ਗੰਦਾ ਪਾਣੀ ਪੀਣ ਲਈ ਮਜਬੂਰ ਹਨ ਮੁਹੱਲਾ ਨਾਨਕਸਰ ਨਿਵਾਸੀ
Sunday, Sep 02, 2018 - 06:17 AM (IST)

ਤਰਨਤਾਰਨ, (ਵਾਲੀਆ)- ਇਕ ਪਾਸੇ ਸਰਕਾਰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਸਾਫ-ਸੁੱਥਰਾ ਵਾਤਾਵਰਣ ਅਤੇ ਘਰ-ਘਰ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵੱਡੇ-ਵੱਡੇ ਵਾਅਦੇ ਕਰ ਰਹੀ ਹੈ ਤੇ ਦੂਜੇ ਪਾਸੇ ਤਰਨਤਾਰਨ ਸ਼ਹਿਰ ਦੇ ਕਈ ਅਹਿਮ ਇਲਾਕੇ ਇਹੋ ਜਿਹੇ ਹਨ ਜਿਥੇ ਸ਼ੁੱਧ ਪਾਣੀ ਪੀਣ ਨੂੰ ਲੋਕ ਤਰਸ ਰਹੇ ਹਨ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਇਸ ਗੰਦੇ ਪਾਣੀ ਨਾਲ ਲੋਕਾਂ ਨੂੰ ਗੰਭੀਰ ਬੀਮਾਰੀਆਂ ਲੱਗ ਰਹੀਅਾਂ ਹਨ।
ਸਿਵਲ ਹਸਪਤਾਲ ਤਰਨਤਾਰਨ ਦੇ ਬੈਕਸਾਈਡ ਵਾਲੇ ਮੁਹੱਲਾ ਨਾਨਕਸਰ ’ਚ ਪਿਛਲੇ ਇਕ ਮਹੀਨੇ ਤੋਂ ਸਰਕਾਰੀ ਟੂਟੀਆਂ ਵਿਚੋਂ ਗੰਦਾ ਪਾਣੀ ਆ ਰਿਹਾ ਹੈ ਜੋ ਕਿ ਨਾ ਤਾਂ ਪੀਣ ਯੋਗ ਹੈ ਅਤੇ ਨਾ ਹੀ ਇਸ ਪਾਣੀ ਦੀ ਵਰਤੋਂ ਕਿਸੇ ਹੋਰ ਕੰਮ ਲਈ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਉਹ ਉਨ੍ਹਾਂ ਘਰਾਂ ਵਿਚੋਂ ਪਾਣੀ ਲਿਆ ਕੇ ਵਰਤ ਰਹੇ ਹਨ ਜਿਨ੍ਹਾਂ ਘਰਾਂ ਵਿਚ ਸਬਮਰਸੀਬਲ ਪੰਪ ਲੱਗੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਹੱਲੇ ਵਿਚ ਪਹਿਲਾਂ ਵੀ ਗੰਦਾ ਪਾਣੀ ਆਉਣ ਨਾਲ ਲੋਕਾਂ ਨੂੰ ਵੱਡੀ ਗਿਣਤੀ ’ਚ ਕਾਲੇ ਪੀਲੀਏ ਅਤੇ ਹੋਰ ਬੀਮਾਰੀਆਂ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਪਰ ਸਬੰਧਤ ਮਹਿਕਮੇ ਵਲੋਂ ਇਸ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਪਾਸੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਾਫ ਅਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਯੋਗ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।