ ਜਗ੍ਹਾ 'ਤੇ ਹੋ ਰਹੇ ਕਬਜ਼ੇ ਨੂੰ ਛੁਡਾਇਆ। ਉਥੇ ਹੀ ਟੀਮ ਨੇ ਵੇਖਿਆ ਕਿ ਇਕ ਸਰਕਾਰੀ ਬਾਥਰੂਮ ਦੀ ਜਗ੍ਹਾ 'ਤੇ ਘਰ ਬਣਿਆ ਹੈ। ਪੁੱਛ-ਗਿੱਛ ਤੋਂ ਬਾਅਦ ਪਤਾ ਲੱਗਾ ਕਿ ਕਿਸੇ ਨਗੀਨਾ ਨਾਂ ਦੇ ਵਿਅਕਤੀ ਨੇ ਸਰਕਾਰੀ ਬਾਥਰੂਮ 1 ਲੱਖ 75 ਹਜ਼ਾਰ 'ਚ ਵੇਚ ਦਿੱਤਾ ਹੈ। ਟੀਮ ਨਾਲ ਉਸ ਜਗ੍ਹਾ 'ਤੇ ਅਸਟੇਟ ਅਫਸਰ ਸੁਸ਼ਾਂਤ ਭਾਟੀਆ, ਇੰਸਪੈਕਟਰ ਕੇਵਲ ਕ੍ਰਿਸ਼ਨ, ਪਰਮਜੀਤ ਸਿੰਘ, ਕੁਲਦੀਪ ਸਿੰਘ ਨਿਗਮ ਪੁਲਸ ਫੋਰਸ ਅਤੇ ਥਾਣਾ ਸੀ-ਡਵੀਜ਼ਨ ਦੀ ਟੀਮ ਪੁਲਸ ਸਮੇਤ ਕਾਰਵਾਈ ਕਰਨ ਪਹੁੰਚੀ। ਇਸ ਦੌਰਾਨ ਲੋਕ ਟੀਮ ਨਾਲ ਉਲਝ ਪਏ। ਮਾਮਲਾ ਗਰਮਾਉਂਦਾ ਵੇਖ ਅਸਟੇਟ ਅਫਸਰ ਨੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੋਨ ਕਰ ਕੇ ਹੋਰ ਪੁਲਸ ਫੋਰਸ ਬੁਲਾਈ, ਜਿਸ ਨਾਲ ਮਾਮਲਾ ਸ਼ਾਂਤ ਹੋਇਆ ਅਤੇ ਬਿਜਲੀ ਘਰ ਦੇ ਪਿੱਛੇ ਹੋ ਰਹੀ 500 ਗਜ਼ ਦੀ ਜਗ੍ਹਾ 'ਤੇ ਉਸਾਰੀ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਭਾਟੀਆ ਨੇ ਵੇਖਿਆ ਕਿ ਸਾਰੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਹੋਇਆ ਪਿਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਇਕ ਹਫ਼ਤੇ ਅੰਦਰ ਢਾਹ ਲੈਣ ਨਹੀਂ ਤਾਂ ਨਿਗਮ ਆਪਣੇ ਅਮਲੇ ਦੇ ਨਾਲ ਆ ਕੇ ਸਾਰੀਆਂ ਉਸਾਰੀਆਂ ਨੂੰ ਢਾਹ ਦੇਵੇਗਾ। ਉਨ੍ਹਾਂ ਵੇਖਿਆ ਕਿ ਸਰਕਾਰੀ ਜਗ੍ਹਾ 'ਤੇ ਇਕ ਵਰਕਸ਼ਾਪ ਖੁੱਲ੍ਹੀ ਹੋਈ ਹੈ। 

PunjabKesari

ਸਰਕਾਰੀ ਜ਼ਮੀਨ 'ਤੇ ਕਬਜ਼ਾ ਨਹੀਂ ਹੋਵੇਗਾ ਬਰਦਾਸ਼ਤ : ਭਾਟੀਆ
ਅਸਟੇਟ ਅਫਸਰ ਭਾਟੀਆ ਨੇ ਦੱਸਿਆ ਕਿ ਨਿਗਮ ਕਾਲੋਨੀ ਤੋਂ ਗਿਲਵਾਲੀ ਗੇਟ ਚੌਕ ਤੱਕ ਨਿਕਲਣ ਵਾਲੀ ਸੜਕ 'ਤੇ ਬਣਿਆ। ਇਥੇ ਸਰਕਾਰੀ ਬਾਥਰੂਮ ਇਕ ਲੱਖ 75 ਹਜ਼ਾਰ ਰੁਪਏ 'ਚ ਵੇਚ ਦਿੱਤਾ ਗਿਆ ਹੈ। ਉਥੇ ਹੀ 25 ਤੋਂ 30 ਲੋਕਾਂ ਨੇ ਕਿਤੇ 50 ਗਜ਼ ਜਗ੍ਹਾ 'ਤੇ ਕਬਜ਼ਾ ਕੀਤਾ ਹੈ ਤਾਂ ਕਿਸੇ ਨੇ 100 ਤੋਂ 500 ਗਜ਼ ਜਗ੍ਹਾ 'ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਸਾਰਿਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਇਕ ਹਫ਼ਤੇ ਅੰਦਰ ਉਸਾਰੀ ਨਾ ਢਾਹੀ ਅਤੇ ਦਸਤਾਵੇਜ਼ ਨਾ ਵਿਖਾਏ ਤਾਂ ਨਿਗਮ ਇਕ ਹਫ਼ਤੇ ਤੋਂ ਬਾਅਦ ਸਾਰਿਆਂ ਨੂੰ ਢਾਹ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜ ਹਜ਼ਾਰ ਗਜ਼ ਦੇ ਲਗਭਗ ਸਰਕਾਰੀ ਜ਼ਮੀਨ 'ਤੇ ਲੋਕਾਂ ਨੇ ਕਬਜ਼ਾ ਕੀਤਾ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ, ਉਥੇ ਹੀ ਉਨ੍ਹਾਂ ਨੇ ਨਿਗਮ ਕਾਲੋਨੀ 'ਚ ਵੀ ਲੋਕਾਂ ਨੂੰ ਕਿਹਾ ਕਿ ਉਹ ਵੀ ਆਪਣੇ-ਆਪ ਗ਼ੈਰ-ਕਾਨੂੰਨੀ ਉਸਾਰੀ ਢਾਹ ਦੇਣ।

ਸਰਕਾਰੀ ਜਗ੍ਹਾ 'ਤੇ ਹੋਏ ਕਬਜ਼ਿਆਂ ਨੂੰ ਲੈ ਕੇ ਜਲਦ ਹੋਵੇਗੀ ਕਾਰਵਾਈ : ਮੇਅਰ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਨਿਗਮ ਟੀਮ ਜਦੋਂ ਥਾਣਾ ਸੀ-ਡਵੀਜ਼ਨ ਦੇ ਸਾਹਮਣੇ ਗੁਜਰਪੁਰਾ 'ਚ ਕਬਜ਼ਾ ਛੁਡਾਉਣ ਗਈ ਤਾਂ ਉਥੇ ਵੇਖਿਆ ਕਿ ਲਗਭਗ 5 ਹਜ਼ਾਰ ਗਜ਼ ਹੋਰ ਜਗ੍ਹਾ 'ਤੇ ਕਬਜ਼ਾ ਹੋਇਆ ਸੀ। ਜਿਸ ਨੂੰ ਲੈ ਕੇ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਰਣਨੀਤੀ ਬਣਾ ਕੇ ਉਕਤ ਇਲਾਕੇ 'ਚ ਸਾਰੀ ਜਗ੍ਹਾ 'ਤੇ ਹੋਏ ਕਬਜ਼ਿਆਂ ਨੂੰ ਛੁਡਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਬਾਥਰੂਮ 'ਤੇ ਹੋਏ ਕਬਜ਼ੇ ਨੂੰ ਲੈ ਕੇ ਵੀ ਜਾਂਚ ਕੀਤੀ ਜਾਵੇਗੀ।


Related News