ਤਰਨਤਾਰਨ ’ਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮ ਕਾਬੂ, ਤੀਜੇ ਦੀ ਭਾਲ ਜਾਰੀ
Thursday, Dec 18, 2025 - 05:15 PM (IST)
ਤਰਨਤਾਰਨ(ਰਮਨ ਚਾਵਲਾ)- ਬੀਤੇ ਕਰੀਬ ਇਕ ਹਫਤੇ ਤੋਂ ਸ਼ਹਿਰ ਵਿਚ ਵੱਖ-ਵੱਖ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਨੇ ਪੁਲਸ ਅਤੇ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਸੀ ਜਦਕਿ ਇਨ੍ਹਾਂ ਦਾ ਇਕ ਹੋਰ ਸਾਥੀ ਪੁਲਸ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ, ਜਿਸ ਦੀ ਭਾਲ ਸਬੰਧੀ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਪਾਸੋਂ ਇਕ ਐਕਟੀਵਾ ਸਕੂਟਰ, ਦਾਤਰ ਅਤੇ ਖਿਡੌਣਾ ਪਿਸਤੌਲ ਬਰਾਮਦ ਕੀਤੀ ਹੈ, ਜਿਨ੍ਹਾਂ ਨੂੰ ਮਾਨਯੋਗ ਅਦਾਲਤ ’ਚ ਵੀਰਵਾਰ ਪੇਸ਼ ਕਰਦੇ ਹੋਏ ਹਾਸਲ ਕੀਤੇ ਜਾਣ ਵਾਲੇ ਰਿਮਾਂਡ ਦੌਰਾਨ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਸੁਖਬੀਰ ਸਿੰਘ ਨੇ ਪ੍ਰੈੱਸ ਕਾਨਫਰਸ ਦੌਰਾਨ ਦੱਸਿਆ ਕਿ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਦੇ ਸਖ਼ਤ ਹੁਕਮਾਂ ਤਹਿਤ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕਰੀਬ ਇਕ ਹਫਤੇ ’ਚ ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਵਪਾਰੀਆਂ ਅਤੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੀ ਪਹਿਚਾਣ ਰਾਹੁਲ ਉਰਫ ਬਿੱਲੀ ਪੁੱਤਰ ਸੁਰਿੰਦਰ ਪਾਲ ਨਿਵਾਸੀ ਮੁਹੱਲਾ ਨਾਨਕਸਰ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਲਾਡਾ ਸਿੰਘ ਨਿਵਾਸੀ ਮੁਹੱਲਾ ਨਾਨਕਸਰ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੌਰਾਨ ਇਨ੍ਹਾਂ ਪਾਸੋਂ ਇਕ ਐਕਟੀਵਾ ਸਕੂਟਰ, ਇਕ ਦਾਤਰ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ: ਸੜਕ ਹਾਦਸੇ 'ਚ 3 ਪੰਜਾਬੀਆਂ ਦੀ ਮੌਤ
ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਰੋਡ ਫਾਟਕ ਦੇ ਨਜ਼ਦੀਕ ਅਨਮੋਲ ਫਾਰਮਾਸਿਊਟੀਕਲ ਨੂੰ ਇਨ੍ਹਾਂ ਮੁਲਜ਼ਮਾਂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਨਿਸ਼ਾਨਾ ਬਣਾਇਆ ਗਿਆ ਸੀ ਜਦਕਿ ਚੀਪ ਮੈਡੀਕਲ ਸਟੋਰ ਦੇ ਮਾਲਕ ਸੁਰਿੰਦਰ ਕੁਮਾਰ ਜਦੋਂ ਆਪਣੇ ਘਰ ਜਾ ਰਹੇ ਸਨ ਤਾਂ ਗੁਰੂ ਤੇਗ ਬਹਾਦਰ ਨਗਰ ਵਿਖੇ ਇਨ੍ਹਾਂ ਦੋਵਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਪਾਸੋਂ ਲੁੱਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋਵਾਂ ਮੁਲਜ਼ਮਾਂ ਨੇ ਸਤੰਬਰ ਮਹੀਨੇ ’ਚ 30 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਫੋਨ ਦੀ ਖੋਹ ਕੀਤੀ ਗਈ ਸੀ ਜਦਕਿ ਅਪ੍ਰੈਲ ਮਹੀਨੇ ਵਿਚ ਇਕ ਵਿਅਕਤੀ ਪਾਸੋਂ ਮੋਬਾਈਲ ਖੋਇਆ ਸੀ, ਇਸੇ ਤਰ੍ਹਾਂ ਬੀਤੇ ਦਿਨੀਂ ਗਲੀ ਮਿੱਟੀ ਪੁੱਟੀਆਂ ਵਾਲੀ ਅੰਦਰ ਇਕ ਕਰਿਆਨਾ ਵਪਾਰੀ ਪਾਸੋਂ ਫੋਨ ਦੀ ਖੋਹ ਕੀਤੀ ਗਈ ਸੀ। ਡੀ. ਐੱਸ. ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਖਿਡੌਣਾ ਪਿਸਤੌਲ ਦੀ ਮਦਦ ਨਾਲ ਇਨ੍ਹਾਂ ਵੱਲੋਂ ਹੋਰ ਕਈ ਵਾਰਦਾਤਾਂ ਵੀ ਕੀਤੀਆਂ ਗਈਆਂ ਹਨ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਰਾਹੁਲ ਉਰਫ ਬਿੱਲੀ ਦੇ ਖਿਲਾਫ ਪਹਿਲਾਂ ਵੱਖ-ਵੱਖ ਥਾਣਿਆਂ ’ਚ ਕਰੀਬ ਅੱਠ ਅਤੇ ਸ਼ਮਸ਼ੀਰ ਸਿੰਘ ਸ਼ੇਰਾ ਦੇ ਖਿਲਾਫ ਕਰੀਬ ਦੋ ਮੁੱਕਦਮੇ ਦਰਜ ਹਨ। ਇਸ ਮੌਕੇ ਥਾਣਾ ਸਿਟੀ ਦੇ ਏ.ਐੱਸ.ਆਈ ਸਤਨਾਮ ਸਿੰਘ ਸਮੇਤ ਹੋਰ ਪੁਲਸ ਕਰਮਚਾਰੀ ਮੌਜੂਦ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
