ਦਿ ਕੇਰਲ ਸਟੋਰੀ : ‘ਲਵ ਜੇਹਾਦ’ ਨੂੰ ਚਰਚ ਦਾ ਸਾਥ, ਬਦਲ ਰਹੀ ਸਿਆਸਤ
Wednesday, Apr 10, 2024 - 01:54 PM (IST)
ਨਵੀਂ ਦਿੱਲੀ, (ਵਿਸ਼ੇਸ਼)– ਲੋਕ ਸਭਾ ਚੋਣਾਂ ਦੌਰਾਨ ਕੇਰਲ ’ਚ ਲਵ ਜੇਹਾਦ ਦਾ ਮੁੱਦਾ ਭਖਿਆ ਹੋਇਆ ਹੈ ਅਤੇ ਇਸ ਮਾਮਲੇ ’ਚ ਭਾਜਪਾ ਨੂੰ ਚਰਚ ਦਾ ਸਾਥ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੀ ਪਹਿਲ ਚਰਚ ਦੇ ਇਕ ਸੰਗਠਨ ਵਲੋਂ ਕੀਤੀ ਗਈ ਹੈ। ਇਡੁੱਕੀ ਸੂਬੇ ਨੇ ਆਪਣੇ ਸਾਲਾਨਾ ਗਰਮ ਰੁੱਤ ਦੇ ਕੈਟੇਚਿਜ਼ਮ ਪ੍ਰੋਗਰਾਮ ’ਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 4 ਅਪ੍ਰੈਲ ਨੂੰ ਫਿਲਮ ‘ਦਿ ਕੇਰਲ ਸਟੋਰੀ’ ਪ੍ਰਸਾਰਿਤ ਕੀਤੀ।
ਇਸ ਤੋਂ ਬਾਅਦ ਕੇਰਲ ਕੈਥੋਲਿਕ ਯੂਥ ਮੂਵਮੈਂਟ (ਕੇ. ਸੀ. ਵਾਈ. ਐੱਮ.) ਨੇ ਸਭਾਵਾਂ ਅਤੇ ਪਰਿਵਾਰਕ ਪ੍ਰੋਗਰਾਮਾਂ ’ਚ ਇਹ ਫਿਲਮ ਪ੍ਰਦਰਸ਼ਿਤ ਕਰਨ ਦਾ ਐਲਾਨ ਕੀਤਾ ਹੈ। ਕੇ. ਸੀ. ਵਾਈ. ਐੱਮ. ਮੁਸਲਿਮ ਬਹੁਤ ਥਾਲਾਸਸੇਰੀ ਅਤੇ ਥਾਮਾਰਾਸਸੇਰੀ ’ਚ ਸਿਰੋ-ਮਾਲਾਬਾਰ ਚਰਚ ਦਾ ਯੂਥ ਸੰਗਠਨ ਹੈ। ਕੇ. ਸੀ. ਵਾਈ. ਐੱਮ. ਥਾਮਾਰਾਸਸੇਰੀ ਦੇ ਡਾਇਰੈਕਟਰ ਫਾਦਰ ਜੈਕਬ ਵੇੱਲਾਕਮਕੁਡੀ ਨੇ ਕਿਹਾ,‘ਕੇਰਲ ਦੀਆਂ ਕਈ ਲੜਕੀਆਂ ਨੂੰ ਪਿਆਰ ’ਚ ਫਸਾਇਆ ਗਿਆ ਹੈ ਅਤੇ ਅੱਤਵਾਦੀ ਸੰਗਠਨ ਆਈ. ਐੱਸ. ਵਲੋਂ ਭਰਤੀ ਕੀਤਾ ਗਿਆ ਹੈ। ਫਿਲਮ ਦੀ ਸਕ੍ਰੀਨਿੰਗ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ...ਹਾਲ ਦੇ ਸਾਲਾਂ ’ਚ ਅਸੀਂ ਕਈ ਔਰਤਾਂ ਨੂੰ ਲਵ ਜੇਹਾਦ ਦੇ ਜਾਲ ਤੋਂ ਬਚਾਇਆ ਹੈ।
ਅਸਲ ’ਚ ਕੇਰਲ ਦੀ ਸੱਤਾ ਦਾ ਰਾਹ 45 ਫੀਸਦੀ ਘੱਟ-ਗਿਣਤੀ ਵੋਟ ਬੈਂਕ ਤੋਂ ਹੋ ਕੇ ਹੀ ਜਾਂਦਾ ਹੈ। ਇਨ੍ਹਾਂ ’ਚੋਂ 27 ਫੀਸਦੀ ਮੁਸਲਿਮ ਅਤੇ 18 ਫੀਸਦੀ ਆਬਾਦੀ ਈਸਾਈਆਂ ਦੀ ਹੈ। ਇਹ ਘੱਟ-ਗਿਣਤੀ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫ੍ਰੰਟ (ਯੂ. ਡੀ. ਐੱਫ.) ਦਾ ਰਵਾਇਤੀ ਵੋਟ ਬੈਂਕ ਹੈ। ਭਾਜਪਾ ਇਸ ਵੋਟ ਬੈਂਕ ’ਚ ਸੰਨ੍ਹ ਲਗਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਇਸ ’ਚ ਉਸ ਨੂੰ ਅਸਿੱਧੇ ਤੌਰ ’ਤੇ ਚਰਚ ਦਾ ਵੀ ਸਾਥ ਮਿਲ ਰਿਹਾ ਹੈ।
ਫਿਲਮ ਵਿਰੁੱਧ ਹਾਲ ਹੀ ’ਚ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ ਸ਼ਿਕਾਇਤ
ਕੈਥੋਲਿਕ ਭਾਈਚਾਰੇ ਨੇ ਵਿਵਾਦਗ੍ਰਸਤ ਫਿਲਮ ਨੂੰ ਪ੍ਰਦਰਸ਼ਿਤ ਕਰਨ ਦਾ ਫੈਸਲਾ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਫਿਲਮ ਦੀ ਸਕ੍ਰੀਨਿੰਗ ਲਈ ਸੂਬੇ ਵਲੋਂ ਚਲਾਏ ਜਾ ਰਹੇ ਦੂਰਦਰਸ਼ਨ ਦੀ ਸੱਤਾਧਾਰੀ ਸੀ. ਪੀ. ਆਈ. (ਐੱਮ.) ਅਤੇ ਵਿਰੋਧੀ ਪਾਰਟੀ ਕਾਂਗਰਸ ਵਲੋਂ ਤਿੱਖੀ ਆਲੋਚਨਾ ਕਰਨ ਤੋਂ ਬਾਅਦ ਆਇਆ ਹੈ। ਉਨ੍ਹਾਂ ਨੇ ਇਸ ਦੇ ਪ੍ਰਸਾਰਣ ’ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦੇਣ ਲਈ ਚੋਣ ਕਮਿਸ਼ਨ ਨਾਲ ਵੀ ਸੰਪਰਕ ਕੀਤਾ ਸੀ। ਫਿਲਮ ’ਚ ਕੇਰਲ ਦੀਆਂ 4 ਔਰਤਾਂ ਦੇ ਇਸਲਾਮ ਅਪਨਾਉਣ ਅਤੇ ਅੱਤਵਾਦੀ ਸੰਗਠਨ ਆਈ. ਐੱਸ. ’ਚ ਸ਼ਾਮਲ ਹੋਣ ਦੀ ਕਹਾਣੀ ਦਿਖਾਈ ਗਈ ਹੈ, ਫਿਲਮ ਨਿਰਮਾਤਾਵਾਂ ਦਾ ਦਾਅਵਾ ਹੈ ਕਿ ਸੂਬੇ ਦੀਆਂ ਹਜ਼ਾਰਾਂ ਔਰਤਾਂ ਇਸ ਦੀ ਚਪੇਟ ’ਚ ਚੁੱਕੀਆਂ ਹਨ। ਮਈ 2023 ’ਚ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਨੂੰ ਕਈ ਅਦਾਲਤੀ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ।
ਸੀ. ਐੱਮ. ਵਿਜਯਨ ਨੇ ਕੀਤਾ ਵਿਰੋਧ
ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਫਿਲਮ ਨੂੰ ‘ਰਾਜ ਦੀ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਵਿਰੁੱਧ’ ਦੱਸਿਆ। ਚਰਚ ਦਾ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਨੇ ਕਿਹਾ ਕਿ ਇਹ ਫਿਲਮ ਇਕ ਖਾਸ ਏਜੰਡੇ ਦੇ ਤਹਿਤ ਦਿਖਾਈ ਜਾ ਰਹੀ ਹੈ। ਸੂਬੇ ਦਾ ਅਪਮਾਨ ਕਰਨ ਲਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕਿਸੇ ਨੂੰ ਵੀ ਆਰ. ਐੱਸ. ਐੱਸ. ਦੇ ਜਾਲ ਵਿਚ ਨਹੀਂ ਫਸਣਾ ਚਾਹੀਦਾ ਹੈ।
ਭਾਜਪਾ ਨੂੰ ਕੇਰਲ ਸਟੋਰੀ ਨੇ ਦਿੱਤਾ ਮੌਕਾ
ਸੀ. ਪੀ. ਆਈ. (ਐੱਮ) ਮੁਸਲਮਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਭਾਜਪਾ ਨੇ ਇਸਾਈਆਂ ਲਈ ਕਈ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤੇ ਹਨ। ਸੀ. ਪੀ. ਆਈ. (ਐੱਮ) ਦਾ ਮੁਸਲਮਾਨਾਂ ਨੂੰ ਕਹਿਣਾ ਹੈ ਕਿ ਕਾਂਗਰਸ ਇੰਨੀ ਮਜਬੂਤ ਨਹੀਂ ਹੈ ਕਿ ਉਹ ਭਾਜਪਾ ਦਾ ਮੁਕਾਬਲਾ ਕਰ ਸਕੇ ਕਿਉਂਕਿ ਭਾਜਪਾ ਕੇਰਲ ਵਿਚ ਆਪਣਾ ਖੇਡ ਦਿਖਾ ਰਹੀ ਹੈ, ਉਥੇ ਭਾਜਪਾ ਕਈ ਇਸਾਈਆਂ ਵਿਚਾਲੇ ‘ਵਧਦੇ ਇਸਲਾਮੀ ਕੱਟੜਵਾਦ’ ਦੇ ਡਰ ਨੂੰ ਆਪਣਾ ਸਿਆਸੀ ਹਥਿਆਰ ਬਣਾਏ ਹੋਏ ਹੈ।