ਜਲੰਧਰ ਹਲਕੇ ਦੇ ਉਮੀਦਵਾਰਾਂ 'ਚੋਂ ਕੇ.ਪੀ. ਸਭ ਤੋਂ ਵੱਡੇ, ਪਰ ਤਜਰਬੇ ਦੇ ਹਿਸਾਬ ਨਾਲ ਚਰਨਜੀਤ ਚੰਨੀ ਸਭ ਤੋਂ 'ਸੀਨੀਅਰ'

04/24/2024 3:05:45 AM

ਜਲੰਧਰ (ਅਨਿਲ ਪਾਹਵਾ)– ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਵਾਸਤੇ ਚੋਣਾਂ ਲਈ ਸੂਬੇ ਦੀਆਂ 4 ਪ੍ਰਮੁੱਖ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਵੱਲੋਂ ਸੁਸ਼ੀਲ ਰਿੰਕੂ, ਆਮ ਆਦਮੀ ਪਾਰਟੀ ਵੱਲੋਂ ਪਵਨ ਟੀਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇ.ਪੀ. ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਉਮਰ ਦੇ ਹਿਸਾਬ ਨਾਲ ਮਹਿੰਦਰ ਸਿੰਘ ਕੇ.ਪੀ. ਜਿਹੜੇ ਕਿ 1956 ਵਿਚ ਜਨਮੇ ਸਨ, ਸਭ ਤੋਂ ਵੱਡੇ ਹਨ, ਜਦੋਂ ਕਿ ਦੂਜੇ ਨੰਬਰ ’ਤੇ ਉਮਰ ਦੇ ਲਿਹਾਜ਼ ਨਾਲ ਚਰਨਜੀਤ ਸਿੰਘ ਚੰਨੀ ਹਨ, ਜਿਨ੍ਹਾਂ ਦਾ ਜਨਮ ਸੰਨ 1963 ਦਾ ਹੈ। 1975 ਵਿਚ ਜਨਮੇ ਸੁਸ਼ੀਲ ਰਿੰਕੂ ਸਭ ਤੋਂ ਛੋਟੇ ਹਨ, ਜਦੋਂ ਕਿ 1966 ਵਿਚ ਜਨਮੇ ਪਵਨ ਟੀਨੂੰ ਉਮਰ ਦੇ ਲਿਹਾਜ਼ ਨਾਲ ਤੀਜੇ ਨੰਬਰ ’ਤੇ ਆਉਂਦੇ ਹਨ।

ਚੰਨੀ ਦੇ ਇਲਾਵਾ ਤਿੰਨੋਂ ਉਮੀਦਵਾਰ ਪੈਰਾਸ਼ੂਟ ਜ਼ਰੀਏ ਉਤਰੇ
ਚਰਨਜੀਤ ਚੰਨੀ ਨੂੰ ਕਾਂਗਰਸ ਨੇ ਜਲੰਧਰ ਤੋਂ ਟਿਕਟ ਦਿੱਤੀ ਅਤੇ ਉਹੀ ਇਕਲੌਤੇ ਉਮੀਦਵਾਰ ਹਨ, ਜਿਹੜੇ ਪੁਰਾਣੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਤਿੰਨਾਂ ਪਾਰਟੀਆਂ ਨੇ ਜਿਹੜੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ, ਉਨ੍ਹਾਂ 'ਚੋਂ ਸਾਰੇ ਪਿਛਲੇ ਇਕ ਮਹੀਨੇ ਅੰਦਰ ਹੀ ਪਾਰਟੀਆਂ ਵਿਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਕੁੱਲ ਮਿਲਾ ਕੇ ਇੰਝ ਕਿਹਾ ਜਾ ਸਕਦਾ ਹੈ ਕਿ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਕੈਂਡੀਡੇਟ ਆਪਣੀ-ਆਪਣੀ ਪਾਰਟੀ ਲਈ ਨਵੇਂ ਹਨ ਅਤੇ ਇਨ੍ਹਾਂ ਦੀ ਐਂਟਰੀ ਪੈਰਾਸ਼ੂਟ ਜ਼ਰੀਏ ਹੋਈ ਹੈ।

ਇਹ ਵੀ ਪੜ੍ਹੋ- ਅਣਖ ਦੀ ਖ਼ਾਤਰ ਮਾਪਿਆਂ ਨੇ ਕਰ'ਤਾ ਵੱਡਾ ਕਾਰਾ, ਆਪਣੀ ਹੀ ਵਿਆਹੁਤਾ ਧੀ ਨੂੰ ਜ਼ਹਿਰ ਦੇ ਕੇ ਉਤਾਰਿਆ ਮੌਤ ਦੇ ਘਾਟ

ਸਿਆਸਤ ਵਿਚ ਅਹੁਦੇ ਦੇ ਹਿਸਾਬ ਨਾਲ ਚੰਨੀ ਸਭ ਤੋਂ ਵੱਡੇ 
ਜੇਕਰ ਜਲੰਧਰ ਦੇ ਚਾਰਾਂ ਉਮੀਦਵਾਰਾਂ ਨੂੰ ਸੀਨੀਆਰਤਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਚਰਨਜੀਤ ਚੰਨੀ ਬੇਸ਼ੱਕ ਕਿਸੇ ਉਮੀਦਵਾਰ ਤੋਂ ਉਮਰ ਵਿਚ ਛੋਟੇ ਹੋ ਸਕਦੇ ਹਨ ਪਰ ਸੀਨੀਆਰਤਾ ਦੇ ਹਿਸਾਬ ਨਾਲ ਸਭ ਤੋਂ ਸੀਨੀਅਰ ਹਨ। ਚੰਨੀ ਪੰਜਾਬ ਵਿਚ ਮੁੱਖ ਮੰਤਰੀ ਦੇ ਅਹੁਦੇ ’ਤੇ ਤਾਇਨਾਤ ਰਹਿ ਚੁੱਕੇ ਹਨ ਅਤੇ ਸਿਆਸੀ ਖੇਤਰ ਵਿਚ ਉਹ ਮੌਜੂਦਾ ਸਾਰੇ ਉਮੀਦਵਾਰਾਂ ਤੋਂ ਸੀਨੀਅਰ ਹਨ। ਬੇਸ਼ੱਕ ਉਹ ਪੂਰੇ 5 ਸਾਲ ਮੁੱਖ ਮੰਤਰੀ ਦੇ ਅਹੁਦੇ ’ਤੇ ਨਹੀਂ ਰਹੇ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਨਾਂ ਨਾਲ ਸਾਬਕਾ ਮੁੱਖ ਮੰਤਰੀ ਦਾ ਟੈਗ ਲੱਗਾ ਹੈ। ਵੈਸੇ ਚੰਨੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੌਰਾਨ ਮੰਤਰੀ ਦੇ ਅਹੁਦੇ ’ਤੇ ਵੀ ਰਹੇ ਹਨ ਅਤੇ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾਈ ਹੈ। ਚੰਨੀ ਪੰਜਾਬ ਵਿਚ ਪਹਿਲੇ ਦਲਿਤ ਮੁੱਖ ਮੰਤਰੀ ਰਹੇ ਹਨ।

ਉਮਰ ਦੇ ਹਿਸਾਬ ਨਾਲ ਕੇ.ਪੀ. ਸਭ ਤੋਂ ਵੱਡੇ ਪਰ...
ਜਿਥੋਂ ਤਕ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਦੀ ਹੈ ਤਾਂ ਉਹ ਅਜੇ 2 ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕੇ.ਪੀ. ਸਿਆਸੀ ਅਹੁਦੇ ਅਨੁਸਾਰ ਸੀਨੀਆਰਤਾ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਆਉਂਦੇ ਹਨ। ਕੇ.ਪੀ. ਪਹਿਲਾਂ ਵੀ 2009 ਵਿਚ ਜਲੰਧਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ 2014 ਵਿਚ ਉਹ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਉਤਰੇ ਸਨ ਅਤੇ ਹਾਰ ਗਏ ਸਨ। ਇਸ ਤੋਂ ਇਲਾਵਾ ਕੇ.ਪੀ. ਪੰਜਾਬ ਵਿਚ 3 ਵਾਰ ਵਿਧਾਇਕ ਰਹੇ ਹਨ ਅਤੇ ਸੂਬੇ ਦੀ ਕਾਂਗਰਸ ਸਰਕਾਰ ਵਿਚ 1992 ਅਤੇ 1995 ਵਿਚ ਮੰਤਰੀ ਅਹੁਦੇ ’ਤੇ ਵੀ ਰਹੇ ਹਨ। ਕੇ.ਪੀ. ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਲ-ਨਾਲ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਦੇ ਚੇਅਰਮੈਨ ਅਹੁਦੇ ’ਤੇ ਵੀ ਤਾਇਨਾਤ ਰਹੇ ਹਨ।

ਇਹ ਵੀ ਪੜ੍ਹੋ- 11 ਸਾਲਾ ਪੁੱਤ ਤੇ ਪਤੀ ਨੂੰ ਛੱਡ ਕੇ ਆਸ਼ਿਕ ਨਾਲ ਫ਼ਰਾਰ ਹੋਣ ਵਾਲੀ ਔਰਤ ਨੂੰ ਪੁਲਸ ਨੇ ਕੀਤਾ ਕਾਬੂ, ਭੇਜਿਆ ਜੇਲ੍ਹ

ਸਿਆਸੀ ਅਹੁਦੇ ਅਨੁਸਾਰ ਤੀਜੇ ਨੰਬਰ ’ਤੇ ਪਵਨ ਟੀਨੂੰ
ਸਿਆਸਤ ਵਿਚ ਸੀਨੀਆਰਤਾ ਦੇ ਹਿਸਾਬ ਨਾਲ ਤੀਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਆਉਂਦੇ ਹਨ। ਟੀਨੂੰ ਨੇ ਹਾਲ ਹੀ ਵਿਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਟੀਨੂੰ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਦੌਰਾਨ ਚੀਫ ਪਾਰਲੀਮਾਨੀ ਸੈਕਟਰੀ ਦੇ ਅਹੁਦੇ ’ਤੇ ਵੀ ਰਹਿ ਚੁੱਕੇ ਹਨ।

ਉਮਰ ਦੇ ਲਿਹਾਜ਼ ਨਾਲ ਸਭ ਤੋਂ ਛੋਟੇ ਸੁਸ਼ੀਲ ਰਿੰਕੂ ਪਰ...
ਜਲੰਧਰ ਲੋਕ ਸਭਾ ਸੀਟ ’ਤੇ ਸਿਆਸੀ ਸੀਨੀਆਰਤਾ ਦੇ ਅਨੁਸਾਰ ਸੁਸ਼ੀਲ ਰਿੰਕੂ ਸਭ ਤੋਂ ਘੱਟ ਉਮਰ ਦੇ ਨਾਲ-ਨਾਲ ਸਭ ਤੋਂ ਘੱਟ ਤਜਰਬੇ ਵਾਲੇ ਆਗੂ ਹਨ। ਸੁਸ਼ੀਲ ਰਿੰਕੂ ਦਾ ਜਨਮ ਸਾਲ 1975 ਦਾ ਹੈ ਅਤੇ ਉਕਤ ਸਾਰੇ ਉਮੀਦਵਾਰਾਂ ਤੋਂ ਉਹ ਉਮਰ ਵਿਚ ਸਭ ਤੋਂ ਛੋਟੇ ਹਨ। ਸੁਸ਼ੀਲ ਰਿੰਕੂ ਜਲੰਧਰ ਦੀ ਵੈਸਟ ਵਿਧਾਨ ਸਭਾ ਸੀਟ ਤੋਂ ਪਹਿਲਾਂ ਕਾਂਗਰਸ ਵਿਚ ਹੁੰਦੇ ਹੋਏ ਵਿਧਾਇਕ ਦੇ ਅਹੁਦੇ ’ਤੇ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਪਿਛਲੇ ਸਾਲ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਅਤੇ ਜਲੰਧਰ ਲੋਕ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਵਿਚ ਉਹ ਜੇਤੂ ਰਹੇ ਸਨ। ਸੰਸਦ ਮੈਂਬਰ ਦੇ ਅਹੁਦੇ ’ਤੇ ਵੀ ਉਨ੍ਹਾਂ ਦਾ ਤਜਰਬਾ ਲੱਗਭਗ ਇਕ ਸਾਲ ਦਾ ਹੀ ਹੈ।

ਇਹ ਵੀ ਪੜ੍ਹੋ- 'Excuse Me ਮੈਡਮ, ਸੈਕਟਰ-34 ਕਿੱਧਰ ਐ ?' ਪੁੱਛਦਿਆਂ ਹੀ ਔਰਤ ਦਾ ਮਹਿੰਗਾ ਫ਼ੋਨ ਖੋਹ ਕੇ ਹੋ ਗਿਆ ਫ਼ਰਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News