ਕੁਵੈਤ ਭੇਜਣ ਦਾ ਝਾਂਸਾ ਦੇ ਕੇ ਦਰਜੀ ਤੋਂ ਠੱਗੀ 2.5 ਲੱਖ ਦੀ ਨਕਦੀ
Monday, Oct 29, 2018 - 03:49 PM (IST)

ਲੁਧਿਆਣਾ (ਜ.ਬ.)- ਵਿਦੇਸ਼ ਜਾ ਕੇ ਜਲਦ ਅਮੀਰ ਬਣਨ ਦੇ ਚੱਕਰ ਵਿਚ ਇਕ ਦਰਜੀ ਨੇ ਇਕ ਨੌਸਰਬਾਜ਼ ਨੂੰ 2.5 ਲੱਖ ਦੀ ਨਕਦੀ ਦੇ ਦਿੱਤੀ ਪਰ ਨੌਸਰਬਾਜ਼ ਨੇ ਨਾ ਤਾਂ ਪੀਡ਼ਤ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਨਕਦੀ ਵਾਪਸ ਕੀਤੀ। ਪੀਡ਼ਤ ਨੇ ਕਰਜ਼ਾ ਲੈ ਕੇ ਨੌਸਰਬਾਜ਼ ਨੂੰ ਨਕਦੀ ਦਿੱਤੀ ਸੀ। ਭਾਰੀ ਵਿਆਜ ਭਰ ਕੇ ਪੀਡ਼ਤ ਕਾਫੀ ਤੰਗ ਹੋ ਚੁੱਕਾ ਹੈ, ਜੋ ਕਿ ਹੁਣ ਥਾਣੇ ਦੇ ਚੱਕਰ ਲਾ-ਲਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ। ਪੀਡ਼ਤ ਨੇ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੀਡ਼ਤ ਸ਼੍ਰੀਧਰ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਜ਼ਿਲਾ ਗੋਂਡਾ (ਯੂ.ਪੀ.) ਦਾ ਰਹਿਣ ਵਾਲਾ ਹੈ। ਉਹ ਲੁਧਿਆਣਾ ’ਚ ਇਕ ਫੈਕਟਰੀ ’ਚ ਕਈ ਸਾਲਾਂ ਤੋਂ ਕੋਰਟ ਪੈਂਟ ਅਤੇ ਕੁਡ਼ਤੇ-ਪਜ਼ਾਮੇ ਸਿਲਾਈ ਕਰਦਾ ਹੈ। ਉਸ ਦਾ ਭਰਾ ਕੁਵੈਤ ਵਿਚ ਕੰਮ ਕਰਦਾ ਹੈ। ਇਰਫਾਨ ਨਾਮਕ ਇਕ ਵਿਅਕਤੀ ਨੇ ਉਸ ਨੂੰ ਕੁਵੈਤ ਭੇਜਣ ਬਦਲੇ 2.5 ਲੱਖ ਦੀ ਨਕਦੀ ਮੰਗੀ।
ਸੌਦਾ 2.40 ਲੱਖ ਵਿਚ ਤੈਅ ਹੋਇਆ, ਜਿਸ ਦੇ ਬਾਅਦ ਪੇਸ਼ਗੀ ਤੌਰ ’ਤੇ ਉਸ ਨੇ ਇਰਫਾਨ ਨੂੰ 1.70 ਲੱਖ ਦੀ ਨਕਦੀ ਦਿੱਤੀ। ਇਰਫਾਨ ਨੇ ਉਸ ਨੂੰ ਕੁਵੈਤ ਭੇਜਣ ਦੇ ਝੂਠੇ ਕਾਗਜ਼ਾਤ ਦਿਖਾ ਕੇ ਬਕਾਇਆ 70 ਹਜ਼ਾਰ ਦੀ ਨਕਦੀ ਵੀ ਲੈ ਲਈ। ਉਹ ਪਡ਼੍ਹਿਆ ਲਿਖਿਆ ਨਹੀਂ ਹੈ, ਜਿਸ ਕਾਰਨ ਦੋਸ਼ੀ ਨੇ ਉਸ ਨੂੰ ਠੱਗ ਗਿਆ। ਪੀਡ਼ਤ ਦਾ ਕਹਿਣਾ ਹੈ ਕਿ ਉਹ ਕਾਫੀ ਗਰੀਬ ਹੈ, ਉਸ ਦੇ 3 ਬੱਚੇ ਹਨ। ਤੰਗੀ ਕਾਰਨ ਉਸ ਦੇ ਬੱਚਿਆਂ ਦਾ ਸਕੂਲ ਵੀ ਛੁੱਟ ਗਿਆ ਹੈ। ਉਸ ਦੇ ਪਰਿਵਾਰ ਨੂੰ ਖਾਣ ਲਈ ਵੀ ਲਾਲੇ ਪੈ ਚੁੱਕੇ ਹਨ। ਪੀਡ਼ਤ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।