ਰਾਜ ਭਰ ਦੇ ਇੰਜੀਨੀਅਰਾਂ ਨੇ ਸੂਬਾਈ ਪੱਧਰ ’ਤੇ ਜੁਆਇੰਟ ਕੰਟਰੋਲਰ ਵਿਰੁੱਧ ਦਿਤਾ ਧਰਨਾ

05/21/2020 6:10:03 PM

ਬਾਬਾ ਬਕਾਲਾ ਸਾਹਿਬ,(ਰਾਕੇਸ਼)- ਲੋਕ ਨਿਰਮਾਣ ਵਿਭਾਗ ਵਿਚ ਕੰਮ ਕਰਦੇ ਜੂਨੀਅਰ ਅਤੇ ਉਪ ਮੰਡਲ ਇੰਜੀਨੀਅਰਾਂ ਨੇ ਪਟਿਆਲਾ ਵਿਖੇ ਸਥਿਤ ਮੁੱਖ ਦਫਤਰ ਮੂਹਰੇ ਵਿਭਾਗ ਵਿਚ ਤਾਇਨਾਤ ਜੁਆਇੰਟ ਕੰਟਰੋਲਰ (ਵਿੱਤ ਅਤੇ ਲੇਖਾ) ਖਿਲਾਫ ਸੂਬਾਈ ਪੱਧਰ ’ਤੇ ਧਰਨਾ ਦਿਤਾ ਅਤੇ ਅਧਿਕਾਰੀ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਵਿਭਾਗ ਦੇ ਮੁੱਖ ਇੰਜੀਨੀਅਰ ਵਰਿੰਦਰਜੀਤ ਸਿੰਘ ਢੀਂਡਸਾ ਨੂੰ ਉਕਤ ਅਧਿਕਾਰੀਆਂ ਦੇ ਮਨਮਰਜ਼ੀਆਂ ਖਿਲਾਫ ਮੈਮੋਰੰਡਮ ਵੀ ਦਿੱਤਾ। ਲੋਕ ਨਿਰਮਾਣ ਵਿਭਾਗ ਦੇ ਸੂਬਾਈ ਆਗੂ ਇੰਜੀ: ਵੀ.ਕੇ.ਕਪੂਰ ਵੱਲੋਂ ਜਾਰੀ ਪੈ੍ਰੱਸ ਨੋਟ ਅਨੁਸਾਰ ਉਨ੍ਹਾਂ ਦੱਸਿਆ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਪਣੇ ਹੁਕਮਾਂ ’ਚ ਪੰਜਾਬ ਦੇ ਸਾਰੇ ਵਿਭਾਗਾਂ ਦੇ ਵਿਚ ਕੰਮ ਕਰਦੇ ਜੂਨੀਅਰ, ਸਹਾਇਕ ਅਤੇ ਉਪ ਮੰਡਲ ਇੰਜੀਨੀਅਰਾਂ ਨੂੰ 20/20/25 ਸਾਲਾਂ ਤਰੱਕੀ ਦੇ ਨਾਲ-ਨਾਲ 4/19/14 ਦੀ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਸਨ।

ਇੰਨਾਂ ਹੁਕਮਾਂ ਦੀ ਬਾਕੀ ਸਭ ਵਿਭਾਗਾਂ ਵੱਲੋਂ ਪਾਲਣਾ ਕਰਦਿਆਂ ਕਾਫੀ ਸਮਾਂ ਪਹਿਲਾਂ ਹੀ ਇੰਜੀਨੀਅਰਾਂ ਨੂੰ ਬਣਦੀ ਇਨਕਰੀਮੈਂਟ ਦੇ ਦਿਤੀ ਸੀ ਪਰ ਲੋਕ ਨਿਰਮਾਣ ਵਿਭਾਗ ਦੇ ਉਪਰੋਕਤ ਅਧਿਕਾਰੀ ਦੇ ਅੜੀਅਲ ਵਰਤੀਰੇ ਕਰਕੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਇਸ ਫੈਸਲੇ ਨੂੰ ਲੰਬਿਤ ਸਮੇਂ ਤੋਂ ਪੈਡਿੰਗ ਰੱਖਿਆ ਹੋਇਆ ਸੀ ਪਰ ਪ੍ਰਮੁੱਖ ਸਕੱਤਰ ਦੀ ਦਖਲਅੰਦਾਜ਼ੀ ਕਰਕੇ ਇਹ ਹੁਕਮ ਜਾਰੀ ਕਰ ਦਿਤੇ ਅਤੇ ਮੁੱਖ ਇੰਜੀਨੀਅਰ ਨੇ 17 ਅਪ੍ਰੈਲ ਨੂੰ ਸਾਰੇ ਪੰਜਾਬ ਦੇ ਦਫਤਰਾਂ ਨੂੰ ਪੱਤਰ ਜਾਰੀ ਕੀਤਾ, ਕਿ ਇਸ ਨੂੰ ਤਰੁੰਤ ਪ੍ਰਭਾਵ ਨਾਲ ਲੈ ਕੇ ਇਨਕਰੀਮੈਂਟ ਦਾ ਲਾਭ ਦਿਤਾ ਜਾਵੇ। ਜੁਆਇੰਟ ਕੰਟਰੋਲਰ ਜੋ ਮੁੱਖ ਇੰਜੀਨੀਅਰ ਦੇ ਅਧੀਨ ਆਉਂਦਾ ਹੈ, ਉਸ ਨੇ ਆਪਣੇ ਪੱਧਰ ’ਤੇ ਪ੍ਰਮੁੱਖ ਸਕੱਤਰ ਅਤੇ ਮੁੱਖ ਇੰਜੀਨੀਅਰ ਦੇ ਦਿੱਤੇ ਹੁਕਮ ਨੂੰ ਉਲੰਘਣ ਦੀ ਕੋਸ਼ਿਸ਼ ਕਰਦਿਆਂ ਸਾਰੇ ਪੰਜਾਬ ਦੇ ਨਿਗਰਾਨ ਇੰਜੀਨੀਅਰਾਂ ਨੂੰ ਹੁਕਮ ਦਿੱਤਾ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਨੂੰ ਨਾ ਮੰਨਿਆ ਜਾਵੇ। ਇਸ ਤਰ੍ਹਾਂ ਜਿਥੇ ਉਸ ਨੇ ਸਿਵਲ ਸਰਵਸਿਜ਼ ਨਿਯਮਾਂ ਦੀ ਉਲੰਘਣਾ ਕੀਤੀ ਹੈ, ਉਥੇ ਨਾਲ ਹੀ ਵਿਭਾਗ ਲਈ ਸੰਵਧਾਨਿਕ ਸੰਕਟ ਖੜਾ ਕਰ ਦਿਤਾ ਹੈ, ਜਿਸ ਕਾਰਨ ਇੰਜੀਨੀਅਰਾਂ ਨੂੰ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਧਰਨੇ ਵਿਚ ਬਲਜੀਤ ਸਿੰਘ ਪੀ. ਡੀ, ਰਾਣਾ ਭੁਪਿੰਦਰ ਸਿੰਘ ਗਿੱਲ, ਜਸਵੰਤ ਸਿੰਘ ਗਰੇਵਾਲ ਆਦਿ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ।
 


Deepak Kumar

Content Editor

Related News