ਤਾਏ ਨੇ 7 ਸਾਲਾ ਭਤੀਜੇ ਦਾ ਕਤਲ ਕਰ ਨਹਿਰ ''ਚ ਸੁੱਟੀ ਲਾਸ਼! ਅਦਾਲਤ ਨੇ ਲਾਈ

Saturday, Jul 11, 2026 - 01:23 PM (IST)

ਤਾਏ ਨੇ 7 ਸਾਲਾ ਭਤੀਜੇ ਦਾ ਕਤਲ ਕਰ ਨਹਿਰ ''ਚ ਸੁੱਟੀ ਲਾਸ਼! ਅਦਾਲਤ ਨੇ ਲਾਈ

ਲੁਧਿਆਣਾ (ਮਹਿਰਾ)- ਲਗਭਗ 4 ਸਾਲ ਪੁਰਾਣੇ ਬਹੁ-ਚਰਚਿਤ ਅੰਨ੍ਹੇ ਕਤਲ ਕੇਸ ਵਿਚ ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਸਵਰਨ ਸਿੰਘ ਨਿਵਾਸੀ ਅਬਦੁੱਲਾਪੁਰ ਬਸਤੀ ਨੂੰ ਕਤਲ ਦੀ ਨੀਅਤ ਨਾਲ ਅਗਵਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ ਤੇ ਦੋਵਾਂ ਧਾਰਾਵਾਂ ਤਹਿਤ 25,000-25,000 ਰੁਪਏ ਜੁਰਮਾਨਾ ਵੀ ਲਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਵਾਂ ਧਾਰਾਵਾਂ ਵਿਚ 6-6 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪਵੇਗੀ। ਇਹ ਦੋਵੇਂ ਸਜ਼ਾਵਾਂ ਇੱਕਠੀਆਂ ਚੱਲਣਗੀਆਂ। ਇਹ ਮਾਮਲਾ ਥਾਣਾ ਮਾਡਲ ਟਾਊਨ ਵਿਚ 19 ਅਗਸਤ 2022 ਨੂੰ ਦਰਜ ਹੋਈ ਐੱਫ.ਆਈ.ਆਰ. ਨਾਲ ਸਬੰਧਤ ਹੈ।

ਸ਼ਿਕਾਇਤਕਰਤਾ ਸਿਮਰਨਜੀਤ ਕੌਰ ਨਿਵਾਸੀ ਅਬਦੁੱਲਾਪੁਰ ਬਸਤੀ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦਾ 7 ਸਾਲਾ ਪੁੱਤਰ ਸਹਿਜਪ੍ਰੀਤ ਸਿੰਘ 18 ਅਗਸਤ 2022 ਦੀ ਰਾਤ ਨੂੰ ਅਚਾਨਕ ਲਾਪਤਾ ਹੋ ਗਿਆ ਸੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਘਟਨਾ ਵਾਲੇ ਦਿਨ ਮ੍ਰਿਤਕ ਦਾ ਤਾਇਆ ਸਵਰਨ ਸਿੰਘ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਸੀ।

ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਮਾਸੂਮ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਇਹ ਮਾਮਲਾ ਗੁੰਮਸ਼ੁਦਗੀ ਤੋਂ ਕਤਲ ਵਿਚ ਤਬਦੀਲ ਹੋ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦਾ ਆਪਣੀ ਭਰਜਾਈ ਨਾਲ ਅਕਸਰ ਝਗੜਾ ਰਹਿੰਦਾ ਸੀ, ਜਿਸ ਕਾਰਨ ਉਹ ਖੁਦ ਨੂੰ ਅਪਮਾਨਿਤ ਮਹਿਸੂਸ ਕਰਦਾ ਸੀ। ਮ੍ਰਿਤਕ ਸਹਿਜਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੁਲਜ਼ਮ ਚਾਹੁੰਦਾ ਸੀ ਕਿ ਭਵਿੱਖ ਵਿਚ ਪਰਿਵਾਰ ਦੀ ਸਾਰੀ ਜਾਇਦਾਦ ਉਸ ਦੇ ਆਪਣੇ ਬੱਚਿਆਂ ਨੂੰ ਮਿਲੇ। ਇਸੇ ਲਾਲਚ ਤੇ ਰੰਜਿਸ਼ ਕਾਰਨ ਉਸ ਨੇ ਆਪਣੇ ਹੀ ਮਾਸੂਮ ਭਤੀਜੇ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ।


author

Anmol Tagra

Content Editor

Related News