ਮੈਂ ਮੂੰਹ ਖੋਲ੍ਹਿਆ ਤਾਂ ਪਰਿਵਾਰ ਦੇ ਕੁਝ ਲੋਕ ਮੂੰਹ ਨਹੀਂ ਵਿਖਾ ਸਕਣਗੇ : ਅਜੀਤ ਪਵਾਰ

04/11/2024 2:44:44 PM

ਮਹਾਰਾਸ਼ਟਰ- ਮਹਾਰਾਸ਼ਟਰ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿਚ ਵਖਰੇਵੇਂ ਤੋਂ ਬਾਅਦ ਸ਼ਰਦ ਪਵਾਰ ਦੇ ਪਰਿਵਾਰ ’ਚ ਵੀ ਕੜਵਾਹਟ ਵਧਦੀ ਜਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਅਤੇ ਉਨ੍ਹਾਂ ਦੇ ਭਤੀਜੇ ਤੇ ਸੂਬੇ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਲਈ ਬਾਰਾਮਤੀ ਸੀਟ ਇੱਜ਼ਤ ਦਾ ਸਵਾਲ ਬਣ ਗਈ ਹੈ। ਇਹ ਰਵਾਇਤੀ ਤੌਰ ’ਤੇ ਸ਼ਰਦ ਪਵਾਰ ਦੀ ਸੀਟ ਰਹੀ ਹੈ, ਜਿਸ ’ਤੇ ਸ਼ਰਦ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਤੇ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਮੈਦਾਨ ਵਿਚ ਹਨ। ਇੱਥੇ ਨਨਾਣ-ਭਰਜਾਈ ਵਿਚਾਲੇ ਸਿੱਧੀ ਟੱਕਰ ਹੋ ਰਹੀ ਹੈ।

ਇਸ ਸੀਟ ’ਤੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਜੀਤ ਪਵਾਰ ਨੇ ਕਿਹਾ, ‘‘ਜੇ ਮੈਂ ਆਪਣਾ ਮੂੰਹ ਖੋਲ੍ਹਿਆ ਤਾਂ ਮੇਰੇ ਪਰਿਵਾਰ ਦੇ ਕੁਝ ਮੈਂਬਰ ਕਿਸੇ ਨੂੰ ਆਪਣਾ ਮੂੰਹ ਵਿਖਾਉਣ ਦੇ ਲਾਇਕ ਨਹੀਂ ਰਹਿਣਗੇ ਅਤੇ ਅੱਜਕੱਲ ਵਾਂਗ ਘੁੰਮ-ਫਿਰ ਨਹੀਂ ਸਕਣਗੇ।’’

ਐੱਨ. ਸੀ. ਪੀ. ’ਚ ਬਗਾਵਤ ਤੋਂ ਬਾਅਦ ਉਪ-ਮੁੱਖ ਮੰਤਰੀ ਅਜੀਤ ਪਵਾਰ ਦੀ ਚਾਚੇ ਸ਼ਰਦ ਪਵਾਰ, ਚਾਚੀ ਸਰੋਜ ਪਾਟਿਲ, ਭਤੀਜੇ ਯੁਗੇਂਦਰ ਤੇ ਰੋਹਿਤ ਪਵਾਰ ਨੇ ਆਲੋਚਨਾ ਕੀਤੀ ਹੈ, ਜਦੋਂਕਿ ਪਵਾਰ ਪਰਿਵਾਰ ਦੇ ਜ਼ਿਆਦਾਤਰ ਮੈਂਬਰ 83 ਸਾਲਾ ਸ਼ਰਦ ਪਵਾਰ ਦੇ ਨਾਲ ਖੜ੍ਹੇ ਹਨ।

ਅਜੀਤ ਪਵਾਰ ਨੇ ਕਿਹਾ, ‘‘ਮੈਂ ਹੁਣ ਤਕ ਸਿਆਸਤ ਵਿਚ ਮਰਿਆਦਾ ਬਣਾਈ ਰੱਖਣ ਲਈ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਬਾਰੇ ਗੱਲ ਨਹੀਂ ਕੀਤੀ। ਮੇਰੇ ਭਰਾਵਾਂ ਨੇ ਕਦੇ ਵੀ ਮੇਰੇ ਨਾਲ ਚੋਣਾਂ ਵਿਚ ਯਾਤਰਾ ਨਹੀਂ ਕੀਤੀ ਪਰ ਹੁਣ ਉਹ ਇੰਝ ਘੁੰਮ ਰਹੇ ਹਨ ਜਿਵੇਂ ਉਨ੍ਹਾਂ ਦੇ ਪੈਰਾਂ ਨੂੰ ਪਹੀਏ ਲੱਗ ਗਏ ਹੋਣ।’’

ਉਨ੍ਹਾਂ ਕਿਹਾ, ‘‘ਕੀ ਤੁਸੀਂ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਇੰਝ ਹੀ ਘੁੰਮੋਗੇ? ਉਸ ਵੇਲੇ ਅਜੀਤ ਪਵਾਰ ਤੇ ਉਨ੍ਹਾਂ ਦੇ ਵਰਕਰਾਂ ਤੋਂ ਇਲਾਵਾ ਬਾਰਾਮਤੀ ’ਚ ਕੋਈ ਨਜ਼ਰ ਨਹੀਂ ਆਏਗਾ।’’


Rakesh

Content Editor

Related News