ਅੱਤ ਦੀ ਪੈ ਰਹੀ ਗਰਮੀ ਨਾਲ ਬੱਚੇ ਤੇ ਬਜ਼ੁਰਗ ਹੋਣ ਲੱਗੇ ਬੀਮਾਰ
Monday, May 19, 2025 - 11:40 AM (IST)

ਤਰਨਤਾਰਨ(ਰਮਨ)- ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਜਿੱਥੇ ਤਾਪਮਾਨ 40 ਡਿਗਰੀ ਤੋਂ ਵੱਧ ਹੋ ਚੁੱਕਾ ਹੈ, ਉਥੇ ਹੀ ਲੋਕ ਹਾਲੋ-ਬੇਹਾਲ ਹੁੰਦੇ ਹੋਏ ਰੱਬ ਅੱਗੇ ਮੀਂਹ ਲਈ ਅਰਦਾਸਾਂ ਕਰਨ ਲੱਗ ਪਏ ਹਨ। ਇਸ ਗਰਮੀ ਦੌਰਾਨ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਗਰਮੀ ਹੋਰ ਵਧਣ ਦੇ ਚੱਲਦਿਆਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਗਰਮੀ ਦੇ ਚੱਲਦਿਆਂ ਜਿੱਥੇ ਛੋਟੇ ਬੱਚੇ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਰਿਹਾ ਹੈ, ਉਥੇ ਹੀ ਲੰਮੇਂ ਸਮੇਂ ਤੱਕ ਸੜਕਾਂ ਉਪਰ ਖੜ੍ਹੇ ਹੋ ਡਿਊਟੀਆਂ ਦੇਣ ਵਾਲੇ ਪੁਲਸ ਕਰਮਚਾਰੀਆਂ ਦੀ ਵੀ ਤੌਬਾ ਹੁੰਦੀ ਵੇਖੀ ਜਾ ਸਕਦੀ ਹੈ।
ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਦੌਰਾਨ ਹਨ੍ਹੇਰੀ ਅਤੇ ਬੱਦਲ ਕਰਕੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੁੰਦੀ ਰਹੀ ਹੈ ਪ੍ਰੰਤੂ ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਅਤੇ ਲੂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਗਰਮੀ ਦੇ ਚੱਲਦੇ ਪਾਰਾ 40 ਡਿਗਰੀ ਤੱਕ ਪੁੱਜਣ ਦੌਰਾਨ ਲੋਕਾਂ ਦੀ ਤੌਬਾ ਹੋ ਚੁੱਕੀ ਹੈ। ਇਸ ਦੇ ਨਾਲ ਹੀ ਲੋਕ ਠੰਡੀਆਂ ਵਸਤੂਆਂ ਅਤੇ ਜੂਸ ਸਰਬਤਾਂ ਦੀ ਵਰਤੋਂ ਕਰਦੇ ਵੇਖੇ ਜਾ ਰਹੇ ਹਨ। ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਕਿਸੇ ਬੀਮਾਰੀ ਦਾ ਸ਼ਿਕਾਰ ਨਾ ਹੋਣ। ਇਸ ਅੱਤ ਦੀ ਪੈ ਰਹੀ ਗਰਮੀ ਕਰਕੇ ਬਾਜ਼ਾਰਾਂ ਵਿਚ ਮੰਦੀ ਪੈਣੀ ਸ਼ੁਰੂ ਹੋ ਚੁੱਕੀ ਹੈ। ਦੁਕਾਨਦਾਰ ਆਪਣੇ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ ਪ੍ਰੰਤੂ ਲੋਕ ਘਰਾਂ ਤੋਂ ਬਾਹਰ ਨਿਕਲਣ ਸਬੰਧੀ ਗੁਰੇਜ ਕਰ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ
ਲੂ ਤੋਂ ਬਚਣ ਲਈ ਬਾਹਰ ਜਾਣ ਤੋਂ ਕਰੋ ਗੁਰੇਜ
ਚਮੜੀ ਰੋਗਾਂ ਦੇ ਮਾਹਿਰ ਡਾਕਟਰ ਐੱਸ.ਐੱਸ ਮਾਨ ਨੇ ਆਪਣੀ ਕਲੀਨਿਕ ਨਜ਼ਦੀਕ ਪਾਸੀ ਮੈਡੀਕਲ ਸਟੋਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਮੀ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਜਿਸ ਦੇ ਚੱਲਦਿਆਂ ਲੋਕ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰਮੀ ਦੌਰਾਨ ਧੁੱਪ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਲੂ ਲੱਗਣ ਦਾ ਖਦਸਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜਿਸ ਤੋਂ ਬਚਣ ਲਈ ਉਨ੍ਹਾਂ ਨੂੰ ਧੁੱਪ ਵਿਚ ਕੰਮ ਕਰਨ ਤੋਂ ਗੁਰੇਜ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਗਰਮੀ ਵਿਚ ਲੋਕਾਂ ਦੀ ਚਮੜੀ ਜਿੱਥੇ ਕਾਲੀ ਹੋ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਵੀ ਘੇਰਾ ਪਾ ਰਹੀਆਂ ਹਨ। ਡਾਕਟਰ ਮਾਨ ਨੇ ਦੱਸਿਆ ਕਿ ਧੁੱਪ ਵਿਚ ਬਾਹਰ ਨਿਕਲਣ ਤੋਂ ਗੁਰੇਜ ਕਰੋ ਅਤੇ ਸ਼ਿਕੰਜਵੀ, ਓ.ਆਰ.ਐਸ ਦੇ ਘੋਲ, ਕੱਚੀ ਲੱਸੀ, ਠੰਢੇ ਸ਼ਰਬਤ ਆਦਿ ਦੀ ਜ਼ਿਆਦਾ ਵਰਤੋਂ ਕਰੋ।
ਬੱਚਿਆਂ ਦਾ ਰੱਖੋ ਖਾਸ ਖਿਆਲ
ਸਰਕਾਰੀ ਹਸਪਤਾਲ ਦੇ ਸਾਹਮਣੇ ਮਾਰਕੀਟ ਅੰਦਰ ਮੌਜੂਦ ਬੱਚਿਆਂ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਪੂਨੀਆ ਨੇ ਆਪਣੇ ਚੈਰੀਸ਼ ਬੱਚਿਆਂ ਦੇ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਰਮੀ ਦੀ ਰੁੱਤ ਵਿਚ ਛੋਟੇ ਬੱਚੇ ਜ਼ਿਆਦਾਤਰ ਦਸਤ, ਡਾਇਰੀਆ, ਪੇਟ ਦਰਦ, ਤੇਜ ਬੁਖਾਰ, ਟਾਈਫਾਈਡ ਆਦਿ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਘਟੀਆ ਕਿਸਮ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਉਕਤ ਬੀਮਾਰੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਾਫ ਸੁਥਰੀਆਂ ਵਸਤੂਆਂ ਖਾਣ ਲਈ ਦਿੱਤੀਆਂ ਜਾਣ ਤਾਂ ਜੋ ਉਹ ਬੀਮਾਰੀਆਂ ਤੋਂ ਬਚ ਸਕਣ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗਰਮੀ ਦੇ ਚੱਲਦਿਆਂ ਘਰੋਂ ਬਾਹਰ ਨਾ ਜਾਣ ਦੇਣ। ਉਨ੍ਹਾਂ ਦੱਸਿਆ ਕਿ ਪੀਣ ਵਾਲਾ ਪਾਣੀ ਸਾਫ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ
ਪੁਲਸ ਕਰਮਚਾਰੀਆਂ ਦੇ ਵੀ ਗਰਮੀ ਵਿਚ ਨਿਕਲ ਰਹੇ ਵਟ
ਪੈ ਰਹੀ ਭਿਆਨਕ ਗਰਮੀ ਦੇ ਚੱਲਦਿਆਂ ਦਿਨ-ਰਾਤ ਆਪਣੀ ਡਿਊਟੀ ਦੇ ਰਹੇ ਪੁਲਸ ਕਰਮਚਾਰੀਆਂ ਦੀ ਵੀ ਬਸ ਹੁੰਦੀ ਵੇਖੀ ਜਾ ਸਕਦੀ ਹੈ। ਇਸ ਗਰਮੀ ਦੌਰਾਨ 24 ਘੰਟੇ ਵਰਦੀ ਵਿਚ ਰਹਿਣ ਵਾਲੇ ਪੁਲਸ ਕਰਮਚਾਰੀਆਂ ਨੂੰ ਨਹਾਉਣ ਦਾ ਵੀ ਸਮਾਂ ਨਹੀਂ ਮਿਲ ਰਿਹਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚਮੜੀ ਰੋਗਾਂ ਨੇ ਵੀ ਘੇਰਾ ਪਾਇਆ ਹੋਇਆ ਹੈ। ਇਥੇ ਇਹ ਦੱਸਣਯੋਗ ਹੈ ਕੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚੱਲਦਿਆਂ ਪੁਲਸ ਅਧਿਕਾਰੀਆਂ ਦੇ ਸਖਤ ਨਿਰਦੇਸ਼ਾਂ ਨੂੰ ਵੇਖਦੇ ਹੋਏ ਹੇਠਲੇ ਪੱਧਰ ਉਪਰ ਡਿਊਟੀ ਕਰ ਰਹੇ ਕਰਮਚਾਰੀਆਂ ਦਾ ਨਾਕੇ ਉਪਰ ਤੈਨਾਤ ਰਹਿਣਾ ਅਤੇ ਸੜਕਾਂ ਉਪਰ ਡਿਊਟੀ ਦੇਣਾ ਇਕ ਮਿਸਾਲ ਪੈਦਾ ਕਰ ਰਿਹਾ ਹੈ, ਜਿਨ੍ਹਾਂ ਨੂੰ ਨਹਾਉਣ ਤੱਕ ਦਾ ਸਮਾਂ ਨਾ ਮਿਲਣ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਲੂ ਦਾ ਕਹਿਰ, ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ
ਪੁਲਸ ਕਰਮਚਾਰੀਆਂ ਨੂੰ ਰੋਜ਼ਾਨਾ ਮਿਲੇ ਠੰਢਾ ਪਾਣੀ ਅਤੇ ਛਤਰੀ- ਸ਼ੰਭੂ
ਸਮਾਜ ਸੇਵੀ ਅਨਿਲ ਕੁਮਾਰ ਸ਼ੰਭੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀ ਆਪਣੇ ਕਮਰਿਆਂ ਵਿਚ ਏਅਰ ਕੰਡੀਸ਼ਨਰ ਦੀ ਠੰਢੀ ਹਵਾ ਲੈਂਦੇ ਹੋਏ ਛੋਟੇ ਕਰਮਚਾਰੀਆਂ ਵੱਲ ਵਿਸ਼ੇਸ਼ ਧਿਆਨ ਨਹੀਂ ਦੇ ਰਹੇ ਹਨ, ਜਿਸ ਦੇ ਚੱਲਦਿਆਂ ਉਹ ਲੂ ਵਰਗੀਆਂ ਬੀਮਾਰੀਆਂ ਦੇ ਘੇਰੇ ਵਿਚ ਆ ਰਹੇ ਹਨ। ਪੁਲਸ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਉਪਰ ਵਾਹੋ ਵਾਹੀ ਖੱਟਣ ਦੀ ਬਜਾਏ ਜ਼ਮੀਨੀ ਪੱਧਰ ਉਪਰ ਧੁੱਪ ਵਿਚ ਡਿਊਟੀ ਕਰਨ ਵਾਲੇ ਪੁਲਸ ਕਰਮਚਾਰੀਆਂ ਦਾ ਖਾਸ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਦਿਨ ਵਿਚ ਤਿੰਨ ਵਾਰ ਠੰਢਾ ਪਾਣੀ, ਸ਼ਰਬਤ ਪਿਲਾਉਣ ਅਤੇ ਛਤਰੀ ਦੇਣ ਸਬੰਧੀ ਪਹਿਲ ਕਦਮੀ ਕਰੇ। ਉਨ੍ਹਾਂ ਦੱਸਿਆ ਕਿ ਗਰਮੀ ਵਿਚ ਡਿਊਟੀ ’ਤੇ ਤੈਨਾਤ ਰਹਿਣ ਵਾਲੇ ਪੁਲਸ ਕਰਮਚਾਰੀਆਂ ਨੂੰ ਉਹ ਸਲਾਮ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8