ਲੁਧਿਆਣਾ ''ਚ 46 ਸਾਲਾ ਵਿਅਕਤੀ ਸ਼ੱਕੀ ਹਾਲਾਤਾਂ ''ਚ ਲਾਪਤਾ, ਪਤਨੀ ਨੇ ਜਤਾਇਆ ਅਗਵਾ ਦਾ ਸ਼ੱਕ
Thursday, Apr 02, 2026 - 07:00 PM (IST)
ਲੁਧਿਆਣਾ (ਤਰੁਣ) : ਘਰ ਤੋਂ ਦਫ਼ਤਰ ਦੇ ਕੰਮ ਲਈ ਨਿਕਲਿਆ ਇੱਕ 46 ਸਾਲਾ ਵਿਅਕਤੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਜਦੋਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਤਾਂ ਲਾਪਤਾ ਵਿਅਕਤੀ ਸਰਬਜੀਤ ਸਿੰਘ ਦੀ ਸਕੂਟੀ ਫਲਾਹੀ ਸਾਹਿਬ ਗੁਰਦੁਆਰੇ ਦੇ ਨੇੜੇ ਮਿਲੀ।
ਦੁੱਗਰੀ ਦੀ ਰਹਿਣ ਵਾਲੀ ਸਰਬਜੀਤ ਦੀ ਪਤਨੀ ਹਰਪ੍ਰੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਉਸ ਨੇ ਦੱਸਿਆ ਕਿ ਸਰਬਜੀਤ ਕਦੇ ਵੀ ਬਿਨਾਂ ਦੱਸੇ ਕਿਤੇ ਨਹੀਂ ਜਾਂਦੇ ਸਨ। ਹਰਪ੍ਰੀਤ ਅਤੇ ਸਰਬਜੀਤ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ।
ਪਤਨੀ ਦਾ ਖਦਸ਼ਾ ਹੈ ਕਿ ਉਸ ਦੇ ਪਤੀ ਨੂੰ ਅਗਵਾ ਕਰਨ ਤੋਂ ਬਾਅਦ ਕਿਸੇ ਸੁੰਨਸਾਨ ਥਾਂ 'ਤੇ ਛੁਪਾ ਕੇ ਰੱਖਿਆ ਗਿਆ ਹੈ। ਫਿਲਹਾਲ ਪੁਲਿਸ ਨੇ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਸਰਬਜੀਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
