ਪੰਜਾਬ: ਘਰ 'ਚ ਵਹੁਟੀ ਤੇ ਬੱਚਿਆਂ ਨੂੰ ਛੱਡ ਕਰਵਾ ਲਈ Love Marriage, ਫ਼ਿਰ ਦੂਜੀ ਪਤਨੀ ਤੋਂ ਦੁਖੀ ਹੋ ਕੇ...

Wednesday, Apr 08, 2026 - 02:55 PM (IST)

ਪੰਜਾਬ: ਘਰ 'ਚ ਵਹੁਟੀ ਤੇ ਬੱਚਿਆਂ ਨੂੰ ਛੱਡ ਕਰਵਾ ਲਈ Love Marriage, ਫ਼ਿਰ ਦੂਜੀ ਪਤਨੀ ਤੋਂ ਦੁਖੀ ਹੋ ਕੇ...

ਲੁਧਿਆਣਾ (ਰਾਜ): ਮਾਇਆਪੁਰੀ ਇਲਾਕੇ ਵਿਚ ਇਕ ਨੌਜਵਾਨ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਮਾਈਲ ਵਜੋਂ ਹੋਈ ਹੈ, ਜਿਸ ਨੇ ਆਪਣੀ ਪਤਨੀ ਨਾਲ ਹੋਈ ਤਕਰਾਰ ਤੋਂ ਬਾਅਦ ਮੌਤ ਨੂੰ ਗਲੇ ਲਗਾ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਤਨੀ ਸਜਦਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸਜਦਾ ਮੁਤਾਬਕ ਕਰੀਬ ਡੇਢ ਸਾਲ ਪਹਿਲਾਂ ਉਸ ਨੇ ਸਮਾਈਲ ਨਾਲ Love Marriage ਕਰਵਾਈ ਸੀ। ਵਿਆਹ ਵੇਲੇ ਸਮਾਈਲ ਨੇ ਖੁਦ ਨੂੰ ਕੁਆਰਾ ਦੱਸਿਆ ਸੀ, ਜਿਸ ਦੇ ਝਾਂਸੇ ਵਿਚ ਆ ਕੇ ਸਜਦਾ ਉਸ ਨਾਲ ਘਰੋਂ ਭੱਜ ਗਈ ਸੀ। ਦੋਵੇਂ ਵੱਖ ਰਹਿਣ ਲੱਗੇ, ਪਰ ਵਿਆਹ ਦੇ ਮਹਿਜ਼ 6 ਮਹੀਨੇ ਬਾਅਦ ਹੀ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਸਜਦਾ ਨੂੰ ਪਤਾ ਲੱਗਿਆ ਕਿ ਸਮਾਈਲ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੀ ਪਹਿਲੀ ਪਤਨੀ ਤੋਂ ਬੱਚੇ ਵੀ ਹਨ। ਇਸ ਝੂਠ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਘਰ ਵਿਚ ਕਲੇਸ਼ ਰਹਿਣ ਲੱਗ ਪਿਆ।

ਇਸ ਤੋਂ ਇਲਾਵਾ ਸਮਾਈਲ ਦੀ ਬੇਰੁਜ਼ਗਾਰੀ ਵੀ ਝਗੜੇ ਦੀ ਮੁੱਖ ਵਜ੍ਹਾ ਸੀ। ਉਹ ਕੋਈ ਪੱਕੀ ਨੌਕਰੀ ਨਹੀਂ ਕਰਦਾ ਸੀ, ਜਿਸ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਸੀ। ਮੰਗਲਵਾਰ ਦੀ ਸ਼ਾਮ ਵੀ ਹਾਲਾਤ ਉਦੋਂ ਵਿਗੜ ਗਏ ਜਦੋਂ ਸਮਾਈਲ ਨੇ ਸ਼ਰਾਬ ਪੀ ਕੇ ਘਰ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪਤੀ ਦੀਆਂ ਕੌੜੀਆਂ ਗੱਲਾਂ ਸੁਣ ਕੇ ਸਜਦਾ ਘਰ ਛੱਡ ਕੇ ਬਾਹਰ ਚਲੀ ਗਈ। ਜਾਂਦੇ-ਜਾਂਦੇ ਸਮਾਈਲ ਨੇ ਸਜਦਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਤੁਰੰਤ ਵਾਪਸ ਨਹੀਂ ਆਈ ਤਾਂ ਉਹ ਖੁਦਕੁਸ਼ੀ ਕਰ ਲਵੇਗਾ।

ਸਜਦਾ ਅਨੁਸਾਰ ਸਮਾਈਲ ਪਹਿਲਾਂ ਵੀ ਕਈ ਵਾਰ ਵਿਵਾਦ ਹੋਣ 'ਤੇ ਖ਼ੁਦਕੁਸ਼ੀ ਦੀ ਧਮਕੀ ਦੇ ਚੁੱਕਾ ਸੀ, ਇਸ ਲਈ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸੋਚਿਆ ਕਿ ਉਹ ਸਿਰਫ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਜਦੋਂ ਉਹ ਸਵੇਰੇ ਵਾਪਸ ਘਰ ਪਰਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਹਮਣੇ ਸਮਾਈਲ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਫ਼ਿਲਹਾਲ ਪੁਲਸ ਜਾਂਚ ਕਰ ਰਹੀ ਹੈ।
 


author

Anmol Tagra

Content Editor

Related News