ਭਾਰਤ-ਪਾਕਿ ਸਰਹੱਦ ਪਾਰ ਕਰਨ ਵਾਲੇ ਪਾਕਿ ਨਾਗਰਿਕ ਨੂੰ BSF ਨੇ ਕੀਤਾ ਗ੍ਰਿਫ਼ਤਾਰ

09/30/2022 3:51:54 PM

ਖੇਮਕਰਨ (ਸੋਨੀਆ) - ਭਾਰਤ-ਪਾਕਿਸਤਾਨ ਸਰਹੱਦ ’ਤੇ ਆਏ ਦਿਨ ਪਾਕਿ ਡਰੋਨ ਅਤੇ ਪਾਕਿਸਤਾਨੀ ਨਾਗਰਿਕਾਂ ਵਲੋਂ ਸਰਹੱਦ ਪਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਵੀ ਬੀ.ਐੱਸ.ਐੱਫ. ਬਟਾਲੀਅਨ 103 ਦੇ ਜਵਾਨਾਂ ਨੇ ਬੀ.ਓ.ਪੀ. ਵਾਂ ਤਾਰਾ ਸਿੰਘ ਪੁਲਸ ਥਾਣਾ ਖਾਲੜਾ ਤੋਂ ਇਕ ਪਾਕਿਸਤਾਨੀ ਨਾਗਰਿਕ ਬੀ.ਪੀ. ਨੰਬਰ 139/16 ਨੂੰ ਕਾਬੂ ਕੀਤਾ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 1.20 ਵਜੇ ਇਕ ਪਾਕਿਸਤਾਨੀ ਨਾਗਰਿਕ, ਜਿਸ ਦੀ ਉਮਰ ਕਰੀਬ 60-65 ਸਾਲ ਦੇ ਦਰਮਿਆਨ ਹੈ, ਭਾਰਤ ਸਰਹੱਦ ਵੱਲ ਆਉਂਦਾ ਦਿਖਾਈ ਦਿੱਤਾ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸ ਨੂੰ ਲਲਕਾਰਿਆ ਪਰ ਉਸ ਨੇ ਬੇਖੌਫ਼ ਹੋ ਕੇ ਹਿੰਦੁਸਤਾਨ ਸਰਹੱਦ ਪਾਰ ਕਰ ਲਈ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਨੇ ਮੈਲੇ ਕੱਪੜੇ ਅਤੇ ਟੁੱਟੀਆਂ ਚੱਪਲਾਂ ਪਾਈਆਂ ਹੋਈਆਂ ਸਨ। 

ਮੁੱਢਲੀ ਪੁੱਛਗਿੱਛ ਦੌਰਾਨ ਪਾਕਿਸਤਾਨੀ ਨਾਗਰਿਕ ਨੇ ਆਪਣਾ ਨਾਮ ਬਸ਼ੀਰ ਅਹਿਮਦ ਪੁੱਤਰ ਅੱਲਾ ਰਾਖਾ ਪਿੰਡ ਚਿਸ਼ਤੀਆਂ ਬਹਾਵਲਪੁਰ 101 ਦੱਸਿਆ। ਗੱਲਬਾਤ ਤੋਂ ਪਾਕਿ ਨਾਗਰਿਕ ਦਿਮਾਗੀ ਤੌਰ ’ਤੇ ਕਮਜ਼ੋਰ ਲੱਗ ਰਿਹਾ ਸੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਕੁੱਲ 250 ਰੁਪਏ ਬਰਾਮਦ ਹੋਏ। ਵਿਅਕਤੀ ਦੀ ਦਿਮਾਗੀ ਹਾਲਤ ਨੂੰ ਵੇਖਦੇ ਹੋਏ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੇ ਪਾਕਿਸਤਾਨੀ ਰੇਂਜਰਾਂ ਨਾਲ ਗੱਲਬਾਤ ਕਰਨ ਉਪਰੰਤ ਉਸ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ।


rajwinder kaur

Content Editor

Related News