ਵਾਤਾਵਰਨ ਨੂੰ ਖਰਾਬ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ ਮੈਰਿਜ ਪੈਲੇਸ, ਸੜਕਾਂ ਦੇ ਲੱਗੇ ਗੰਦਗੀ ਦੇ ਢੇਰ
Tuesday, Dec 09, 2025 - 04:38 PM (IST)
ਤਰਨਤਾਰਨ (ਰਮਨ)-ਵਾਤਾਵਰਨ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਆਏ ਦਿਨ ਜਾਗਰੂਕਤਾ ਸਬੰਧੀ ਕੈਂਪ ਲਗਾਏ ਜਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਪੈਲੇਸਾਂ ਵਿਚ ਰੱਖੇ ਜਾਣ ਵਾਲੇ ਪ੍ਰੋਗਰਾਮਾਂ ਦੇ ਚੱਲਦਿਆਂ ਵੱਡੀ ਮਾਤਰਾ ਵਿਚ ਖਾਣ-ਪੀਣ ਅਤੇ ਡਿਸਪੋਜ਼ੇਬਲ ਦੀ ਸਾਰੀ ਵੇਸਟ ਨੂੰ ਸੜਕਾਂ ਕਿਨਾਰੇ ਸੁੱਟਣ ਵਾਲੇ ਕਈ ਮੈਰਿਜ ਪੈਲੇਸ ਮਾਲਕ ਵਾਤਾਵਰਨ ਨੂੰ ਗੰਦਾ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਫੈਲ ਰਹੀ ਗੰਦਗੀ ਨੂੰ ਰੋਕਣ ਦੇ ਮੱਕਸਦ ਨਾਲ ਸਥਾਨਕ ਨਗਰ ਕੌਂਸਲ ਦੇ ਪ੍ਰਬੰਧਕਾਂ ਵੱਲੋਂ ਮੈਰਿਜ ਪੈਲੇਸ ਮਾਲਕਾਂ ਅਤੇ ਉਨ੍ਹਾਂ ਦੇ ਮੈਨੇਜਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਜਿੱਥੇ ਭਵਿੱਖ ’ਚ ਅਜਿਹਾ ਨਾ ਕਰਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ, ਉਥੇ ਹੀ ਇਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ-ਮੋਟਰਸਾਈਕਲ 'ਤੇ ਜਾ ਰਹੇ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਨੌਜਵਾਨ ਦੀ ਦਰਦਨਾਕ ਮੌਤ
ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਵੱਖ-ਵੱਖ ਮੈਰਿਜ ਪੈਲੇਸਾਂ, ਰਿਜੋਰਟ, ਫਾਰਮ ਹਾਊਸ, ਬੈਂਕੁਇਟ ਹਾਲ ਅਤੇ ਜੰਝ ਘਰਾਂ ਦੇ ਮਾਲਕਾਂ ਵੱਲੋਂ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਵੱਖ-ਵੱਖ ਕਿਸਮ ਦਾ ਕੂੜਾ, ਜਿਸ ਵਿਚ ਡਿਸਪੋਜ਼ੇਬਲ ਸਾਮਾਨ, ਬਚਿਆ ਖਾਣਾ, ਪਲਾਸਟਿਕ ਦੀਆਂ ਬੋਤਲਾਂ ਆਦਿ ਨੂੰ ਸੜਕਾਂ ਦੇ ਕਿਨਾਰੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਜਿੱਥੇ ਵਾਤਾਵਰਨ ਖਰਾਬ ਹੋ ਰਿਹਾ ਹੈ, ਉਥੇ ਹੀ ਗੁਰੂ ਨਗਰੀ ਦੀ ਸੁੰਦਰਤਾ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਪੈਲਸ ਮਾਲਕਾਂ ਵੱਲੋਂ ਫੈਲਾਈ ਜਾ ਰਹੀ ਇਸ ਗੰਦਗੀ ਦੇ ਚੱਲਦਿਆਂ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਬਣ ਜਾਂਦਾ ਹੈ। ਸੈਂਕੜੇ ਲੋਕਾਂ ਦੀ ਇਕੱਤਰਤਾ ਕਰਦੇ ਹੋਏ ਕੀਤੇ ਜਾਣ ਵਾਲੇ ਵੱਖ-ਵੱਖ ਖੁਸ਼ੀਆਂ ਭਰੇ ਸਮਾਗਮਾਂ ਵਿਚ ਵੱਡੀ ਮਾਤਰਾ ਦੌਰਾਨ ਜਿੱਥੇ ਖਾਣੇ ਦੀ ਬਰਬਾਦੀ ਹੁੰਦੀ ਵੇਖੀ ਜਾ ਸਕਦੀ ਹੈ, ਉਥੇ ਹੀ ਸਮਾਗਮਾਂ ਵਿਚ ਬਚੇ ਹੋਏ ਵੇਸਟ ਨੂੰ ਆਪਣੇ ਪੈਲਸਾਂ ਦੇ ਨਜ਼ਦੀਕ ਸੜਕਾਂ ਕਿਨਾਰੇ ਸੁੱਟਦੇ ਹੋਏ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਜੀਵ-ਜੰਤੂਆਂ ਅਤੇ ਰੁੱਖਾਂ ਨੂੰ ਜਿੱਥੇ ਵੱਡਾ ਨੁਕਸਾਨ ਪੁੱਜ ਰਿਹਾ ਹੈ, ਉਥੇ ਹੀ ਸੜਕਾਂ ਕਿਨਾਰੇ ਅੱਗ ਲੱਗਣ ਕਰਕੇ ਫੈਲਣ ਵਾਲੇ ਜ਼ਹਿਰੀਲੇ ਧੂੰਏਂ ਕਰਕੇ ਸਾਰੀਆਂ ਬੀਮਾਰੀਆਂ ਅਤੇ ਸੜਕੀ ਹਾਦਸਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਖ਼ਤਰਾ, ਚਰਚਾ 'ਚ ਆਏ ਇਹ ਪਿੰਡ, ਲਗਾਤਾਰ ਹੋ ਰਹੀ...
ਇਸ ਦੌਰਾਨ ਕਈ ਮੈਰਿਜ ਪੈਲਸ ਮਾਲਕਾਂ ਵੱਲੋਂ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਰਾਤ ਦੇ ਹਨੇਰੇ ਵਿਚ ਪੁਲ ਡਰੇਨ ਅੰਦਰ ਸੁੱਟ ਦਿੱਤਾ ਜਾਂਦਾ ਹੈ। ਇਸ ਫੈਲਾਈ ਜਾ ਰਹੀ ਗੰਦਗੀ ਦੇ ਚੱਲਦਿਆਂ ਵਾਤਾਵਰਨ ਨੂੰ ਵੱਡੇ ਪੱਧਰ ਉਪਰ ਨੁਕਸਾਨ ਪੁੱਜ ਰਿਹਾ ਹੈ। ਵਾਤਾਵਰਨ ਨੂੰ ਬਚਾਉਣ ਅਤੇ ਇਸਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੇ ਮੱਕਸਦ ਨਾਲ ਵੱਖ-ਵੱਖ ਵਿਭਾਗਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਅੱਗੇ ਆ ਕੇ ਅਜਿਹੇ ਵਿਅਕਤੀਆਂ ਨੂੰ ਜਿੱਥੇ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਥੇ ਹੀ ਪ੍ਰਸ਼ਾਸਨ ਨੂੰ ਵੀ ਆਪਣਾ ਪਹਿਲ ਦੇ ਆਧਾਰ ਉਪਰ ਫਰਜ਼ ਨਿਭਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਤਰਨਤਾਰਨ ਦੇ ਸੈਨਟਰੀ ਇੰਸਪੈਕਟਰ ਸੰਕਲਪ ਅਤੇ ਸੁਪਰਡੈਂਟ ਸੈਨੀਟੇਸ਼ਨ ਬਲਜਿੰਦਰ ਸਿੰਘ ਨੇ ਸਾਂਝੇ ਤੌਰ ਉਪਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਤਾਵਰਨ ਨੂੰ ਖਰਾਬ ਹੋਣ ਤੋਂ ਬਚਾਉਣ ਅਤੇ ਗੰਦਗੀ ਫੈਲਾਉਣ ਤੋਂ ਰੋਕਣ ਦੇ ਮਕਸਦ ਨਾਲ ਨਗਰ ਕੌਂਸਲ ਅਧੀਨ ਆਉਂਦੇ ਕਰੀਬ ਇਕ ਦਰਜਨ ਮੈਰਿਜ ਪੈਲਸ ਮਾਲਕਾਂ ਅਤੇ ਉਨ੍ਹਾਂ ਦੇ ਮੈਨੇਜਰਾਂ ਨਾਲ ਮੀਟਿੰਗ ਕਰਦੇ ਹੋਏ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਬਣਦੀ ਫੀਸ ਮੈਰਿਜ ਪੈਲੇਸ ਮਾਲਕਾਂ ਨੂੰ ਵੇਸਟ ਨੂੰ ਸੰਭਾਲਣ ਲਈ ਅਦਾ ਕਰਨੀ ਹੋਵੇਗੀ। ਅਜਿਹਾ ਨਾ ਕਰਨ ਵਾਲੇ ਮੈਰਿਜ ਪੈਲਸ ਮਾਲਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਇਕ ਮੈਰਿਜ ਪੈਲਸ ਮਾਲਕ ਵੱਲੋਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੁੱਟੇ ਜਾਣ ਵਾਲੇ ਕੂੜੇ ਸਮੇਤ ਟਰਾਲੀ ਨੂੰ ਬਰਾਮਦ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਉਸਦਾ ਚਲਾਨ ਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ
