ਹਾਦਸਿਆਂ ਨੂੰ ਸੱਦਾ ਦੇ ਰਿਹੈ ਖੁੱਲ੍ਹਾ ਮੀਟਰ ਬਾਕਸ , ਕੁੰਡੀ ਲਾਉਣ ਵਾਲਿਆਂ ਦੀਆਂ ਲੱਗੀਆਂ ਮੌਜਾਂ

07/17/2019 12:32:34 AM

ਝਬਾਲ/ਬੀਡ਼ ਸਾਹਿਬ, (ਲਾਲੂਘੁੰਮਣ)- ਇਕ ਪਾਸੇ ਜਿਥੇ ਛੋਟੇ-ਮੋਟੇ ਖਪਤਕਾਰਾਂ ਨੂੰ ਪਾਵਰਕਾਮ ਵਿਭਾਗ ਵੱਲੋਂ ਵੱਡੇ-ਵੱਡੇ ਬਿਜਲੀ ਦੇ ਬਿੱਲ ਭੇਜ ਕੇ ਭਾਰੀ ਝਟਕੇ ਦਿੱਤੇ ਜਾ ਰਹੇ ਹਨ। ਉੱਥੇ ਹੀ ਪਿੰਡ ਝਬਾਲ ਖਾਮ ਸਥਿਤ ਲਾਏ ਗਏ ਇਕ ਮੀਟਰ ਬਾਕਸ ਦੇ ਦਰਵਾਜ਼ੇ ਖੁੱਲ੍ਹੇ ਹੋਣ ਕਰ ਕੇ ਸ਼ਰੇਆਮ ਨੰਗੀਆਂ ਤਾਰਾਂ ਨੂੰ ਕੁੰਡੀਆਂ ਲੱਗੀਆਂ ਹੋਈਆਂ ਆਮ ਵੇਖੀਆਂ ਜਾ ਸਕਦੀਆਂ ਹਨ, ਜਿਸ ਤੋਂ ਇਹ ਸਾਫ਼ ਸਪੱਸ਼ਟ ਹੋ ਰਿਹਾ ਕਿ ਕਥਿਤ ‘ਕੁੰਡੀ’ ਲਾਉਣ ਵਾਲਿਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ। ਗੌਰਤਲਬ ਹੈ ਕਿ ਪਿਛਲੇ ਦਿਨੀਂ ਸੰਗਰੂਰ ਦੇ ਫਤਿਹਵੀਰ ਸਿੰਘ ਦੀ ਬੋਰਵੈੱਲ ’ਚ ਡਿੱਗਣ ਕਾਰਣ ਹੋਈ ਦਰਦਨਾਕ ਮੌਤ ਦੀ ਵਾਪਰੀ ਘਟਨਾ ਨੇ ਪੂਰੇ ਪੰਜਾਬ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਇਸ ਘਟਨਾ ਤੋਂ ਬਾਅਦ ਵੀ ਕਿਸੇ ਵਿਭਾਗ ਵੱਲੋਂ ਸਬਕ ਨਹੀਂ ਲਿਆ ਗਿਆ ਹੈ, ਜਿਸ ਦੀ ਤਾਜ਼ਾ ਮਿਸਾਲ ਉਕਤ ਮੀਟਰ ਬਾਕਸ ਪੇਸ਼ ਕਰ ਰਿਹਾ ਹੈ, ਜਿਸ ਦੀਆਂ ਨੰਗੀਆਂ ਤਾਰਾਂ ਕਾਰਣ ਕਿਸੇ ਵੀ ਵੇਲੇ ਭਿਆਨਕ ਹਾਦਸਾ ਵਾਪਰ ਸਕਦਾ ਹੈ ਪਰ ਜਨਤਕ ਜਗ੍ਹਾ ’ਤੇ ਲੱਗੇ ਇਸ ਮੀਟਰ ਬਾਕਸ ਵੱਲ ਪਾਵਰਕਾਮ ਵਿਭਾਗ ਵੱਲੋਂ ਧਿਆਨ ਨਾ ਦੇਣ ਦਾ ਇਹ ਮਾਮਲਾ ਕਈ ਸ਼ੱਕੀ ਸਵਾਲਾਂ ਵੱਲ ਇਸ਼ਾਰਾ ਵੀ ਕਰ ਰਿਹਾ ਹੈ। ਦੱਸਣਾ ਬਣਦਾ ਹੈ ਕਿ ਵਿਭਾਗ ਵੱਲੋਂ ਬਿਜਲੀ ਦੀ ਚੋਰੀ ਰੋਕਣ ਲਈ ਜਿੱਥੇ ਘਰਾਂ ਅਤੇ ਦੁਕਾਨਾਂ ਤੋਂ ਦੂਰੀ ’ਤੇ ਅਜਿਹੇ ਬਾਕਸਿਆਂ ’ਚ ਮੀਟਰ ਲਾ ਕੇ ਬਕਸਿਆਂ ਨੂੰ ਤਾਲੇ ਲਾਏ ਗਏ ਹਨ, ਉੱਥੇ ਹੀ ਲੋਕਾਂ ਵੱਲੋਂ ਵੀ ਵਿਭਾਗ ਦੇ ਹੇਠਲੇ ਪੱਧਰ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਕਰ ਕੇ ਬਿਜਲੀ ਚੋਰੀ ਕਰਨ ਲਈ ਅਜਿਹੇ ਕਈ ਪ੍ਰਕਾਰ ਦੇ ਨਵੇਂ ਢੰਗ-ਤਰੀਕੇ ਲੱਭ ਲਏ ਜਾਂਦੇ ਹਨ। ਵੇਖਿਆ ਜਾ ਸਕਦਾ ਹੈ ਕਿ ਇਸ ਬਾਕਸ ਅੰਦਰ ਲੱਗੇ ਬਿਜਲੀ ਮੀਟਰ ਜੋ ਕੇ ਘਰਾਂ ਨੂੰ ਬਿਜਲੀ ਸਪਲਾਈ ਦੇ ਰਹੇ ਹਨ ’ਚ ਨੰਗੀਆਂ ਬਿਜਲੀ ਦੀਆਂ ਤਾਰਾਂ ਦੇ ਜਾਲ ਵਿੱਛੇ ਪਏ ਹਨ ਅਤੇ ਇਨ੍ਹਾਂ ਤਾਰਾਂ ਨੂੰ ਲੱਗੀਆਂ ਕੁੰਡੀਆਂ ਵੀ ਵੇਖੀਆਂ ਜਾ ਸਕਦੀਆਂ ਹਨ।

ਮਾਮਲਾ ਧਿਆਨ ’ਚ ਨਹੀਂ, ਕਰਵਾਈ ਜਾਵੇਗੀ ਜਾਂਚ : ਐੱਸ. ਡੀ. ਓ. ਜਤਿੰਦਰ ਕੁਮਾਰ

ਇਸ ਸਬੰਧੀ ਐੱਸ. ਡੀ. ਮੰਡਲ ਪਾਵਰਕਾਮ ਝਬਾਲ ਜਤਿੰਦਰ ਕੁਮਾਰ ਨੇ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਉਹ ਇਸ ਸਬੰਧੀ ਤੁਰੰਤ ਜਾਂਚ ਕਰਾਉਣਗੇ ਕਿ ਉਕਤ ਬਾਕਸ ਕਿਉਂ ਖੁੱਲ੍ਹਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਬਾਕਸ ’ਚ ਲੱਗੇ ਮੀਟਰਾਂ ਦੀਆਂ ਤਾਰਾਂ ਨੂੰ ਠੀਕ ਕਰਵਾ ਕੇ ਮੀਟਰ ਬਾਕਸ ਨੂੰ ਤਾਲਾ ਲਵਾਇਆ ਜਾਵੇਗਾ।


Bharat Thapa

Content Editor

Related News