ਦਿੱਲੀ ਤਰਜ਼ ਉੱਪਰ ਮਾਡਲ ਸਕੂਲ ਬਣਾਉਣ ਦਾ ਸੁਫ਼ਨਾ ਹੋਵੇਗਾ ਸਾਕਾਰ!

Monday, May 02, 2022 - 12:40 PM (IST)

ਤਰਨਤਾਰਨ (ਰਮਨ) - ਇਕ ਪਾਸੇ ਸਰਕਾਰ ਦਿੱਲੀ ਦੀ ਤਰਜ਼ ਉੱਪਰ ਸਰਕਾਰੀ ਸਕੂਲਾਂ ਨੂੰ ਮਾਡਰਨ ਸਕੂਲ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕਰਨ ਦੀ ਤਿਆਰੀ ਕਰ ਰਹੀ ਹੈ। ਉੱਥੇ ਦੂਜੇ ਪਾਸੇ ਜ਼ਿਲ੍ਹੇ ਵਿਚ ਪੜ੍ਹਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਪੂਰੇ ਟਾਈਟਲ ਨਾ ਮਿਲਣ ਕਾਰਨ ਮਜ਼ਬੂਰਨ ਬਾਜ਼ਾਰਾਂ ਤੋਂ ਕੀਮਤੀ ਕਿਤਾਬਾਂ ਖ੍ਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੂੰ ਸਾਰੀਆਂ ਕਿਤਾਬਾਂ ਨਾ ਮਿਲਣ ਕਾਰਨ ਉਨ੍ਹਾਂ ਦਾ ਸਿਲੇਬਸ ਸਮੇਂ ਸਿਰ ਪੂਰਾ ਨਾ ਹੋਣ ਤਹਿਤ ਆਉਣ ਵਾਲੇ ਸਮੇਂ ਵਿਚ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਮੌਜੂਦ ਕੁੱਲ 504 ਐਲੀਮੈਂਟਰੀ ਅਤੇ 271 ਸੈਕੰਡਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੌਰਾਨ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਦੇ ਟਾਈਟਲ ਦੀ ਕਾਫ਼ੀ ਘਾਟ ਨਜ਼ਰ ਆ ਰਹੀ ਹੈ, ਜਿਸ ਕਾਰਨ ਵਿਦਿਆਰਥੀ ਬਾਜ਼ਾਰ ਤੋਂ ਰੁਪਏ ਖ਼ਰਚ ਕਰ ਕਿਤਾਬਾਂ ਖ਼ਰੀਦਣ ਲਈ ਮਜ਼ਬੂਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਪਹਿਲੀ ਜਮਾਤ ਨੂੰ ਸਰਕਾਰ ਵਲੋਂ ਚਾਰ ਕਿਤਾਬਾਂ ਦੇ ਟਾਈਟਲ ਦਿੱਤੇ ਜਾਣੇ ਹਨ ਜਦਕਿ ਉਨ੍ਹਾਂ ਨੂੰ ਹਾਲੇ ਤੱਕ ਇਕ ਵੀ ਕਿਤਾਬ ਮੁਹੱਈਆ ਨਹੀਂ ਕਰਵਾਈ ਗਈ।

ਇਸੇ ਤਰ੍ਹਾਂ ਦੂਸਰੀ ਜਮਾਤ ਦੇ ਚਾਰ ਟਾਈਟਲਾਂ ਵਿਚੋਂ ਇਕ, ਤੀਸਰੀ ਜਮਾਤ ਦੇ ਪੰਜ ਵਿਚੋਂ ਇਕ, ਚੌਥੀ ਜਮਾਤ ਦੇ ਛੇ ਵਿਚੋਂ ਦੋ, ਪੰਜਵੀਂ ਜਮਾਤ ਦੇ ਛੇ ਵਿਚੋਂ ਤਿੰਨ, ਸੱਤਵੀਂ ਜਮਾਤ ਦੇ ਬਾਰਾਂ ਵਿਚੋਂ ਚਾਰ, ਅੱਠਵੀਂ ਜਮਾਤ ਦੇ ਬਾਰਾਂ ਵਿਚੋਂ ਤਿੰਨ ਕਿਤਾਬਾਂ ਹੀ ਮੁਹੱਈਆ ਕਰਵਾਈਆਂ ਗਈਆਂ ਹਨ। ਨਵੇਂ ਸੈਸ਼ਨ ਦੇ ਇਕ ਮਹੀਨਾ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕਿਤਾਬਾਂ ਤੋਂ ਵਾਂਝੇ ਗਰੀਬ ਅਤੇ ਲੋੜਵੰਦ ਵਿਦਿਆਰਥੀ ਇੰਤਜ਼ਾਰ ਦੀਆਂ ਘੜੀਆਂ ਗਿਣਦੇ ਵੇਖੇ ਜਾ ਸਕਦੇ ਹਨ। ਜਾਣਕਾਰੀ ਅਨੁਸਾਰ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਤੱਕ 5, 10ਵੀਂ ਨੂੰ 4, +1 ਨੂੰ ਦੋ ਤੇ +2 ਦੇ ਵਿਦਿਆਰਥੀਆਂ ਨੂੰ ਸਿਰਫ਼ ਇਕ ਕਿਤਾਬ ਹੀ ਦਿੱਤੀ ਗਈ ਹੈ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਭਗਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਜ਼ਿਆਦਾਤਰ ਕਿਤਾਬਾਂ ਦੀ ਸਪਲਾਈ ਆ ਚੁੱਕੀ ਹੈ, ਜੋ ਵਿਦਿਆਰਥੀਆਂ ’ਚ ਵੰਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਸਾਈਟ ਉੱਪਰ ਸਾਰੀਆਂ ਜਮਾਤਾਂ ਦਾ ਸਿਲੇਬਸ ਅਪਲੋਡ ਕੀਤਾ ਗਿਆ ਹੈ, ਜਿਸ ਵਿਦਿਆਰਥੀ ਨੂੰ ਕਿਤਾਬ ਮਿਲਣ ’ਚ ਦੇਰੀ ਹੋ ਰਹੀ ਹੈ ਉਹ ਸਾਈਟ ਤੋਂ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹਈ ਖ਼ਰਾਬ ਨਹੀਂ ਹੋਣ ਦਿੱਤੀ ਜਾਵੇਗੀ।


rajwinder kaur

Content Editor

Related News