ਪੰਜਾਬ: BIRTHDAY PARTY ਮਗਰੋਂ ਮੁੰਡੇ ਦਾ 'ਕਤਲ'! ਰੋਂਦੇ-ਕੁਰਲਾਉਂਦੇ ਪਰਿਵਾਰ ਨੇ ਲਾਏ ਗੰਭੀਰ ਦੋਸ਼

Thursday, Jul 09, 2026 - 12:04 PM (IST)

ਪੰਜਾਬ: BIRTHDAY PARTY ਮਗਰੋਂ ਮੁੰਡੇ ਦਾ 'ਕਤਲ'! ਰੋਂਦੇ-ਕੁਰਲਾਉਂਦੇ ਪਰਿਵਾਰ ਨੇ ਲਾਏ ਗੰਭੀਰ ਦੋਸ਼

ਲੁਧਿਆਣਾ (ਰਾਜ)- ਮੁੰਡੀਆਂ ਸਥਿਤ ਸਰਕਾਰੀ ਫਲੈਟਾਂ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁੰਡੀਆਂ ਦੇ ਰਹਿਣ ਵਾਲੇ 28 ਸਾਲਾ ਗੋਵਿੰਦਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜਮਾਲਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਫਲੈਟਾਂ ਦੀ ਚੌਥੀ ਮੰਜ਼ਲ ’ਤੇ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ। ਜਸ਼ਨ ਮਨਾਉਣ ਤੋਂ ਬਾਅਦ ਦੇਰ ਰਾਤ ਸਾਰੇ ਨੌਜਵਾਨ ਉਥੇ ਹੀ ਸੌਂ ਗਏ ਸਨ ਪਰ ਸਵੇਰੇ ਤੜਕੇ ਗੋਵਿੰਦਾ ਸ਼ੱਕੀ ਹਾਲਾਤ ਵਿਚ ਚੌਥੀ ਮੰਜ਼ਿਲ ਤੋਂ ਸਿੱਧਾ ਹੇਠਾਂ ਪੱਕੇ ਫਰਸ਼ ’ਤੇ ਆ ਡਿੱਗਿਆ। ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਪਰਿਵਾਰ ਮੁਤਾਬਕ ਹੇਠਾਂ ਡਿੱਗਣ ਤੋਂ ਬਾਅਦ ਉਹ ਕਾਫ਼ੀ ਦੇਰ ਤੱਕ ਜ਼ਮੀਨ ’ਤੇ ਤੜਫਦਾ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ। ਬਾਅਦ ਵਿਚ ਜਦੋਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

ਮ੍ਰਿਤਕ ਦੇ ਪਰਿਵਾਰ ਨੇ ਸਿੱਧੇ ਤੌਰ ’ਤੇ ਕਤਲ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਬੇਹੱਦ ਸੰਗੀਨ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਗੋਵਿੰਦਾ ਖ਼ੁਦ ਨਹੀਂ ਡਿੱਗਿਆ, ਸਗੋਂ ਉਸ ਨੂੰ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉੱਪਰੋਂ ਹੇਠਾਂ ਸੁੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਨੌਜਵਾਨ ਦੇ ਘਰ ਪਾਰਟੀ ਸੀ, ਉਹ ਰਾਤ ਨੂੰ ਗੋਵਿੰਦਾ ਨੂੰ ਖ਼ਾਸ ਤੌਰ ’ਤੇ ਘਰੋਂ ਬੁਲਾ ਕੇ ਲੈ ਕੇ ਗਿਆ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਉਕਤ ਫਲੈਟ ਵਿਚ ਕਥਿਤ ਤੌਰ ’ਤੇ ਨਸ਼ੇ ਦਾ ਕਾਲਾ ਕਾਰੋਬਾਰ ਚੱਲਦਾ ਹੈ ਅਤੇ ਇਸੇ ਦਲਦਲ ਤੇ ਆਪਸੀ ਰੰਜਿਸ਼ ਦੇ ਚਲਦਿਆਂ ਉਨ੍ਹਾਂ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।

ਥਾਣਾ ਜਮਾਲਪੁਰ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਪਰਿਵਾਰ ਵਲੋਂ ਲਾਏ ਗਏ ਗੰਭੀਰ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਾਰਟੀ ਵਿਚ ਸ਼ਾਮਲ ਦੋਸਤਾਂ ਅਤੇ ਫਲੈਟ ਮਾਲਕ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ, ਜਿਸ ਦੇ ਆਧਾਰ ’ਤੇ ਅਗਲੇਰੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Anmol Tagra

Content Editor

Related News