ਸਭ ਕੁਝ ਬਦਲ ਗਿਆ

08/13/2015 10:54:18 PM

ਕਮਲ ਹਾਸਨ ਦੀ ਬੇਟੀ ਸ਼ਰੁਤੀ ਬਹੁਤ ਪ੍ਰਤਿਭਾਸ਼ਾਲੀ ਹੈ। ਉਹ ਅਭਿਨੈ ਦੇ ਨਾਲ-ਨਾਲ ਸੰਗੀਤ, ਨਿਰਦੇਸ਼ਨ ਅਤੇ ਗਾਇਕੀ ਦੇ ਖੇਤਰ ਵਿਚ ਵੀ ਬਰਾਬਰ ਸਰਗਰਮ ਹੈ। ਇਸ ਸਾਲ ਆਈ ਉਸਦੀ ਫਿਲਮ ''ਗੱਬਰ ਇਜ਼ ਬੈਕ'' ਵਿਚ ਉਸ ਦੇ ਕਿਰਦਾਰ ਦੀ ਕਾਫੀ ਸ਼ਲਾਘਾ ਹੋਈ। ਫਿਲਹਾਲ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ''ਵੈੱਲਕਮ ਬੈਕ'', ''ਯਾਰਾ'' ਅਤੇ ''ਰੌਕੀ ਹੈਂਡਸਮ'' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼ :
* ਤੁਹਾਡੇ ਬਾਰੇ ਕਿਹਾ ਜਾਂਦਾ ਹੈ ਕਿ ਤੁਸੀਂ ਬਹੁਤ ਸ਼ਾਂਤ ਹੋ?
- ਤੁਹਾਨੂੰ ਦੱਸ ਦਿਆਂ ਕਿ ਪਹਿਲਾਂ ਮੈਂ ਬਹੁਤ ਸ਼ਾਂਤ ਅਤੇ ਅੰਤਰਮੁਖੀ ਸੀ, ਫਿਰ ਪਤਾ ਨਹੀਂ ਕੀ ਹੋਇਆ ਤੇ ਸਭ ਕੁਝ ਬਦਲ ਗਿਆ, ਜੋ ਚੰਗੀ ਗੱਲ ਹੀ ਹੈ। ਹੁਣ ਮੈਂ ਇੰਨੀ ਬਕ-ਬਕ ਕਰਦੀ ਹਾਂ ਕਿ ਲੋਕ ਮੈਨੂੰ ਬਰਦਾਸ਼ਤ ਨਹੀਂ ਕਰ ਸਕਦੇ। ਮੈਂ ਇਸ ਸਾਲ ਕਾਫੀ ਫਿਲਮਾਂ ਕਰ ਰਹੀ ਹਾਂ, ਇਸ ਲਈ ਸੰਗੀਤ ਲਈ ਮੇਰਾ ਸਮਾਂ ਉਹੀ ਹੁੰਦਾ ਹੈ, ਜਦੋਂ ਮੈਂ ਘਰ ਜਾਂਦੀ ਹਾਂ ਅਤੇ ਪਿਆਨੋ ਵਜਾਉਂਦੀ ਹਾਂ। ਮੈਨੂੰ ਬਹੁਤ ਚੰਗਾ ਲੱਗਦਾ ਹੈ। ਆਪਣੇ ਲਈ ਵੀ ਅਤੇ ਦੂਜਿਆਂ ਲਈ ਪਲੇਅਬੈਕ ਸਿੰਗਿੰਗ ਮੈਂ ਕਰ ਰਹੀ ਹਾਂ ਪਰ ਸੰਗੀਤ ਨੂੰ ਫਿਲਹਾਲ ਮੈਂ ਓਨਾ ਸਮਾਂ ਨਹੀਂ ਦੇ ਰਹੀ। ਇਸ ਸਮੇਂ ਮੇਰਾ ਫੋਕਸ ਸਿਨੇਮਾ ''ਤੇ ਹੈ।
* ਸਿਨੇਮਾ ਦੀ ਸਮਝ ਤੁਹਾਨੂੰ ਪਿਤਾ ਤੋਂ ਮਿਲੀ ਅਤੇ ਸੰਗੀਤ ਦੀ ਮਾਂ ਤੋਂ, ਸ਼ਾਇਦ ਇਸੇ ਲਈ ਤੁਸੀਂ ਸਿਨੇਮਾ ਅਤੇ ਸੰਗੀਤ ਦਾ ਸੰਗਮ ਹੋ?
- ਈਮਾਨਦਾਰੀ ਨਾਲ ਕਹਾਂ ਤਾਂ ਦੋਨੋਂ ਪੂਰਨ ਕਲਾਕਾਰ ਹਨ। ਡੈਡ ਦੀ ਆਵਾਜ਼ ਦਮਦਾਰ ਹੈ, ਜੋ ਮੈਨੂੰ ਮਿਲੀ ਹੈ। ਮੈਨੂੰ ਲੱਗਦਾ ਹੈ ਕਿ ਮਾਂ ਤੋਂ ਮੈਨੂੰ ਸੰਗੀਤ ਪ੍ਰਤੀ ਜਨੂੰਨ ਮਿਲਿਆ ਹੈ। ਜਦੋਂ ਮੈਂ ਬਹੁਤ ਛੋਟੀ ਸੀ, ਉਦੋਂ ਉਨ੍ਹਾਂ ਨੇ ਮੈਨੂੰ ਬਿਹਤਰੀਨ ਸੰਗੀਤ ਤੋਂ ਜਾਣੂ ਕਰਵਾਇਆ ਸੀ। ਇਸੇ ਤਰ੍ਹਾਂ ਡੈਡ ਦਾ ਕਲਾ, ਸਿਨੇਮਾ, ਸੰਗੀਤ ਪ੍ਰਤੀ ਜਨੂੰਨ। ਦਰਅਸਲ ਦੋਵੇਂ ਬਹੁਤ ਰਚਨਾਤਮਕ ਹਨ। ਕਦੇ-ਕਦੇ ਮੈਂ ਸੋਚਦੀ ਹਾਂ ਕਿ ਜਿਸ ਘਰ ਵਿਚ ਮੈਂ ਵੱਡੀ ਹੋਈ ਹਾਂ, ਉਸ ਹਿਸਾਬ ਨਾਲ ਮੈਨੂੰ ਦਸ ਗੁਣਾ ਜ਼ਿਆਦਾ ਰਚਨਾਤਮਕ ਹੋਣਾ ਚਾਹੀਦਾ ਹੈ ਪਰ ਟੱਚਵੁਡ, ਅਜਿਹੇ ਘਰ ਵਿਚ ਪਲਣ-ਵਧਣ ਦਾ ਅਨੁਭਵ ਅਦਭੁੱਤ ਰਿਹਾ ਹੈ।
* ਤੁਸੀਂ ਖ਼ੁਦ ਨੂੰ ਖੂਬਸੂਰਤ ਨਹੀਂ ਮੰਨਦੇ ਅਤੇ ਇਸੇ ਤਰ੍ਹਾਂ ਤੁਹਾਨੂੰ ਸੈਕਸੀ ਅਖਵਾਉਣਾ ਵੀ ਪਸੰਦ ਨਹੀਂ, ਕਿਉਂ?
- ਮੈਂ ਕਦੇ ਆਪਣੀ ਲੁਕ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਹੁਣ ਵੀ ਨਹੀਂ ਲੈਂਦੀ। ਮੈਨੂੰ ਲੱਗਦਾ ਹੈ ਕਿ ਸੈਕਸੀਨੈੱਸ ਇਕ ਮਾਨਸਿਕ ਸਥਿਤੀ ਹੈ। ਮੇਰੇ ਵੱਸ ਵਿਚ ਹੁੰਦਾ ਤਾਂ ਮੈਂ ਰੋਜ਼ ਇਕ ਕਿਲੋ ਸਾਂਬਰ-ਚੌਲ ਖਾਂਦੀ ਪਰ ਮੈਂ ਨਹੀਂ ਖਾ ਸਕਦੀ। ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜੋ ਅਸੀਂ ਉਂਝ ਹੀ ਕਰਦੇ ਹਾਂ। ਤੁਹਾਨੂੰ ਦੱਸ ਦਿਆਂ ਕਿ ਜਦੋਂ ਮੈਂ ਸਵੇਰੇ ਉਠਦੀ ਹਾਂ ਅਤੇ ਬਿਨਾਂ ਮੇਕਅਪ ਦੇ ਹੁੰਦੀ ਹਾਂ ਤਾਂ ਬਹੁਤ ਜ਼ਿਆਦਾ ਵੱਖਰੀ ਹੁੰਦੀ ਹਾਂ। ਇਸ ਸਮੇਂ ਮੈਂ ਸ਼ੂਟਿੰਗ ਲਈ ਮੇਕਅਪ ਵਿਚ ਹਾਂ। ਇਹ ਦੋ ਬਿਲਕੁਲ ਵੱਖ-ਵੱਖ ਸ਼ਖ਼ਸੀਅਤਾਂ ਹਨ। ਮੈਂ ਆਪਣੇ ਸਵੇਰ ਵਾਲੇ ਅਕਸ ਨਾਲ ਜ਼ਿਆਦਾ ਰਿਲੇਟ ਕਰਦੀ ਹਾਂ।
* ਤੁਹਾਡੇ ਪਰਿਵਾਰ ''ਚ ਸਭ ਕਲਾਕਾਰ ਹਨ ਤਾਂ ਡਾਈਨਿੰਗ ਟੇਬਲ ''ਤੇ ਇਕ-ਦੂਜੇ ਨਾਲ ਪੇਸ਼ੇ ਦੇ ਗੁਰਾਂ ਬਾਰੇ ਗੱਲਬਾਤ ਕਰਦੇ ਹੋ?
- ਨਹੀਂ, ਬਿਲਕੁਲ ਨਹੀਂ। ਅਸੀਂ ਅਜਿਹੇ ਪਰਿਵਾਰ ਦਾ ਹਿੱਸਾ ਹਾਂ, ਜੋ ਹਰ ਵਿਅਕਤੀ ਨੂੰ ਖ਼ੁਦ ਆਪਣਾ ਵਿਅਕਤੀਤਵ ਨਿਖਾਰਨ ਦਾ ਮੌਕਾ ਦਿੰਦਾ ਹੈ। ਤੁਹਾਨੂੰ ਦੱਸ ਦਿਆਂ ਕਿ ਜੇਕਰ ਮੈਨੂੰ ਕਦੇ ਮਾਰਗਦਰਸ਼ਨ ਚਾਹੀਦਾ ਹੈ ਤਾਂ ਮੈਂ ਕਦੇ ਵੀ ਆਪਣੀ ਮਾਂ ਜਾਂ ਪਿਤਾ ਨਾਲ ਗੱਲ ਕਰ ਸਕਦੀ ਹਾਂ। ਉਨ੍ਹਾਂ ਨੇ ਕਦੇ ਮੇਰੇ ਲਈ ਰਣਨੀਤੀਆਂ ਨਹੀਂ ਬਣਾਈਆਂ ਜਾਂ ਫੋਨ ਨਹੀਂ ਕੀਤੇ।  ਉਹ ਪੂਰੀ ਤਰ੍ਹਾਂ ਨਾਲ ਮੇਰੀ ਅਤੇ ਆਪਣੀ ਯਾਤਰਾ ਰਹੀ ਹੈ ਅਤੇ ਮੇਰੀ ਭੈਣ ਦੇ ਨਾਲ ਵੀ ਅਜਿਹਾ ਹੀ ਹੈ। ਅਕਸ਼ਰਾ ਦੀ ਗੱਲ ਕਰਾਂ ਤਾਂ ਅਸੀਂ ਦੋਵੇਂ ਇਕ-ਦੂਜੇ ਤੋਂ ਬਹੁਤ ਜ਼ਿਆਦਾ ਵੱਖ ਨਹੀਂ ਹਾਂ। ਸਾਡੀ ਖੂਬ ਬਣਦੀ ਹੈ।
* ਜਦੋਂ ਤੁਸੀਂ ਕਿਰਦਾਰ ਨਿਭਾਉਂਦੇ ਹੋ, ਜਿਸ ''ਚ ਜ਼ਿਆਦਾ ਡੂੰਘਾ ਉਤਰਨਾ ਹੁੰਦਾ ਹੈ, ਇਹ ਗੱਲ ਕਲਾਕਾਰ ਵਜੋਂ ਤੁਹਾਨੂੰ ਕਿੰਨਾ ਪ੍ਰਭਾਵਿਤ ਕਰਦੀ ਹੈ?
- ਨਹੀਂ, ਮੈਨੂੰ ਲੱਗਦਾ ਹੈ ਕਿ ਆਮ ਤੌਰ ''ਤੇ ਮੈਂ ਡਿਟੈਚਡ ਕਿਸਮ ਦੀ ਹਾਂ। ਹੁੰਦਾ ਇਹ ਹੈ ਕਿ ਇਕ ਕਲਾਕਾਰ ਵਜੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਕ ਭੂਮਿਕਾ ਨਿਭਾਅ ਰਹੇ ਹੋ ਅਤੇ ਉਸ ਪਲ ਤੁਸੀਂ ਕਿਰਦਾਰ ਵਿਚ ਕਿੰਨੇ ਵੀ ਡੂੰਘਾਈ ਵਿਚ ਉਤਰ ਜਾਓ, ਬਾਅਦ ਵਿਚ ਤੁਸੀਂ ਆਪਣੇ ਨਿੱਜੀ ਜੀਵਨ ਵਿਚ ਪਰਤਣਾ ਹੀ ਹੁੰਦਾ ਹੈ।
* ਨਿੱਜੀ ਤੌਰ ''ਤੇ ਇਨ੍ਹਾਂ ਸਾਰੀਆਂ ਗੱਲਾਂ ਲਈ ਕੀ ਤੁਹਾਡੇ ਕੋਲ ਕੋਈ ਢੰਗ ਹੈ?
- ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲੱਗਦਾ। ਮੈਂ ਪਹਿਲਾਂ ਤੋਂ ਨਹੀਂ ਸੋਚਦੀ ਕਿ ਮੈਂ ਇਹ ਕੰਮ ਕਰਾਂਗੀ ਤਾਂ ਉਸ ਦਾ ਨਤੀਜਾ ਇਹ ਨਿਕਲੇਗਾ ਅਤੇ ਇਹ ਕੰਮ ਸਫਲ ਹੋਵੇਗਾ। ਮੈਂ ਜਾਣਦੀ ਹਾਂ ਕਿ ਮੈਂ ਪਾਗਲਾਂ ਵਾਂਗ ਕੰਮ ਕਰਦੀ ਹਾਂ ਅਤੇ ਹੁਣ ਜਦਕਿ ਮੈਂ ਵੱਡੀ ਹੋ ਰਹੀ ਹਾਂ ਤਾਂ ਸੱਚਮੁਚ ਉਨ੍ਹਾਂ ਲੋਕਾਂ ''ਚੋਂ ਹਾਂ, ਜੋ ਅਜਿਹਾ ਕੰਮ ਕਰਦੇ ਹਨ, ਜਿਵੇਂ ਦਿਨ ਵਿਚ 42 ਘੰਟੇ ਹੋਣ। ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਕੰਮ ਨੂੰ ਅਸਲ ਸਮੇਂ ਦੇ ਅਨੁਸਾਰ ਵਿਵਸਥਿਤ ਕਰਨਾ ਚਾਹੀਦਾ ਹੈ।
* ਗਰਮੀ ਦੇ ਮੌਸਮ ''ਚ ਤੁਸੀਂ ਆਪਣੀ ਚਮੜੀ ਦੀ ਦੇਖਭਾਲ ਕਿੰਝ ਕਰਦੇ ਹੋ?
- ਕਿਉਂਕਿ ਮੇਕਅਪ ਸਾਡੇ ਕੰਮ ਦਾ ਇਕ ਵੱਡਾ ਹਿੱਸਾ ਹੈ, ਇਸ ਲਈ ਮੈਂ ਇਸ ਗੱਲ ਨੂੰ ਯਕੀਨੀ ਬਣਾਉਂਦੀ ਹਾਂ ਕਿ ਮੈਂ ਆਪਣੀ ਚਮੜੀ ਨੂੰ ਵਾਸ਼, ਮਾਇਸਚੁਰਾਈਜ਼ ਅਤੇ ਟੋਨ ਕਰਾਂ। ਜਦੋਂ ਮੈਂ ਕੰਮ ਨਹੀਂ ਕਰ ਰਹੀ ਹੁੰਦੀ ਤਾਂ ਮੈਂ ਕਿਸੇ ਵੀ ਤਰ੍ਹਾਂ ਦੇ ਕਾਸਮੈਟਿਕਸ ਦੀ ਵਰਤੋਂ ਨਹੀਂ ਕਰਦੀ ਕਿਉਂਕਿ ਚਮੜੀ ਨੂੰ ਵੀ ਸਾਹ ਲੈਣ ਦੀ ਲੋੜ ਹੁੰਦੀ ਹੈ। ਹਾਂ, ਮੈਂ ਸਨਸਕ੍ਰੀਨ ਜ਼ਰੂਰ ਲਗਾਉਂਦੀ ਹਾਂ।
* ''ਗੱਬਰ ਇਜ਼ ਬੈਕ'' ਵਿਚ ਤੁਹਾਡੇ ਕਿਰਦਾਰ ਅਤੇ ਲੁਕ ਦੀ ਕਾਫੀ ਸ਼ਲਾਘਾ ਹੋਈ, ਕੀ ਕਹੋਗੇ?
- ਲੋਕਾਂ ਨੇ ਮੇਰੇ ਕੰਮ ਅਤੇ ਮੇਰੀ ਲੁਕ ਦੀ ਕਾਫੀ ਤਾਰੀਫ ਕੀਤੀ, ਜਿਸ ਨਾਲ ਮੈਨੂੰ ਬਹੁਤ ਖੁਸ਼ੀ ਮਿਲੀ। ਇਹ ਮੇਰੇ ਲਈ ਸ਼ਾਨਦਾਰ ਅਨੁਭਵ ਸੀ। ਹੁਣ ਮੇਰੀ ਨਜ਼ਰ ਆਪਣੀਆਂ ਆਉਣ ਵਾਲੀਆਂ ਫਿਲਮਾਂ ''ਵੈੱਲਕਮ ਬੈਕ'', ''ਯਾਰਾ'' ਅਤੇ ''ਰੌਕੀ ਹੈਂਡਸਮ'' ਉੱਤੇ ਹੈ।
* ''ਯਾਰਾ'' ਵਿਚ ਤਿਗਮਾਂਸ਼ੂ ਧੂਲੀਆ, ਵਿਧੁਤ ਜਾਮਵਾਲ ਅਤੇ ਅਮਿਤ ਸਾਧ ਨਾਲ ਕੰਮ ਕਰਨਾ ਕਿਹੋ ਜਿਹਾ ਰਿਹਾ?
- ਇਹ ਬਹੁਤ ਸ਼ਾਨਦਾਰ ਸੀ। ਇਕੱਠੇ ਕੰਮ ਕਰ ਕੇ ਅਸੀਂ ਸਭ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਹਰ ਕੋਈ ਇਸ ਫਿਲਮ ਨੂੰ ਪਸੰਦ ਕਰੇਗਾ।                            
- ਅਨਵਾਰ ਮੁਹੰਮਦ


Related News