ਪੰਜਾਬ ਦੇ ਸਕੂਲਾਂ ਲਈ ਵੱਡੇ ਹੁਕਮ ਜਾਰੀ, ਮੀਂਹਾਂ ਵਿਚਾਲੇ ਵਿਭਾਗ ਨੇ ਦਿੱਤੀਆਂ ਨਵੀਆਂ ਹਦਾਇਤਾਂ

Thursday, Jul 09, 2026 - 10:19 AM (IST)

ਪੰਜਾਬ ਦੇ ਸਕੂਲਾਂ ਲਈ ਵੱਡੇ ਹੁਕਮ ਜਾਰੀ, ਮੀਂਹਾਂ ਵਿਚਾਲੇ ਵਿਭਾਗ ਨੇ ਦਿੱਤੀਆਂ ਨਵੀਆਂ ਹਦਾਇਤਾਂ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਲਾਪਰਵਾਹੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਨਸੂਨ ਦਾ ਸੀਜ਼ਨ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਬਾਅਦ ਹੁਣ ਅਧਿਕਾਰੀਆਂ ਦੀ ਨੀਂਦ ਟੁੱਟੀ ਹੈ। ਵਿਭਾਗ ਵਲੋਂ ਸਕੂਲਾਂ ’ਚ ਬਰਸਾਤ ਤੋਂ ਬਚਾਅ ਅਤੇ ਪ੍ਰਬੰਧਾਂ ਨੂੰ ਲੈ ਕੇ ਹੁਣ ਗਾਈਡ ਲਾਈਨਜ਼ (ਦਿਸ਼ਾ-ਨਿਰਦੇਸ਼) ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਰਿਕਾਰਡ ਮੰਗੇ ਜਾ ਰਹੇ ਹਨ। ਸਿੱਖਿਆ ਵਿਭਾਗ ਦੇ ਇਸ ਢਿੱਲੇ ਰਵੱਈਏ ਅਤੇ ਗ਼ੈਰ-ਜ਼ਿੰਮੇਵਾਰਾਨਾ ਨੀਤੀ ਖ਼ਿਲਾਫ਼ ਅਧਿਆਪਕਾਂ ’ਚ ਭਾਰੀ ਰੋਸ ਹੈ। ਅਧਿਆਪਕਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜੇ ਸੁਰੱਖਿਆ ਪ੍ਰਬੰਧ ਅਤੇ ਤਿਆਰੀਆਂ ਨਾਲ ਜੁੜੇ ਕੰਮ ਮਾਰਚ ਅਤੇ ਅਪ੍ਰੈਲ ਦੇ ਤਪਦੇ ਮਹੀਨਿਆਂ ’ਚ ਪਹਿਲਾਂ ਹੀ ਹੋ ਜਾਣੇ ਚਾਹੀਦੇ ਸਨ, ਉਨ੍ਹਾਂ ਲਈ ਹੁਣ ਪੱਤਰ ਜਾਰੀ ਕਰ ਕੇ ਜਾਣਕਾਰੀ ਮੰਗੀ ਜਾ ਰਹੀ ਹੈ, ਜਦੋਂ ਮਾਨਸੂਨ ਸਿਰ ’ਤੇ ਆ ਚੁੱਕਾ ਹੈ। ਅਧਿਆਪਕਾਂ ਅਨੁਸਾਰ ਵੱਡੇ ਅਧਿਕਾਰੀ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਦੂਰ ਹਨ ਅਤੇ ਇਹ ਸਭ ਜ਼ਮੀਨੀ ਕੰਮ ਕਰਨ ਦੀ ਬਜਾਏ ਸਿਰਫ ਕਾਗਜ਼ੀ ਖਾਨਾਪੂਰਤੀ ਕਰਨ ’ਚ ਜੁਟੇ ਹੋਏ ਹਨ। ਜੇਕਰ ਇਸ ਲਾਪਰਵਾਹੀ ਕਾਰਨ ਸਕੂਲਾਂ ’ਚ ਕੋਈ ਅਣਸੁਖਾਵੀਂ ਘਟਨਾ ਜਾਂ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ। ਅਫ਼ਸਰ ਸਿਰਫ਼ ਆਪਣੀ ਖੱਲ ਬਚਾਉਣ ਅਤੇ ਜ਼ਿੰਮੇਵਾਰੀ ਤੋਂ ਭੱਜਣ ਲਈ ਐਨ ਮੌਕੇ ’ਤੇ ਅਜਿਹੇ ਫਰਮਾਨ ਸੁਣਾ ਰਹੇ ਹਨ ਤਾਂ ਜੋ ਸਾਰਾ ਦੋਸ਼ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਟਾਫ਼ ਦੇ ਸਿਰ ਮੜ੍ਹਿਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਨੂੰ ਡੀ. ਏ. ਅਤੇ ਏਰੀਅਰ ਕਦੋਂ ਮਿਲੇਗਾ? ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤੀ ਨਵੀਂ ਤਾਰੀਖ਼

ਮਾਰਚ-ਅਪ੍ਰੈਲ ਦੇ ਕੰਮ ਹੁਣ ਸੌਂਪ ਕੇ ਅਧਿਕਾਰੀਆਂ ਨੇ ਝਾੜਿਆ ਪੱਲਾ

ਜ਼ਿਕਰਯੋਗ ਹੈ ਕਿ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ ਸਿੱਖਿਆ), ਪੰਜਾਬ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਬਰਸਾਤ ਦੇ ਮੌਸਮ ’ਚ ਸਕੂਲਾਂ ਦੀਆਂ ਇਮਾਰਤਾਂ ਅਤੇ ਵਿਦਿਆਰਥੀਆਂ ਦੀ ਸਿਹਤ ਸੰਭਾਲ ਸਬੰਧੀ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਨਿਰਦੇਸ਼ਾਂ ’ਚ ਸਾਫ਼ ਲਿਖਿਆ ਹੈ ਕਿ ਸਕੂਲਾਂ ਦੀਆਂ ਛੱਤਾਂ ਅਤੇ ਪਾਣੀ ਦੀਆਂ ਪਾਈਪਾਂ ਦੀ ਸਫ਼ਾਈ ਕਰਵਾਈ ਜਾਵੇ, ਪਾਣੀ ਦੀਆਂ ਟੈਂਕੀਆਂ ਨੂੰ ਸਾਫ਼ ਕੀਤਾ ਜਾਵੇ ਅਤੇ ਸਕੂਲਾਂ ਦੇ ਇੰਫਰਾਸਟ੍ਰਕਚਰ ਜਿਵੇਂ ਲਾਇਬ੍ਰੇਰੀ, ਕਲਾਸਰੂਮ ਤੇ ਲੈਬ ਦੀਆਂ ਤਰੇੜਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ, ਤਾਂ ਜੋ ਕੀੜੇ-ਮਕੌੜੇ ਨਾ ਪੈਦਾ ਹੋ ਸਕਣ। ਅਧਿਆਪਕਾਂ ਦਾ ਤਰਕ ਹੈ ਕਿ ਸਰਕਾਰ ਅਤੇ ਵਿਭਾਗ ਦੇ ਉੱਚ ਅਫ਼ਸਰਾਂ ਨੂੰ ਇਹ ਬੁਨਿਆਦੀ ਗੱਲ ਸਮਝਣੀ ਚਾਹੀਦੀ ਹੈ ਕਿ ਛੱਤਾਂ ਦੀ ਸਫ਼ਾਈ, ਤਰੇੜਾਂ ਭਰਨ ਅਤੇ ਪਾਣੀ ਦੀਆਂ ਟੈਂਕੀਆਂ ਸਾਫ਼ ਕਰਨ ਦਾ ਕੰਮ ਕੜਕਦੀ ਧੁੱਪ ਵਾਲੇ ਮਹੀਨਿਆਂ ਯਾਨੀ ਮਾਰਚ ਅਤੇ ਅਪ੍ਰੈਲ ’ਚ ਸਹੀ ਢੰਗ ਨਾਲ ਹੋ ਸਕਦਾ ਹੈ। ਹੁਣ ਜਦੋਂ ਹਰ ਪਾਸੇ ਮੋਹਲੇਧਾਰ ਮੀਂਹ ਪੈ ਰਿਹਾ ਹੈ, ਉਦੋਂ ਛੱਤਾਂ ’ਤੇ ਚੜ੍ਹ ਕੇ ਮੁਰੰਮਤ ਕਰਵਾਉਣੀ ਅਤੇ ਟੈਂਕੀਆਂ ਸਾਫ਼ ਕਰਵਾਉਣੀਆਂ ਨਾ ਸਿਰਫ਼ ਮੁਸ਼ਕਿਲ ਹਨ, ਸਗੋਂ ਜਾਨਲੇਵਾ ਵੀ ਹਨ। ਵਿਭਾਗ ਨੇ ਸਮਾਂ ਰਹਿੰਦਿਆਂ ਬਜਟ ਅਤੇ ਸਾਧਨ ਜਾਰੀ ਨਹੀਂ ਕੀਤੇ ਅਤੇ ਹੁਣ ਆਪਣੀ ਨਾਕਾਮੀ ਛੁਪਾਉਣ ਲਈ ਸਕੂਲਾਂ ਨੂੰ ਸੂਚੀਆਂ ’ਚ ਉਲਝਾ ਦਿੱਤਾ ਹੈ।

ਐਨ ਮਾਨਸੂਨ ’ਚ ਜਾਣਕਾਰੀ ਦੇਣ ਨਾਲ ਵੀ ਨਹੀਂ ਸੁਧਰਨਗੇ ਹਾਲਾਤ

ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਹੁਣ ਵਿਭਾਗ ਦੇ ਦਬਾਅ ਹੇਠ ਆ ਕੇ ਸਕੂਲਾਂ ਵਲੋਂ ਜਲਦਬਾਜ਼ੀ ’ਚ ਇਹ ਸਾਰੀ ਜਾਣਕਾਰੀ ਦੇ ਵੀ ਦਿੱਤੀ ਜਾਵੇ, ਤਾਂ ਵੀ ਇਸ ਦਾ ਇਸ ਸੀਜ਼ਨ ’ਚ ਕੋਈ ਫ਼ਾਇਦਾ ਨਹੀਂ ਹੋਣ ਵਾਲਾ। ਹੁਣ ਜਦੋਂ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ ਅਤੇ ਸਕੂਲ ਕੰਪਲੈਕਸਾਂ ’ਚ ਪਾਣੀ ਜਮ੍ਹਾਂ ਹੋਣ ਲੱਗਾ ਹੈ, ਉਦੋਂ ਕਾਗਜ਼ਾਂ ’ਤੇ ਕਮੀਆਂ ਗਿਣਾਉਣ ਜਾਂ ਰਿਪੋਰਟਾਂ ਭੇਜਣ ਨਾਲ ਧਰਾਤਲ ’ਤੇ ਸਥਿਤੀਆਂ ਨਹੀਂ ਬਦਲਣਗੀਆਂ। ਮੀਂਹ ਦੇ ਵਿਚਕਾਰ ਨਾ ਤਾਂ ਇਮਾਰਤਾਂ ਦੀ ਮੁਰੰਮਤ ਸੰਭਵ ਹੈ ਅਤੇ ਨਾ ਹੀ ਜਲ-ਥਲ ਦੀ ਸਮੱਸਿਆ ਦਾ ਤੁਰੰਤ ਕੋਈ ਵੱਡਾ ਹੱਲ ਕੱਢਿਆ ਜਾ ਸਕਦਾ ਹੈ। ਅਧਿਆਪਕਾਂ ਅਨੁਸਾਰ ਜਾਣਕਾਰੀ ਇਕੱਠੀ ਕਰਨ ਦਾ ਇਹ ਨਾਟਕ ਸਿਰਫ਼ ਫ਼ਾਈਲਾਂ ਦਾ ਢਿੱਡ ਭਰਨ ਲਈ ਕੀਤਾ ਜਾ ਰਿਹਾ ਹੈ, ਤਾਂ ਜੋ ਵਿਭਾਗ ਇਹ ਦਿਖਾ ਸਕੇ ਕਿ ਉਹ ਕੰਮ ਕਰ ਰਿਹਾ ਹੈ, ਜਦੋਂ ਕਿ ਅਸਲ ’ਚ ਇਸ ਸਮੇਂ ਅਜਿਹੀ ਰਿਪੋਰਟਿੰਗ ਦਾ ਕੋਈ ਵਿਹਾਰਕ ਲਾਭ ਵਿਦਿਆਰਥੀਆਂ ਜਾਂ ਅਧਿਆਪਕਾਂ ਨੂੰ ਨਹੀਂ ਮਿਲਣ ਵਾਲਾ।

ਇਹ ਵੀ ਪੜ੍ਹੋ : ਪੰਜਾਬ : ਮੁਫ਼ਤ ਕਣਕ ਲੈਣ ਵਾਲੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਹਤ, ਰਾਸ਼ਨ ਡਿਪੂਆਂ 'ਤੇ...

ਜ਼ਮੀਨੀ ਹਕੀਕਤ ਤੋਂ ਦੂਰ ਅਫ਼ਸਰਾਂ ਨੇ ਗਰਾਊਂਡ ਸਟਾਫ਼ ’ਤੇ ਮੜ੍ਹੀ ਸਾਰੀ ਜ਼ਿੰਮੇਵਾਰੀ

ਇਸ ਸਰਕਾਰੀ ਪੱਤਰ ’ਚ ਵਿਭਾਗ ਨੇ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਸਕੂਲਾਂ ਦੇ ਗਰਾਊਂਡਾਂ ਅਤੇ ਆਲੇ-ਦੁਅਲੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ, ਬਿਜਲੀ ਦੇ ਉਪਕਰਨ ਸਹੀ ਹਾਲਤ ’ਚ ਰੱਖੇ ਜਾਣ, ਲਟਕਦੀਆਂ ਤੇ ਨੰਗੀਆਂ ਤਾਰਾਂ ਨੂੰ ਠੀਕ ਕੀਤਾ ਜਾਵੇ ਅਤੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਕਰਵਾਈ ਜਾਵੇ। ਇਸ ’ਤੇ ਰੋਸ ਪ੍ਰਗਟ ਕਰਦਿਆਂ ਅਧਿਆਪਕ ਵਰਗ ਨੇ ਕਿਹਾ ਕਿ ਸਰਕਾਰ ਸਿਰਫ਼ ਕਾਗਜ਼ਾਂ ’ਤੇ ਹੁਕਮ ਜਾਰੀ ਕਰਨਾ ਜਾਣਦੀ ਹੈ। ਅਸਲ ’ਚ ਗਰਾਊਂਡ ਲੈਵਲ ’ਤੇ ਨਾ ਤਾਂ ਫੌਗਿੰਗ ਲਈ ਕੋਈ ਗ੍ਰਾਂਟ ਦਿੱਤੀ ਗਈ ਹੈ ਅਤੇ ਨਾ ਹੀ ਲਟਕਦੀਆਂ ਤਾਰਾਂ ਨੂੰ ਠੀਕ ਕਰਨ ਲਈ ਬਿਜਲੀ ਵਿਭਾਗ ਦਾ ਕੋਈ ਸਹਿਯੋਗ ਮਿਲ ਰਿਹਾ ਹੈ। ਸਕੂਲਾਂ ’ਚ ਫਸਟ-ਏਡ ਕਿੱਟ ਉਪਲੱਬਧ ਰੱਖਣ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਕੂਲਾਂ ਨੂੰ ਖ਼ੁਦ ਹੀ ਇਵੇਕੂਏਸ਼ਨ ਪਲਾਨ (ਬਚਾਅ ਯੋਜਨਾ) ਤਿਆਰ ਕਰਨ ਦੇ ਨਿਰਦੇਸ਼ ਦੇ ਕੇ ਅਫ਼ਸਰਾਂ ਨੇ ਸਾਰਾ ਬੋਝ ਅਧਿਆਪਕਾਂ ’ਤੇ ਪਾ ਦਿੱਤਾ ਹੈ। ਅਧਿਆਪਕਾਂ ਦਾ ਦੋਸ਼ ਹੈ ਕਿ ਇਹ ਪੂਰੀ ਕਵਾਇਦ ਸਿਰਫ਼ ਇਸ ਲਈ ਕੀਤੀ ਜਾ ਰਹੀ ਹੈ, ਤਾਂ ਜੋ ਕੱਲ੍ਹ ਨੂੰ ਜੇਕਰ ਮੀਂਹ ਜਾਂ ਸ਼ਾਰਟ ਸਰਕਟ ਨਾਲ ਕੋਈ ਹਾਦਸਾ ਵਾਪਰ ਜਾਵੇ ਤਾਂ ਅਧਿਕਾਰੀ ਇਹ ਪੱਤਰ ਦਿਖਾ ਕੇ ਕਹਿ ਸਕਣ ਕਿ ਅਸੀਂ ਤਾਂ ਪਹਿਲਾਂ ਹੀ ਲਿਖ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News