ਪਿੰਡ ਸਾਂਡਪੁਰਾ ਦੇ ਵਿਕਾਸ ਕਾਰਜਾਂ ਲਈ ਪੌਣੇ 10 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ
Monday, Oct 15, 2018 - 12:09 PM (IST)

ਭਿੱਖੀਵਿੰਡ/ਖਾਲੜਾ (ਭਾਟੀਆ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਹਰੇਕ ਪਿੰਡ ਦੀ ਕਾਇਆ-ਕਲਪ ਬਦਲ ਕੇ ਰੱਖ ਦਿੱਤੀ ਜਾਵੇਗੀ ਤੇ ਕੋਈ ਪਿੰਡ ਅਜਿਹਾ ਨਹੀਂ ਦਿਸੇਗਾ ਜੋ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈੱਸ ਨਹੀਂ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪਿੰਡ ਸਾਂਡਪੁਰਾ ਦੇ ਵਿਕਾਸ ਕਾਰਜਾਂ ਲਈ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਗੁਰਮੁਖ ਸਿੰਘ ਸਾਂਡਪੁਰਾ ਨੂੰ 9.70 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈੱਕ ਭੇਟ ਕਰਦਿਆਂ ਕੀਤਾ।
ਵਿਧਾਇਕ ਸੁਖਪਾਲ ਭੁੱਲਰ ਨੇ ਕਿਹਾ ਕਿ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਅਕਾਲੀ ਦਲ ਦੇ 10 ਸਾਲਾ ਰਾਜ ਦੌਰਾਨ ਕਾਂਗਰਸ ਪਾਰਟੀ ਦੀ ਕਦੇ ਪਿੱਠ ਨਹੀਂ ਲੱਗਣ ਦਿੱਤੀ ਸਗੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਮੋਹਰੀ ਬਣ ਕੇ ਆਪਣੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਇਸ ਪਿੰਡ ਦੇ ਲੋਕਾਂ ਨਾਲ ਜੋ-ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਦਿਆਂ ਗੁਰਮੁਖ ਸਿੰਘ ਦੀ ਅਗਵਾਈ 'ਚ ਪਿੰਡ ਨੂੰ ਵਿਕਾਸ, ਉੱਨਤੀ ਤੇ ਤਰੱਕੀ ਦੀਆਂ ਲੀਹਾਂ 'ਤੇ ਲਿਜਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਬੱਬੂ ਸ਼ਰਮਾ, ਗੋਰਾ ਸਾਂਧਰਾ, ਸੁੱਚਾ ਸਿੰਘ ਕਾਲੇ, ਸੂਬੇਦਾਰ ਆਤਮਾ ਸਿੰਘ, ਮਨਜੀਤ ਸਿੰਘ, ਮੈਂਬਰ ਕਰਤਾਰ ਸਿੰਘ ਆਦਿ ਹਾਜ਼ਰ ਸਨ।