ਡਰੈਗਨ ਡੋਰ ਦੀ ਵਿਕਰੀ ਬੰਦ, ਫਿਰ ਵੀ ਚੱਲ ਰਿਹੈ ਧੜੱਲੇ ਨਾਲ ਕਾਰੋਬਾਰ

12/17/2018 3:09:58 AM

ਅੰਮ੍ਰਿਤਸਰ,  (ਨੀਰਜ)-  ਡਰੈਗਨ ਡੋਰ ਦੇ ਉਤਪਾਦਨ ਤੇ ਵਿਕਰੀ ਬੰਦ ਕੀਤੇ ਜਾਣ ਦੇ ਬਾਵਜੂਦ ਜਿਥੇ ਇਸ ਦੀ ਲੁਕ-ਛੁਪ ਕੇ ਵਿਕਰੀ ਹੋ ਰਹੀ ਹੈ, ਉਥੇ ਹੀ ਪਤੰਗ ਉਡਾਉਣ ਵਾਲੇ ਬੱਚੇ ਤੇ ਵੱਡੇ ਇਸ ਦੀ ਧਡ਼ੱਲੇ ਨਾਲ ਵਰਤੋਂ ਕਰਦੇ ਨਜ਼ਰ ਆ ਰਹੇ ਹਨ ਤੇ ਦੋਪਹੀਆ ਵਾਹਨ ਚਲਾਉਣ ਵਾਲੇ ਰਾਹਗੀਰਾਂ ਦੀ ਜ਼ਿੰਦਗੀ ਨਾਲ ਖਿਲਵਾਡ਼ ਕਰ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਵੱਲੋਂ ਇਸ ਡੋਰ ਦੀ ਵਿਕਰੀ ਤੇ ਵਰਤੋਂ ਬੰਦ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਨਾ ਤਾਂ ਚਾਈਨਾ ਡੋਰ ਵੇਚਣ ਵਾਲੇ ਰਹੇ ਹਨ ਤੇ ਨਾ ਹੀ ਇਸ ਦੀ ਵਰਤੋਂ ਕਰਨ ਵਾਲੇ, ਜਦੋਂ ਕਿ ਆਏ ਦਿਨ ਕੋਈ ਨਾ ਕੋਈ ਵਿਅਕਤੀ ਇਸ ਡੋਰ ਦੇ ਲਪੇਟ ਵਿਚ ਆ ਕੇ ਜ਼ਖਮੀ ਹੋ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਤਾਂ ਕਈ ਲੋਕ ਇਸ ਡੋਰ ਦੀ ਲਪੇਟ ਵਿਚ ਆ ਕੇ ਮੌਤ ਦਾ ਸ਼ਿਕਾਰ ਵੀ ਬਣ ਚੁੱਕੇ ਹਨ। ਪ੍ਰਸ਼ਾਸਨ ਚਾਹੁੰਦੇ ਹੋਏ ਵੀ ਇਸ ਡੋਰ ਦੀ ਵਰਤੋਂ ਰੋਕਣ ਵਿਚ ਨਾਕਾਮ ਨਜ਼ਰ ਆ ਰਹੇ ਹਨ। ਪੁਲਸ ਤੇ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਡੋਰ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਚਾਈਨਾ ਡੋਰ ਦੀ ਤਲਾਸ਼ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਹੈਰਾਨੀਜਨਕ ਪਹਿਲੂ ਇਹ ਸਾਹਮਣੇ ਆ ਰਿਹਾ ਹੈ ਕਿ ਕਿਸੇ ਵੀ ਡੋਰ ਵਿਕਰੇਤਾ ਵੱਲੋਂ ਨਾ ਤਾਂ ਚਾਈਨਾ ਡੋਰ ਵੇਚੀ ਜਾ ਰਹੀ ਹੈ ਤੇ ਨਾ ਹੀ ਇਸ ਨੂੰ ਸਟਾਕ ਕੀਤਾ ਜਾ ਰਿਹਾ ਹੈ, ਫਿਰ ਵੀ ਜ਼ਿਆਦਾਤਰ ਬੱਚੇ ਤੇ ਵੱਡੇ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। 
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਡੋਰ ਵਿਕਰੇਤਾ ਚਾਈਨਾ ਡੋਰ ਦੀ ਵਿਕਰੀ ਨਾ ਕਰਨ। ਦੁਕਾਨਦਾਰਾਂ ਨੇ ਵੀ ਪ੍ਰਬੰਧਕੀ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਸਿਰਫ ਪ੍ਰੰਪਰਾਗਤ ਪਿੰਨੇ ਵਾਲੀ ਡੋਰ ਤੇ ਬਰੇਲੀ ਵਾਲੀ ਡੋਰ ਦੀ ਹੀ ਵਿਕਰੀ ਕਰ ਰਹੇ ਹਨ।

ਵਿਕਰੀ ਕਰਨ ਵਾਲਿਅਾਂ ਨੇ ਬਦਲਿਆ ਪੈਂਤੜਾ, ਗੱਟੂਅਾਂ ’ਤੇ ਲਿਖਿਆ ‘ਪਤੰਗ ਉਡਾਉਣ ਲਈ ਨਹੀਂ’
ਐੱਨ. ਜੀ. ਟੀ. ਨੇ ਚਾਈਨਾ ਡੋਰ ਦੇ ਉਤਪਾਦਨ ’ਤੇ ਪਾਬੰਦੀ ਲਾ ਦਿੱਤੀ ਪਰ ਇਸ ਦੇ ਉਤਪਾਦਨ ਕਰਨ ਵਾਲੇ ਵੀ ਇੰਨੇ ਸ਼ਾਤਿਰ ਹਨ ਕਿ ਉਨ੍ਹਾਂ ਨੇੇ ਹੁਣ ਇਸ ਡੋਰ ਦੀ ਵਿਕਰੀ ਕਰਨ ਲਈ ਪੈਂਤੜਾ ਹੀ ਬਦਲ ਲਿਆ ਹੈ। ਕਾਨੂੰਨੀ ਕਾਰਵਾਈ ਤੋਂ ਬਚਣ ਲਈ ਹੁਣ ਚਾਈਨਾ ਡੋਰ ਦੇ ਗੱਟੂਅਾਂ ’ਤੇ ਲਿਖਿਆ ਗਿਆ ਹੈ ਕਿ ਇਹ ਪਤੰਗ ਉਡਾਉਣ ਲਈ ਨਹੀਂ ਹੈ, ਜਦੋਂ ਕਿ ਇਸ ਤੋਂ ਪਹਿਲਾਂ ਚਾਈਨਾ ਡੋਰ ਦੇ ਗੱਟੂਅਾਂ ’ਤੇ ਬਾਕਾਇਦਾ ਪਤੰਗ ਉਡਾਉਂਦੇ ਹੋਏ ਬੱਚੇ ਨੂੰ ਫੋਟੋ ਲੱਗੀ ਹੁੰਦੀ ਸੀ ਪਰ ਪੈਂਤੜੇਬਾਜ਼ੀ ਨੇ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਅਣਗਣਿਤ ਪ੍ਰੰਪਰਾਗਤ ਕਾਰੀਗਰ ਹੋਏ ਬੇਰੋਜ਼ਗਾਰ
ਚਾਈਨਾ ਡੋਰ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਚਾਈਨਾ ਡੋਰ ਦੇ ਹੱਤਿਆਰੇ ਨਤੀਜਿਆਂ ਨੂੰ ਦੇਖਣ ਤੋਂ ਬਾਅਦ ਪੂਰੇ ਦੇਸ਼ ਵਿਚ ਇਸ ਡੋਰ ਦੇ ਉਤਪਾਦਨ ’ਤੇ ਪਾਬੰਦੀ ਲਾ ਦਿੱਤੀ ਹੈ। ਐੱਨ. ਜੀ. ਟੀ. ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਅਾਂ ਜ਼ਰੀਏ ਡਿਪਟੀ ਕਮਿਸ਼ਨਰਾਂ ਰਾਹੀਂ ਇਸ ਡੋਰ ਦੇ ਉਤਪਾਦਨ ਤੇ ਵਿਕਰੀ ਕਰਨ ਤੋਂ ਇਲਾਵਾ ਇਸ ਦੀ ਵਰਤੋਂ ਕਰਨ ’ਤੇ ਵੀ ਪਾਬੰਦੀ ਲਾ ਦਿੱਤੀ ਹੈ ਪਰ ਛੱਤ ’ਤੇ ਚਡ਼੍ਹ ਕੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਅੱਜ ਵੀ ਇਸ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ। ਆਖ਼ਿਰ ਇਸ ਦੀ ਆਮਦ ਕਿਥੋਂ ਹੋ ਰਹੀ ਹੈ। ਚਾਈਨਾ ਡੋਰ ਦੀ ਭਾਰਤ ਵਿਚ ਆਉਣ ਦੀ ਗੱਲ ਕਰੀਏ ਤਾਂ ਲਗਭਗ 10 ਸਾਲ ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਚਾਈਨਾ ਤੋਂ ਕੁਝ ਵਪਾਰੀਆਂ ਨੇ ਡੋਰ ਦਾ ਕਾਰੋਬਾਰ ਕੀਤਾ ਤੇ ਇਸ ਡੋਰ ਨੇ ਪ੍ਰੰਪਰਾਗਤ ਡੋਰ ਦੇ ਕਾਰੋਬਾਰ ਨੂੰ 1-2 ਸਾਲਾਂ ਵਿਚ ਹੀ ਤਬਾਹ ਕਰ ਕੇ ਰੱਖ ਦਿੱਤਾ। ਹਾਲਾਤ ਇਹ ਬਣ ਗਏ ਕਿ ਪਿੰਨੇ ਵਾਲੀ ਡੋਰ ਦੇ ਉਤਪਾਦਨ ਕਰਨ ਵਾਲੇ ਅਣਗਿਣਤ ਕਾਰੀਗਰ ਬੇਰੋਜ਼ਗਾਰ ਹੋ ਗਏ ਕਿਉਂਕਿ ਚਾਈਨਾ ਡੋਰ ਦੇ ਸਾਹਮਣੇ ਪਿੰਨੇ ਵਾਲੀ ਜਾਂ ਬਰੇਲੀ ਦੀ ਡੋਰ ਇਕ ਮਿੰਟ ਵੀ ਨਹੀਂ ਟਿਕਦੀ।
 


Related News